14.64 ਲੱਖ ਵੋਟਰਾਂ ਦੇ ਗਣਨਾ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਪੂਰੀ, 13 ਅਗਸਤ ਨੂੰ ਪ੍ਰਕਾਸ਼ਿਤ ਹੋਵੇਗੀ ਡਰਾਫਟ ਵੋਟਰ ਸੂਚੀ

Saturday, Aug 08, 2026 - 08:24 AM (IST)

14.64 ਲੱਖ ਵੋਟਰਾਂ ਦੇ ਗਣਨਾ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਪੂਰੀ, 13 ਅਗਸਤ ਨੂੰ ਪ੍ਰਕਾਸ਼ਿਤ ਹੋਵੇਗੀ ਡਰਾਫਟ ਵੋਟਰ ਸੂਚੀ

ਜਲੰਧਰ (ਪੁਨੀਤ) : ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜਲੰਧਰ ਜ਼ਿਲੇ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ. ਆਈ. ਆਰ.) ਤਹਿਤ ਚੱਲੇ ‘ਘਰ-ਘਰ ਗਣਨਾ’ ਗੇੜ ਦਾ ਕੰਮ ਸੌ ਫ਼ੀਸਦੀ ਪੂਰਾ ਕਰ ਲਿਆ ਗਿਆ ਹੈ। ਜ਼ਿਲੇ ਦੇ 1649946 ਵੋਟਰਾਂ ਵਿਚੋਂ 1464949 ਵੋਟਰਾਂ ਵੱਲੋਂ ਆਪਣੇ ਇਨਿਊਮਰੇਸ਼ਨ ਫਾਰਮ ਜਮ੍ਹਾ ਕਰਵਾਏ ਗਏ ਹਨ। ਹੁਣ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ, ਜਿਸ ਤੋਂ ਬਾਅਦ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਦਰਜ ਕਰਵਾਏ ਜਾ ਸਕਣਗੇ।

ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਜ਼ਿਲੇ ਵਿਚ ਦਰਜ ਕੁੱਲ 1649946 ਵੋਟਰਾਂ ਨੂੰ ਬੂਥ ਲੈਵਲ ਅਫ਼ਸਰਾਂ ਵੱਲੋਂ ਘਰ-ਘਰ ਜਾ ਕੇ ਇਨਿਊਮਰੇਸ਼ਨ ਫਾਰਮ ਵੰਡੇ ਗਏ ਸਨ। ਇਨ੍ਹਾਂ ਵਿਚੋਂ 1464949 ਵੋਟਰਾਂ ਨੇ ਆਪਣੇ ਫਾਰਮ ਜਮ੍ਹਾ ਕਰਵਾਏ, ਜਦਕਿ 184997 ਵੋਟਰਾਂ ਦੇ ਫਾਰਮ ਪ੍ਰਾਪਤ ਨਹੀਂ ਹੋਏ। ਤਸਦੀਕ ਦੌਰਾਨ ਇਨ੍ਹਾਂ ਵੋਟਰਾਂ ਵਿਚ 50520 ਮ੍ਰਿਤਕ, 94356 ਹੋਰ ਥਾਵਾਂ ’ਤੇ ਤਬਦੀਲ ਹੋਏ, 8961 ਡੁਪਲੀਕੇਟ ਐਂਟਰੀਆਂ, 30157 ਗੈਰ-ਹਾਜ਼ਰ ਜਾਂ ਅਨਟ੍ਰੇਸੇਬਲ ਅਤੇ 1003 ਵੋਟਰ ਹੋਰ ਕਾਰਨਾਂ ਵਾਲੀਆਂ ਸ਼੍ਰੇਣੀਆਂ ਵਿਚ ਪਾਏ ਗਏ। ਉਨ੍ਹਾਂ ਦੱਸਿਆ ਕਿ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਹੋਣ ਤੋਂ ਬਾਅਦ ਜ਼ਿਲੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਜਿਹੜੇ ਵੋਟਰਾਂ ਨੇ ਕਿਸੇ ਕਾਰਨ ਇਨਿਊਮਰੇਸ਼ਨ ਫਾਰਮ ਜਮ੍ਹਾ ਨਹੀਂ ਕਰਵਾਇਆ, ਉਹ 13 ਅਗਸਤ ਤੋਂ 12 ਸਤੰਬਰ ਤੱਕ ਫਾਰਮ ਨੰਬਰ-6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਇਸ ਦੇ ਨਾਲ ਸੰਬੰਧਤ ਨਾਗਰਿਕ ਨੂੰ ਐਲਾਨਨਾਮਾ (ਘੋਸ਼ਣਾ ਪੱਤਰ) ਵੀ ਦੇਣਾ ਹੋਵੇਗਾ।

ਇਹ ਵੀ ਪੜ੍ਹੋ: ਘਰ ਦੇ ਬਾਹਰ ਖੜ੍ਹੀ ਵਰਨਾ ਕਾਰ ਨੂੰ ਬਦਮਾਸ਼ਾਂ ਨੇ ਲਗਾਈ ਅੱਗ, CCTV 'ਚ ਕੈਦ ਹੋਈ ਵਾਰਦਾਤ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਟਿਸ ਗੇੜ ਅਤੇ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕਿਰਿਆ 8 ਅਕਤੂਬਰ ਤੱਕ ਪੂਰੀ ਕੀਤੀ ਜਾਵੇਗੀ, ਜਦਕਿ 12 ਅਕਤੂਬਰ ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਯੋਗ ਵੋਟਰ ਦਾ ਨਾਂ ਬਿਨਾਂ ਕਾਨੂੰਨੀ ਪ੍ਰਕਿਰਿਆ ਅਪਣਾਏ ਵੋਟਰ ਸੂਚੀ ਵਿਚੋਂ ਨਹੀਂ ਹਟਾਇਆ ਜਾਵੇਗਾ। ਹਰੇਕ ਮਾਮਲੇ ਦੀ ਵੱਖ-ਵੱਖ ਜਾਂਚ ਕੀਤੀ ਜਾਵੇਗੀ ਅਤੇ ਸੰਬੰਧਤ ਵਿਅਕਤੀ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਰਾਫਟ ਵੋਟਰ ਸੂਚੀ ਵਿਚ 146551 ਵੋਟਰ ਅਜਿਹੇ ਹਨ, ਜਿਨ੍ਹਾਂ ਦੀ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਨਹੀਂ ਹੋਈ ਹੈ, ਜਦਕਿ 202187 ਵੋਟਰ ਐਨਾਮਲੀ ਸ਼੍ਰੇਣੀ ਯਾਨੀ ਲਾਜੀਕਲ ਡਿਸਕ੍ਰੇਪੈਂਸੀ ਵਿਚ ਹਨ। ਅਜਿਹੇ ਵੋਟਰਾਂ ਨੂੰ ਚੋਣ ਕਮਿਸ਼ਨ ਦੇ ਸਾਫ਼ਟਵੇਅਰ ਰਾਹੀਂ ਆਟੋ ਜਨਰੇਟ ਨੋਟਿਸ ਬੂਥ ਲੈਵਲ ਅਫ਼ਸਰਾਂ ਵੱਲੋਂ ਦਿੱਤੇ ਜਾਣਗੇ। ਨੋਟਿਸ ਵੋਟਰ ਖ਼ੁਦ ਜਾਂ ਉਸ ਦਾ ਕੋਈ ਬਾਲਗ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਪ੍ਰਾਪਤ ਕਰ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਐੱਸ. ਆਈ. ਆਰ. ਦੇ ‘ਘਰ-ਘਰ ਗਣਨਾ’ ਗੇੜ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਵਿਚ ਬੂਥ ਲੈਵਲ ਅਫ਼ਸਰਾਂ ਅਤੇ ਸਿਆਸੀ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ, ਬੂਥ ਲੈਵਲ ਏਜੰਟਾਂ ਅਤੇ ਆਮ ਨਾਗਰਿਕਾਂ ਤੋਂ ਅੱਗੇ ਵੀ ਐੱਸ. ਆਈ. ਆਰ. ਪ੍ਰਕਿਰਿਆ ਵਿਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਮਨਿੰਦਰ ਕੌਰ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News