ਹਦਾਇਤਾਂ ਮੁਤਾਬਕ ਹੀ ਸਿਆਸੀ ਪਾਰਟੀਆਂ ਵੀਡਿਓ ਡਿਜੀਟਲ ਵੈਨਾਂ ਰਾਹੀਂ ਪ੍ਰਚਾਰ ਕਰਨ : ਜ਼ਿਲ੍ਹਾ ਚੋਣ ਅਫ਼ਸਰ

Sunday, Jan 30, 2022 - 09:52 AM (IST)

ਹਦਾਇਤਾਂ ਮੁਤਾਬਕ ਹੀ ਸਿਆਸੀ ਪਾਰਟੀਆਂ ਵੀਡਿਓ ਡਿਜੀਟਲ ਵੈਨਾਂ ਰਾਹੀਂ ਪ੍ਰਚਾਰ ਕਰਨ : ਜ਼ਿਲ੍ਹਾ ਚੋਣ ਅਫ਼ਸਰ

ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ, ਸਿੰਗਲਾ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਤਹਿਤ ਹੀ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਵੀਡਿਓ ਡਿਜੀਟਲ ਵੈਨਾਂ ਰਾਹੀਂ ਪ੍ਰਚਾਰ ਕਰਨ, ਜਿਸ ਦੀ ਪ੍ਰਵਾਨਗੀ ਰਾਜ ਪੱਧਰ ’ਤੇ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਚੋਣ ਅਫ਼ਸਰ ਤੋਂ ਲਾਜ਼ਮੀ ਤੌਰ ’ਤੇ ਲੈਣ। ਉਨ੍ਹਾਂ ਕਿਹਾ ਕਿ ਕੋਵਿਡ ਪਾਬੰਦੀਆਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਵੀਡਿਓ ਜਾਂ ਡਿਜੀਟਲ ਵੈਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਲਈ ਇਹ ਲਾਜ਼ਮੀ ਹੈ ਕਿ ਕੋਈ ਵੀ ਸਿਆਸੀਪਾਰਟੀ ਅਤੇ ਉਮੀਦਵਾਰ ਬਿਨਾਂ ਅਗੇਤੀ ਪ੍ਰਵਾਨਗੀ (ਪ੍ਰੀ ਸਰਟੀਫਿਕੇਸ਼ਨ) ਤੋਂ ਪ੍ਰਚਾਰ ਲਈ ਵੈਨਾਂ ਦੀ ਵਰਤੋਂ ਨਾ ਕਰਨ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਜੇਕਰ ਕਿਸੇ ਵੱਲੋਂ ਆਦਰਸ਼ ਚੋਣ ਜ਼ਾਬਤੇ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਕਿਸੇ ਵੈਨ ਨੂੰ ਡਿਜੀਟਲ ਵੈਨ ਚੋਣ ਪ੍ਰਚਾਰ ਵੱਜੋਂ ਵਰਤੋਂ ’ਚ ਲਿਆਂਦਾ ਜਾਂਦਾ ਹੈ ਤਾਂ ਉਸ ਵੈਨ ਦੇ ਮਾਲਕ ਨੂੰ ਮੋਟਰ ਵ੍ਹੀਕਲ ਐਕਟ ਤਹਿਤ ਸਬੰਧਿਤ ਟ੍ਰਾਂਸਪੋਰਟ ਨੋਡਲ ਅਫ਼ਸਰ ਤੋਂ ਸਰਟੀਫ਼ਿਕੇਟ ਲੈਣਾ ਲਾਜ਼ਮੀ ਹੋਵੇਗਾ। ਵੀਡਿਓ ਵੈਨ ਪ੍ਰਚਾਰ ਕਰਨ ਤੋਂ ਪਹਿਲਾਂ ਰਾਜ ਪੱਧਰੀ/ਜ਼ਿਲ੍ਹਾ ਪੱਧਰੀ ਐਮ. ਸੀ. ਐੱਮ. ਸੀ. ਤੋਂ ਪ੍ਰੀ ਸਰਟੀਫਿਕੇਸ਼ਨ ਵੀ ਲਾਜ਼ਮੀ ਹੈ।

ਜੇਕਰ ਸਿਆਸੀ ਪਾਰਟੀਆਂ ਇਨ੍ਹਾਂ ਵੀਡਿਓ ਵੈਨਾਂ ਦੀ ਵਰਤੋਂ ਆਪਣੇ ਪ੍ਰੋਗਰਾਮ ਅਤੇ ਨੀਤੀਆਂ ਦਾ ਪ੍ਰਚਾਰ ਕਰ ਕੇ ਵੋਟਾਂ ਮੰਗਣ ਲਈ ਵਰਤੋਂ ਕਰਦੀ ਹੈ, ਇਸ ਦਾ ਖ਼ਰਚਾ ਪਾਰਟੀ ਦੇ ਖਾਤੇ ਵਿੱਚ ਪਾਇਆ ਜਾਵੇਗਾ, ਜਿਸ ਨੂੰ ਭਾਰਤੀ ਚੋਣ ਕਮਿਸ਼ਨ ਨੂੰ ਚੋਣਾਂ ਉਪਰੰਤ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਚਾਰ ਲਈ ਵਰਤੀਆਂ ਜਾਣ ਵਾਲੀਆਂ ਇਨ੍ਹਾਂ ਵੈਨਾਂ ਦੇ ਰੂਟ ਬਾਰੇ ਵੀ ਸਥਾਨਕ ਪ੍ਰਸ਼ਾਸਨ ਤੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਸੂਚਨਾ ਦੇਣਾ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਇਹ ਵੀਡਿਓ ਵੈਨਾਂ ਸਵੇਰੇ 8 ਤੋਂ ਲੈ ਕੇ ਰਾਤ 8 ਵਜੇ ਤੱਕ ਹੀ ਪ੍ਰਚਾਰ ਕਰ ਸਕਦੀਆਂ ਹਨ ਅਤੇ ਇਹ ਵੈਨਾਂ ਕਿਸੇ ਵੀ ਰੈਲੀਆਂ ਅਤੇ ਰੋਡ ਸ਼ੋਅ ਲਈ ਨਹੀਂ ਵਰਤੀਆਂ ਜਾ ਸਕਦੀਆਂ।

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਵੱਧਦੇ ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਨ੍ਹਾਂ ਸਾਰਿਆਂ ਵੱਲੋਂ ਪ੍ਰਚਾਰ ਕਰਦੇ ਹੋਏ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਨਣਾ ਆਦਿ ਸਿਹਤ ਸਾਵਧਾਨੀਆਂ ਦੀ ਪਾਲਣਾ ਯਕੀਨੀ ਕੀਤੀ ਜਾਵੇ।
 


author

Babita

Content Editor

Related News