ਡਿਜੀਟਲ ਹੋਇਆ ਨਿਗਮ, ਹੁਣ ਘਰ ਬੈਠਿਆਂ ਹੀ ਦਿਓ ਪਾਣੀ ਦੇ ਬਿੱਲ
Sunday, Feb 25, 2018 - 07:54 AM (IST)
ਜਲੰਧਰ, (ਖੁਰਾਣਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਜੀਟਲ ਇੰਡੀਆ ਮੁਹਿੰਮ ਤੇ ਪੰਜਾਬ ਸਰਕਾਰ ਦੇ ਈ-ਗਵਰਨੈਂਸ ਪ੍ਰੋਗਰਾਮ ਵੱਲ ਕਦਮ ਵਧਾਉਂਦਿਆਂ ਜਲੰਧਰ ਨਗਰ ਨਿਗਮ ਸੂਬੇ ਦਾ ਪਹਿਲਾ ਅਜਿਹਾ ਨਿਗਮ ਬਣ ਗਿਆ, ਜਿਸ ਨੇ ਆਪਣੇ ਕਰਮਚਾਰੀਆਂ ਨੂੰ ਡੋਰ-ਟੂ-ਡੋਰ ਪੇਮੈਂਟ ਲੈਣ ਲਈ ਛੋਟੀਆਂ ਮਸ਼ੀਨਾਂ ਦੇ ਕੇ ਫੀਲਡ ਵਿਚ ਭੇਜਿਆ ਹੈ, ਜਿਨ੍ਹਾਂ ਰਾਹੀਂ ਲੋਕ ਹੁਣ ਪਾਣੀ ਤੇ ਸੀਵਰੇਜ ਦੇ ਬਿੱਲ ਘਰ ਬੈਠਿਆਂ ਹੀ ਦੇ ਸਕਣਗੇ।
ਮੇਅਰ ਜਗਦੀਸ਼ ਰਾਜ ਰਾਜਾ, ਡਿਪਟੀ ਮੇਅਰ ਹਰਸਿਮਰਨਜੀਤ ਬੰਟੀ, ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਤੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਅੱਜ ਇਸ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ। ਨਿਗਮ ਨੇ ਫਿਲਹਾਲ ਵਾਟਰ ਸਪਲਾਈ ਵਿਭਾਗ ਵਿਚ ਇਸ ਪ੍ਰਾਜੈਕਟ ਨੂੰ ਲਾਗੂ ਕੀਤਾ ਹੈ ਤੇ ਹੌਲੀ-ਹੌਲੀ ਸਾਰੇ ਵਿਭਾਗਾਂ ਵਿਚ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਨ੍ਹਾਂ ਮਸ਼ੀਨਾਂ ਰਾਹੀਂ ਲੋਕ ਕੈਸ਼, ਚੈੱਕ, ਡੈਬਿਟ ਤੇ ਕ੍ਰੈਡਿਟ ਕਾਰਡ ਦੇ ਜ਼ਰੀਏ ਪੇਮੈਂਟ ਕਰ ਸਕਣਗੇ, ਜੋ ਉਸੇ ਵੇਲੇ ਆਨਲਾਈਨ ਨਿਗਮ ਖਾਤੇ ਵਿਚ ਜਮ੍ਹਾ ਹੋ ਜਾਵੇਗੀ ਤੇ ਗਾਹਕ ਨੂੰ ਉਸੇ ਵੇਲੇ ਰਸੀਦ ਤੇ ਖਾਤੇ ਦੀ ਜਾਣਕਾਰੀ ਮਿਲ ਜਾਵੇਗੀ। ਨਿਗਮ ਅਧਕਾਰੀਆਂ ਨੂੰ ਵੀ ਉਗਰਾਹੀ ਦਾ ਪੂਰਾ-ਪੂਰਾ ਰਿਕਾਰਡ ਨਾਲ-ਨਾਲ ਪਤਾ ਲੱਗਦਾ ਰਹੇਗਾ, ਜਿਸ ਨਾਲ ਭ੍ਰਿਸ਼ਟਾਚਾਰ ਵਿਚ ਵੀ ਕਮੀ ਆਵੇਗੀ।
ਆਈ. ਸੀ. ਆਈ. ਸੀ. ਆਈ. ਬੈਂਕ ਨਾਲ ਹੋਇਆ ਕਰਾਰ
ਨਿਗਮ ਨੇ ਇਸਦੇ ਲਈ ਆਈ. ਸੀ. ਆਈ. ਸੀ. ਆਈ. ਬੈਂਕ ਨਾਲ ਕਰਾਰ ਕੀਤਾ ਹੈ, ਜਿਸ ਦੇ ਬ੍ਰਾਂਚ ਮੈਨੇਜਰ ਮਨੋਜ ਚੰਦਰ ਤੇ ਸੀਨੀਅਰ ਮੈਨੇਜਰ ਅਨੁਜ ਪਾਲ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਬੈਂਕ ਨੇ ਇਸ ਪੇਮੈਂਟ 'ਤੇ ਟਰਾਂਜ਼ੈਕਸ਼ਨ ਚਾਰਜ ਪੂਰੀ ਤਰ੍ਹਾਂ ਮੁਕਤ ਰੱਖੇ ਹਨ ਅਤੇ ਸਾਫਟਵੇਅਰ ਵਿਚ ਹੋਏ ਬਦਲਾਅ ਲਈ ਕੁਝ ਵੀ ਚਾਰਜ ਨਹੀਂ ਕੀਤਾ ਗਿਆ। ਫਿਲਹਾਲ ਅਜਿਹੀਆਂ 10 ਮਸ਼ੀਨਾਂ ਨਿਗਮ ਨੂੰ ਦਿੱਤੀਆਂ ਗਈਆਂ ਹਨ।
6 ਦਿਨ ਚੱਲਿਆ ਟਰਾਇਲ
ਨਗਰ ਨਿਗਮ ਦੇ ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਜਿਨ੍ਹਾਂ ਨੇ ਇਸ ਸਹੂਲਤ ਨੂੰ ਲਾਗੂ ਕਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ, ਨੇ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ 6 ਦਿਨ ਟਰਾਇਲ ਕੀਤਾ। ਇਸ ਟਰਾਇਲ ਪੀਰੀਅਡ ਦੌਰਾਨ 200 ਰਸੀਦਾਂ ਕੱਟੀਆਂ ਗਈਆਂ, ਜਿਨ੍ਹਾਂ ਰਾਹੀਂ ਨਿਗਮ ਨੂੰ 5 ਲੱਖ ਰੁਪਏ ਪ੍ਰਾਪਤ ਹੋਏ।