ਕੁੱਤੇ ਨੇ ਕੱਟਿਆ ਤਾਂ ਨਹੀਂ ਕਰਵਾਇਆ ਇਲਾਜ, ਹੁਣ ਲੋਕਾਂ ਨੂੰ ਲੱਗਾ ਕੱਟਣ

Sunday, Feb 16, 2020 - 02:03 AM (IST)

ਕੁੱਤੇ ਨੇ ਕੱਟਿਆ ਤਾਂ ਨਹੀਂ ਕਰਵਾਇਆ ਇਲਾਜ, ਹੁਣ ਲੋਕਾਂ ਨੂੰ ਲੱਗਾ ਕੱਟਣ

ਜਲੰਧਰ, (ਸ਼ੋਰੀ)— ਕੁੱਤੇ ਦੇ ਕੱਟਣ ਤੋਂ ਬਾਅਦ ਇਕ ਵਿਅਕਤੀ ਨੇ ਠੀਕ ਤਰੀਕੇ ਨਾਲ ਇਲਾਜ ਨਹੀਂ ਕਰਵਾਇਆ ਤਾਂ ਉਹ ਰੈਬੀਜ਼ ਦਾ ਸ਼ਿਕਾਰ ਹੋ ਗਿਆ। ਨੌਜਵਾਨ ਨੂੰ ਉਸ ਦੇ ਪਰਿਵਾਰ ਵਾਲੇ ਸਿਵਲ ਹਸਪਤਾਲ ਇਲਾਜ ਲਈ ਲਿਆਏ ਤਾਂ ਐਮਰਜੈਂਸੀ ਵਾਰਡ 'ਚ ਇਲਾਜ ਦੌਰਾਨ ਨੌਜਵਾਨ ਹਲਕਾਅ ਗਿਆ ਤੇ ਜਾਨਵਰਾਂ ਵਰਗੀਆਂ ਹਰਕਤਾਂ ਕਰਨ ਲੱਗਾ। ਨੌਜਵਾਨ ਨੇ ਐਮਰਜੈਂਸੀ ਵਾਰਡ 'ਚ ਆਪਣੀ ਮਾਂ ਅਤੇ ਪਰਿਵਾਰ ਵਾਲਿਆਂ ਨੂੰ ਦੰਦਾਂ ਨਾਲ ਕੱਟਿਆ।
ਇੰਨਾ ਹੀ ਨਹੀਂ ਉਹ ਵਾਰਡ 'ਚ ਬਾਕੀ ਲੋਕਾਂ ਦੇ ਪਿੱਛੇ ਉਨ੍ਹਾਂ ਨੂੰ ਕੱਟਣ ਲਈ ਭੱਜਣ ਲੱਗਾ, ਲੋਕ ਐਮਰਜੈਂਸੀ ਵਾਰਡ ਤੋਂ ਬਾਹਰ ਭੱਜਣ ਲੱਗੇ। ਆਖ਼ਿਰਕਾਰ ਉਸ ਦੇ ਪਰਿਵਾਰ ਵਾਲਿਆਂ ਨੇ ਬਹੁਤ ਮੁਸ਼ਕਲ ਨਾਲ ਉਸ ਨੂੰ ਕੱਪੜਿਆਂ ਨਾਲ ਸਟਰੇਚਰ ਨਾਲ ਬੰਨ੍ਹਿਆ।

ਜਾਣਕਾਰੀ ਮੁਤਾਬਕ 22 ਸਾਲ ਦਾ ਵਿੱਕੀ ਪੁੱਤਰ ਜ਼ੋਰਾ ਰਾਮ ਵਾਸੀ ਲੱਕੜ ਮੰਡੀ ਬਟਾਲਾ ਨੂੰ ਕੁਝ ਸਾਲ ਪਹਿਲਾਂ ਕਿਸੇ ਆਵਾਰਾ ਕੁੱਤੇ ਨੇ ਕੱਟ ਲਿਆ ਸੀ। ਵਿੱਕੀ ਨੇ ਸਮੇਂ 'ਤੇ ਇਲਾਜ ਨਹੀਂ ਕਰਵਾਇਆ। ਕੁਝ ਦਿਨ ਪਹਿਲਾਂ ਉਹ ਪਾਗਲਾਂ ਵਰਗੀਆਂ ਹਰਕਤਾਂ ਕਰਨ ਲੱਗਾ ਅਤੇ ਪਾਣੀ ਤੋਂ ਡਰਨ ਲੱਗਾ। ਘਰ ਵਾਲਿਆਂ ਨੇ ਸੋਚਿਆ ਕਿ ਉਸ 'ਤੇ ਕਿਸੇ ਨੇ ਜਾਦੂ-ਟੂਣਾ ਕਰ ਦਿੱਤਾ ਹੈ ਅਤੇ ਪਰਿਵਾਰ ਵਾਲੇ ਉਸ ਦਾ ਝਾੜ-ਫੂਕ ਕਰਵਾਉਣ ਲੱਗੇ।
ਵਿੱਕੀ ਸਿਹਤ 'ਚ ਸੁਧਾਰ ਦੀ ਬਜਾਏ ਹੋਰ ਬੀਮਾਰ ਹੋਣ ਲੱਗਾ। ਪਰਿਵਾਰ ਵਾਲਿਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਬਟਾਲਾ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਚੈੱਕਅਪ ਕਰਨ ਤੋਂ ਬਾਅਦ ਦੱਸਿਆ ਕਿ ਵਿੱਕੀ ਰੈਬੀਜ਼ ਦਾ ਸ਼ਿਕਾਰ ਹੋ ਗਿਆ ਹੈ। ਪਰਿਵਾਰ ਵਾਲੇ ਵਿੱਕੀ ਨੂੰ ਸਿਵਲ ਹਸਪਤਾਲ ਜਲੰਧਰ ਲੈ ਕੇ ਪਹੁੰਚੇ, ਜਿੱਥੇ ਨੌਜਵਾਨ ਨੇ ਆਪਣੀ ਮਾਂ ਗੱਗੀ ਅਤੇ ਮਾਸੜ ਵਿਕਾਸ ਨੂੰ ਵੀ ਦੰਦਾਂ ਨਾਲ ਕੱਟ ਦਿੱਤਾ। ਡਿਊਟੀ 'ਤੇ ਤਾਇਨਾਤ ਡਾ. ਕਾਮਰਾਜ ਨੇ ਨੌਜਵਾਨ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਲਿਜਾਣ ਨੂੰ ਕਿਹਾ ਅਤੇ ਬਹੁਤ ਮੁਸ਼ਕਲ ਨਾਲ ਪਰਿਵਾਰ ਵਾਲੇ ਉਸ ਨੂੰ ਅੰਮ੍ਰਿਤਸਰ ਲੈ ਕੇ ਗਏ।

ਰਹੋ ਸਾਵਧਾਨ, ਨਾ ਕਰੋ ਇਹ ਕੰਮ : ਡਾ. ਐੱਲਫ੍ਰੈਡ
ਸਿਵਲ ਹਸਪਤਾਲ 'ਚ ਤਾਇਨਾਤ ਡਾ. ਐੱਲਫ੍ਰੈਡ ਮੁਤਾਬਕ ਜੇਕਰ ਤੁਹਾਨੂੰ ਕੁੱਤਾ ਕੱਟ ਲਏ ਤਾਂ ਦੇਸੀ ਨੁਸਖਿਆਂ ਜਾਂ ਝਾੜ ਫੂਕ 'ਚ ਨਾ ਪਵੋ। ਕੁੱਤੇ ਦੇ ਕੱਟਣ ਦੇ ਸ਼ਿਕਾਰ ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਜਾ ਕੇ ਫ੍ਰੀ 'ਚ ਲੱਗਣ ਵਾਲੇ ਐਂਟੀ ਰੈਬੀਜ਼ ਦਾ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਡਾ. ਐੱਲਫ੍ਰੈਡ ਨੇ ਕਿਹਾ ਕਿ ਜੇਕਰ ਕੁੱਤੇ ਦੇ ਕੱਟਣ ਤੋਂ ਬਾਅਦ ਮਰੀਜ਼ ਟੀਕਾ ਨਾ ਲਗਵਾਏ ਤਾਂ ਉਹ ਹਲਕਾਅ ਜਾਂਦਾ ਹੈ ਅਤੇ ਉਹ ਪਾਣੀ ਤੋਂ ਡਰਦਾ, ਪੱਖੇ ਦੀ ਹਵਾ ਤੋਂ ਵੀ ਡਰਦਾ ਹੈ ਅਜਿਹੇ ਲੋਕ ਜਿਨ੍ਹਾਂ ਲੋਕਾਂ ਨੂੰ ਕੁੱਤਾ ਕੱਟ ਲਵੇ ਤਾਂ ਉਹ ਵੀ ਐਂਟੀ ਰੈਬੀਜ਼ ਦਾ ਟੀਕਾ ਸਮੇਂ 'ਤੇ ਜ਼ਰੂਰ ਲਗਵਾਉਣ।


author

KamalJeet Singh

Content Editor

Related News