ਕੋਰੋਨਾ ਦੇ ਦਿਨਾਂ ਦੀ ਮੇਰੀ ਡਾਇਰੀ : ਅੰਬਰੀਸ਼

Thursday, Apr 23, 2020 - 01:22 PM (IST)

ਕੋਰੋਨਾ ਦੇ ਦਿਨਾਂ ਦੀ ਡਾਇਰੀ : ਅੰਬਰੀਸ਼

ਮਨੁੱਖੀ ਹੱਥ

ਇਨ੍ਹਾਂ ਦਿਨਾਂ ’ਚ ਵਾਰ-ਵਾਰ ਹੱਥ ਧੋਣ ਕਾਰਨ, ਹੱਥਾਂ ਦੀ ਚਮੜੀ ਬਹੁਤ ਖੁਰਦਰੀ ਹੋ ਗਈ, ਉਸ ’ਚ ਬਰੀਕ ਵੱਢ ਪੈ ਗਏ ਤੇ ਪੋਟੇ ਦੁਖਣ ਲੱਗੇ ਨੇ। ਪਤਾ ਨਹੀਂ ਲੱਗਦਾ ਕਿ ਦਿਨ ’ਚ ਕਿੰਨੀ ਕੁ ਵਾਰ ਹੱਥ ਧੋਣ ਨਾਲ ਇਸ ਮਹਾਮਾਰੀ ਤੋਂ ਬਚ ਜਾਵਾਂਗੇ। ਦਿਨ ਭਰ ’ਚ ਓਨਾ ਪਾਣੀ ਨਹਾਉਣ ’ਚ ਨਹੀਂ ਵਰਤਿਆ ਜਾਂਦਾ, ਜਿੰਨਾ ਹੱਥ ਧੋਣ ’ਚ। ਆਪਣੇ ਹੀ ਹੱਥ ਸਾਡੇ ਸਭ ਤੋਂ ਵੱਡੇ ਦੁਸ਼ਮਨ ਅਤੇ ਅਪਰਾਧੀ ਬਣ ਗਏ ਨੇ। ਫਿਰ ਵੀ, ਅੱਜ ਹੱਥ ਧੋਂਦਿਆਂ ਅਚਾਨਕ ਇਹ ਵਿਚਾਰ ਹਨੇਰੀ ਰਾਤ ’ਚ ਇਕ ਪਲ ਲਈ ਸਭ ਕੁਝ ਜਗਮਗ ਕਰਦੀ ਅਸਮਾਨੀ ਬਿਜਲੀ ਜਿਉਂ ਲਿਸ਼ਕਿਆ: ਮਨੁੱਖ ਦੇ ਹੱਥ ਕਿੱਡਾ ਵੱਡਾ ਕ੍ਰਿਸ਼ਮਾ ਨੇ।

ਦੁਨੀਆ ’ਚ ਸਿਰਫ ਮਨੁੱਖ ਹੀ ਇੱਕੋ-ਇਕ ਜੀਵ ਹੈ, ਜਿਸ ਕੋਲ ਹੱਥ ਹਨ। ਉੱਚੀਆਂ ਬਨਮਾਨਸ ਪ੍ਰਜਾਤੀਆਂ ਜਿਵੇਂ ਕਿ chimpanzee ਤੇ orang-outang ਤੇ gorilla ਆਪਣੇ ਅਗਲੇ ਪੰਜਿਆਂ ਨੂੰ ਹੱਥਾਂ ਦੀ ਤਰ੍ਹਾਂ ਵਰਤਦੀਆਂ, ਜੰਗਲ ’ਚ ਕੁਦਰਤੀ ਮਿਲਣ ਵਾਲੇ ਮੋਟੇ-ਠੁੱਲ੍ਹੇ ਸੰਦ ਵੀ ਵਰਤ ਲੈਂਦੀਆਂ ਹਨ। ਉਨ੍ਹਾਂ ਨੂੰ ਸਹੀ ਮਾਇਨਿਆਂ ਚ "ਹੱਥ" ਨਹੀਂ ਕਿਹਾ ਜਾ ਸਕਦਾ। ਉਹ ਸੰਦ ਨਹੀਂ ਬਣਾ ਸਕਦੀਆਂ।

ਮਨੁੱਖੀ ਹੱਥ ਦੀ ਕਾਰਜ-ਕੁਸ਼ਲਤਾ, ਨਿਪੁੰਨਤਾ, ਲਚਕੀਲੇਪਨ ਤੇ ਸਰਬਾਂਗੀ ਮੁਹਾਰਤ 'ਤੇ ਜ਼ਰਾ ਧਿਆਨ ਧਰੋ। ਖਾਸ ਕਰਕੇ ਅੰਗੂਠੇ 'ਤੇ। ਸਿਰਫ ਮਨੁੱਖ ਹੀ ਅੰਗੂਠੇ ਨੂੰ ਆਪਣੀਆਂ ਸਾਰੀਆਂ ਉਂਗਲਾਂ ਦੇ ਪੋਟਿਆਂ ਨਾਲ ਛੁਹਾ ਸਕਦਾ ਹੈ। ਅੰਗੂਠੇ ਤੋਂ ਬਿਨਾਂ ਹੱਥ ਦਾ ਕਿਆਸ ਕਰ ਕੇ ਵੇਖੋ। ਐਂਵੇਂ ਤਾਂ ਨਹੀਂ ਇਕ ਰਿਸ਼ੀ ਗੁਰੂ ਨੇ ਆਪਣੇ ਇਕ ਚੇਲੇ ਤੋਂ ਗੁਰੂ-ਦੱਖਣਾ ’ਚ ਉਸ ਦਾ ਸਿਰਫ ਅੰਗੂਠਾ ਮੰਗਿਆ ਸੀ! ਸਾਡੇ ਦਿਮਾਗ ਦਾ ਖਾਸਾ ਵੱਡਾ ਹਿੱਸਾ ਹੱਥ, ਤੇ ਖਾਸ ਕਰਕੇ ਅੰਗੂਠੇ ਨੇ ਮੱਲਿਆ ਹੋਇਆ ਹੈ, ਜਿੱਥੋਂ ਇਨ੍ਹਾਂ ਦਾ ਸੰਚਾਲਨ ਹੁੰਦਾ ਹੈ। ਪਹਿਲਾਂ ਹੱਥ ਦਾ ਵਿਕਾਸ ਹੋਇਆ ਹੋਏਗਾ ਕਿ ਉਹਦੇ ਸੰਚਾਲਨ ਦਾ? ਮੇਰੀ ਜਾਚੇ ਪਹਿਲਾਂ ਹੱਥ ਦਾ, ਦਿਮਾਗ ’ਚ ਉਹ ਨੂੰ ਕੰਟਰੋਲ ਕਰਨ ਵਾਲੇ ਸੈਂਟਰ ਦਾ ਬਾਅਦ ’ਚ।

ਮਨੁੱਖੀ ਕ੍ਰਮਵਿਕਾਸ ਦੱਸਦਾ ਹੈ, ਕਿ ਮਨੁੱਖ ਪ੍ਰਜਾਤੀ (Homo sapiens) ਨੇ ਕੁਦਰਤੀ ਵਿਕਾਸ ਦੇ ਰਾਹ 'ਤੇ ਉਦੋਂ ਵੱਡੀ ਛਲਾਂਗ ਮਾਰੀ, ਜਦੋਂ ਉਹ ਲੱਖਾਂ ਵਰ੍ਹੇ ਪਹਿਲਾਂ ਚੌਪਾਏ ਤੋਂ ਦੋ ਪੈਰਾਂ 'ਤੇ ਤੁਰਨ ਵਾਲਾ ਜੀਵ (Homo erectus) ਬਣਿਆ। ਆਪਣੇ ਭੋਜਨ ਲਈ ਏਧਰ ਓਧਰ ਜਾਣ ਵਾਸਤੇ, ਖਤਰੇ ਤੋਂ ਦੂਰ ਭੱਜਣ, ਓਟ ਲੱਭਣ ਲਈ, ਹੁਣ ਉਸ ਨੂੰ ਚਾਰ ਪੈਰਾਂ 'ਤੇ ਨਹੀਂ ਸੀ ਤੁਰਨਾ ਜਾਂ ਦੌੜਣਾ ਪੈਂਦਾ। ਉਸ ਦੇ ਅਗਲੇ ਦੋ ਪੈਰ ਹੁਣ ਅਜ਼ਾਦ ਹੋ ਗਏ, ਹੱਥ ਬਣ ਗਏ ਸਨ ਤੇ ਉਹ ਜੀਵਾਂ ’ਚੋਂ ਸਿਰਮੌਰ ਬਣਨ ਦੀ ਲੰਮੀ ਯਾਤਰਾ 'ਤੇ ਦੋ ਪੈਰਾਂ 'ਤੇ ਤੁਰ ਪਿਆ ਸੀ।

ਇਸ ਸਰਦਾਰੀ ਦਾ ਅਰੰਭ ਹਜ਼ਾਰਾਂ ਵਰ੍ਹੇ ਪਹਿਲਾਂ ਪੱਥਰ ਯੁੱਗ ’ਚ ਹੋ ਗਿਆ ਸੀ, ਜਦੋਂ ਉਹਨੇ ਪੱਥਰ ਦੇ ਪਹਿਲੇ ਮੋਟੇ-ਠੁੱਲ੍ਹੇ ਸੰਦ ਤਰਾਸ਼ੇ। ਇਹ ਪਹਿਲੀ ਉਦਯੋਗਿਕ ਕ੍ਰਾਂਤੀ ਸੀ। ਫਿਰ ਉਸ ਨੇ ਨੇਜ਼ੇ, ਭਾਲੇ, ਤੀਰ ਕਮਾਨ ਬਣਾਏ। ਇਨ੍ਹਾਂ ਸ਼ੁਰੂਆਤੀ ਸੰਦਾਂ ਨਾਲ ਹੀ ਉਸ ਨੇ ਜੱਤਲ ਹਾਥੀ (mammoth) ਵਰਗੇ ਤਾਕਤਵਰ ਤੇ ਵਿਸ਼ਾਲ ਜੀਵਾਂ ਨੂੰ ਧਰਤੀ ਤੋਂ ਸਦਾ ਲਈ ਖਤਮ ਕਰ ਦਿੱਤਾ। ਇਨ੍ਹਾਂ ਸੰਦਾਂ ਨਾਲ ਹੀ ਉਹਨੇ ਇਕ ਹੋਰ ਮਨੁੱਖੀ ਪ੍ਰਜਾਤੀ (neanderthals) ਨੂੰ ਖਤਮ ਕਰ ਦਿੱਤਾ। ਮਨੁੱਖ ਪ੍ਰਜਾਤੀ ਦਾ ਮੁੱਖ ਕਾਰਜ ਸ਼ੁਰੂ ਤੋਂ ਹੀ ਧਰਤੀ ਤੋਂ ਦੂਸਰੀਆਂ ਪ੍ਰਜਾਤੀਆਂ ਨੂੰ ਖਤਮ ਕਰਨਾ ਰਿਹਾ ਹੈ। ਉਨ੍ਹਾਂ ਨੂੰ ਮਲੀਆਮੇਟ ਕਰਕੇ ਉਹ ਹੁਣ ਆਪਣੀ ਹੀ ਪ੍ਰਜਾਤੀ ਦੇ ਪਿੱਛੇ ਪਿਆ ਹੋਇਆ ਹੈ।

ਇਸ ਹੱਥ ਨੇ ਪਰ ਬੜਾ ਕੁਝ ਸੋਹਣਾ ਵੀ ਸਿਰਜਿਆ ਹੈ।35,000 ਵਰ੍ਹੇ ਪਹਿਲਾਂ, ਕੁਦਰਤੀ ਰੰਗਾਂ ਤੇ ਗੇਰੂਆ ਮਿੱਟੀ ਨਾਲ ਗੁਫ਼ਾਵਾਂ ਚ ਜਾਨਵਰਾਂ ਦੀਆਂ, ਸ਼ਿਕਾਰ ਕਰਨ ਦੀਆਂ ਤਸਵੀਰਾਂ, ਤੇ ਹੋਰ ਕਈ ਜਿਆਤਮਕ ਆਕ੍ਰਿਤੀਆਂ ਚਿਤਰੀਆਂ।ਆਪਣੇ ਹੱਥ ਦੇ ਛਾਪੇ ਛੱਡੇ।ਹਰ ਗੁਫ਼ਾ ਦੀ ਹਰ ਤਸਵੀਰ ਰਾਹੀਂ, ਦੂਸਰਿਆਂ ਨੂੰ ਆਪਣੀ ਕਹਾਣੀ ਸੁਣਾਉਣ ਦਾ, ਆਪਣੀ ਗੱਲ ਕਹਿਣ ਦਾ, "ਅਮਰ" ਹੋਣ ਦਾ ਯਤਨ ਕੀਤਾ।ਜਿਉਂ ਇਹ ਸ਼ਬਦ ਟਾਈਪ ਕਰਦਿਆਂ ਹੁਣ ਮੈਂ ਕਰ ਰਿਹਾ ਹਾਂ।

ਹੱਥਾਂ ਨੇ ਹੀ ਖੇਤੀਬਾੜੀ ਦੇ ਸੰਦ ਘੜੇ, ਹੱਲ-ਪੰਜਾਲੀ, ਤੇ ਹੋਰ ਕੰਮਾਂ ਲਈ ਸੰਦ ਬਣਾਏ।10,000 ਸਾਲ ਪਹਿਲਾਂ ਖੇਤੀਬਾੜੀ, ਤੇ ਸਭਿਅਤਾ ਦਾ ਮੁੱਢ ਧਰਿਆ। ਪਹਿਲੀਆਂ ਮੂਰਤੀਆਂ ਘੜੀਆਂ। ਬੰਸਰੀ, ਇਕਤਾਰਾ ਈਜਾਦ ਕੀਤੇ। ਫਿਰ ਵੀਣਾ, ਵਾਇਲਨ, ਸਾਰੰਗੀ ਬਣਾਏ। ਸੁਰਾਂ ਨਾਲ ਖੇਡੇ। ਕਥਾਕਲੀ ਤੇ ਭਾਰਤ ਨਾਟਿਅਮ ਦੀਆਂ ਮੁਦਰਾਵਾਂ ਬਣੇ।ਕੈਨਵਸ 'ਤੇ ਰੰਗਾਂ ਨਾਲ ਖੇਡੇ।ਇਨ੍ਹਾਂ ਪੋਟਿਆਂ ਹੀ "ਬਰੇਲ" ਪੜ੍ਹੀ, ਇਹ ਹੱਥ ਤੇ ਉਂਗਲਾਂ ਹੀ ਮੂਕ ਜਨਾਂ ਦੀ ਭਾਸ਼ਾ ਬਣੇ। ਕੰਮਪਿਊਟਰ, ਮੋਬਾਈਲ ਨੂੰ ਆਪਣੇ ਵੱਸ ਕੀਤਾ। ਕਿੰਨੇ ਤਰ੍ਹਾਂ ਦੀਆਂ ਛੋਹਾਂ, ਤਰੰਗਾਂ, ਠੰਢ-ਗਰਮੀ ਤੇ ਆਕਾਰ-ਬੁਣਤਰਾਂ, ਪਿਆਰ - ਤ੍ਰਿਸਕਾਰ ਮਹਿਸੂਸ ਕਰ ਸਕਦੇ ਨੇ ਹੱਥ!

PunjabKesari

ਅੱਖ ਦਾ, ਜਾਂ ਦਿਮਾਗ ਜਾਂ ਦਿੱਲ ਦਾ, ਜਾਂ ਰੀੜ੍ਹ ਦੀ ਹੱਡੀ ਦਾ ਉਪਰੇਸ਼ਨ ਕਰਦੇ ਸਰਜਨ ਦਾ ਹੱਥ-ਅੱਖ ਤਾਲਮੇਲ ਤਾਂ ਦੇਖੋ! ਇਹੋ ਹੱਥ ਹੈ ਜਿਹੜਾ ਬਾਂਹ ਨਾਲੋਂ ਤਲਵਾਰ ਨਾਲ ਵੱਢੇ ਗਏ, ਅਲੱਗ ਹੋ ਗਏ ਹੱਥ ਨੂੰ ਮੁੜ ਜੋੜ ਦੇਂਦਾ ਹੈ। ਰਜਾਈ ਨਗੰਦਦੀਆਂ, ਫੁਲਕਾਰੀ ਕੱਢਦੀਆਂ, ਕ੍ਰੋਸ਼ੀਆ ਬੁਣਦੀਆਂ, ਉਬਲਦੇ ਪਤੀਲੇ ਨੂੰ ਨੰਗੇ ਹੱਥੀਂ ਚੁੱਲ੍ਹੇ ਤੋਂ ਉਤਾਰ ਲੈਂਦੀਆਂ ਔਰਤਾਂ ਦੇ ਹੱਥ ਤਾਂ ਵੇਖੋ।

ਹੱਥ ਹੀ ਹੈ ਜਿਹੜਾ ਸਿਰ, ਮੋਢਾ ਪਲੋਸਦਾ, ਥਾਪੀ ਦੇਂਦਾ ਹੈ। ਉਂਗਲਾਂ ਨੂੰ ਉਂਗਲਾਂ ’ਚ, ਤਲੀਆਂ ਨੂੰ ਤਲੀਆਂ ਨਾਲ ਘੁੱਟਦਾ ਹੈ। ਅਲਵਿਦਾ ’ਚ ਹਿੱਲਦਾ ਹੈ। ਖੁਸ਼ੀ ਦੇ, ਗਮ ਦੇ ਅੱਥਰੂ ਪੂੰਝਦਾ ਹੈ।

ਹੱਥ ਜਾਦੂਮਈ ਹੈ। ਜਾਦੂਗਰਾਂ ਦਾ ਤਾਂ ਹੈ ਹੀ, ਜਿਹੜਾ ਖਾਲੀ ਮੁੱਠ ’ਚੋਂ ਕਬੂਤਰ ਉਡਾ ਦੇਂਦਾ ਕਦੇ ਗੁਲਦਸਤਾ ਖਿੜਾ ਦੇਂਦਾ ਪਰ ਅਸਲੀ ਜਾਦੂ ਤਾਂ ਉਹ ਹੈ ਜਿਹੜਾ ਇਹ ਨਿੱਤਰੋਜ਼ ਦੇ ਅਨੇਕ, ਆਮ ਕੰਮਾਂ ’ਚ ਦਿਖਾਉਂਦਾ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਮਨੁੱਖ ਨੇ ਹੁਣ ਤੱਕ ਜਿੰਨੀ ਵੀ ਤਰੱਕੀ ਕੀਤੀ, ਉਸ ’ਚ ਹੱਥ ਦਾ ਬਹੁਤ ਹੱਥ ਹੈ।

ਪਰ ਕਾਸ਼! ਇਸ ਨੇ ਹੀ ਪਰਮਾਣੂ ਹਥਿਆਰ ਤੇ ਸਮੂਹਕ ਤਬਾਹੀ ਦੇ ਜੰਗੀ ਸਾਮਾਨ ਬਣਾਏ। ਲੱਖਾਂ-ਕਰੋੜਾਂ ਦੀ ਜਾਨ ਲਈ। ਕੋਰੋਨਾ ਦੀ ਜਿਹੜੀ ਇਹ ਮਹਾਜੰਗ ਦੁਨੀਆ ਦੇ 200 ਦੇਸ਼ਾਂ ਚ ਅਣਗਿਣਤ ਮੁਹਾਜਾਂ 'ਤੇ ਅੱਜਕਲ੍ਹ ਲੜੀ ਜਾ ਰਹੀ, ਉਹਦੇ ਪਿੱਛੇ ਵੀ ਮੈਨੂੰ ਹੱਥ ਨਜ਼ਰ ਆਉਂਦੇ ਨੇ। ਕਿਸੇ ਅੱਤ ਖੁਫੀਆ ਪ੍ਰਯੋਗਸ਼ਾਲਾ ’ਚ, ਪੂਰਾ ਸੁਰੱਖਿਆ-ਕਵਚ ਪਹਿਨੀ ਖੁਰਦਬੀਨ 'ਤੇ ਬੈਠੇ, ਸਫੈਦ ਦਸਤਾਨੇ ਪਹਿਨੀ ਸ਼ੈਤਾਨ ਦੇ ਹੱਥ।

ਤੇ ਹਰ ਮੁਹਾਜ 'ਤੇ, ਪਹਿਲੀ ਕਤਾਰ 'ਤੇ ਖੜ੍ਹੇ, ਆਪਣੀਆਂ ਜਾਨਾਂ ਨੂੰ ਦਾਅ 'ਤੇ ਲਾ ਕੇ ਲੜਦੇ ਵੀ ਹੱਥ ਹੀ ਨੇ। ਡਾਕਟਰਾਂ, ਨਰਸਾਂ ਤੇ ਹੋਰ ਸਿਹਤ-ਕਰਮੀਆਂ ਦੇ ਹੱਥ। ਦੇਵਤਿਆਂ ਦੇ ਹੱਥ।
 
ਇਨ੍ਹਾਂ ਦਿਨਾਂ ਦੀ ਲੰਮੀ ਜਬਰੀ ਛੁੱਟੀ ਨੇ ਬਹੁਤ ਲੋਕਾਂ ਨੂੰ ਕੰਮ ਦੀ ਅਹਿਮੀਅਤ (ਉਹਦੇ ਆਰਥਿਕ ਪਹਿਲੂ ਤੋਂ ਇਲਾਵਾ) ਦਾ ਸ਼ਿੱਦਤ ਨਾਲ ਇਹਸਾਸ ਕਰਵਾ ਦਿੱਤਾ ਹੈ। ਹਰ ਰੋਜ਼ ਮੈਂ ਵੀ ਖੁਦ ਨੂੰ ਵਿਅਸਤ ਰੱਖਣ, ਮਨ ਹੋਰ ਪਾਸੇ ਲਾਉਣ ਲਈ, ਕੋਈ ਕੰਮ ਜਾਂ ਰੁਝੇਵਾਂ ਲੱਭਦਾ ਰਹਿੰਦਾ ਹਾਂ। (ਪਤਨੀ ਦਾ ਕੰਮ ਪਰ, ਉਸ ਦੀ "ਬੀਬੀ" ਦੇ ਨਾ ਆਉਣ ਕਾਰਨ ਵਧ ਗਿਆ ਹੈ)। ਕੁਝ ਨਾ ਕੁਝ ਕਰਦੇ ਰਹਿਣਾ ਮਨੁੱਖ ਦੀ ਅਸਤਿਤਵੀ ਜਰੂਰਤ ਹੈ। 3-4 ਸਾਲ ਪਹਿਲਾਂ ਮੈਂ ਇਕ ਕਵਿਤਾ ਲਿਖੀ ਸੀ: "ਕੰਮ"।ਇਕ ਸਫੇ ਦੀ ਉਸ ਕਵਿਤਾ ਦੀਆਂ ਆਖਰੀ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ:

... ਕੰਮ ਕਰਦਿਆਂ ਗਮਾਂ/ ਖਦਸ਼ਿਆਂ ਵਲਾਂ-ਪੇਚਾਂ ਦਾ/ ਧਿਆਨ ਨਾ ਰਹਿੰਦਾ/ ਤਾਰਾਂ ਢਿਬਰੀਆਂ ਸਭ/ ਖੁਦ-ਬ-ਖੁਦ ਕਸੀਂਦੀਆਂ ਰਹਿੰਦੀਆਂ/ ਵਰਦਾਨ ਲੱਗਦਾ ਕੰਮ ਮੈਨੂੰ/ ਕੰਮ ਚ ਰਲਿਆ ਰਮਿਆ/ ਸੁਰ ਹੋਈ ਸਿਤਾਰ ਜਿਵੇਂ/ ਮੈਂ ਵੱਜਦਾ ਰਹਿੰਦਾ
 
ਇਹ ਦਿਨ ਸਾਰੇ ਇਕੋ ਜਿਹੇ ਨੇ ਪਰ ਰੁੱਤ ਤਾਂ ਹਮੇਸ਼ਾ ਵਾਂਗ ਬਦਲ ਰਹੀ ਹੈ। ਅੱਜ ਪਹਿਲੀ ਵਿਸਾਖ ਹੈ, ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੁੰਦੇ ਸ਼ਬਦ ਕੀਰਤਨ ’ਚ ਹਜ਼ੂਰੀ ਰਾਗੀ ਨੇ ਸ਼ਬਦ ਛੋਹਿਆ ਹੈ:
ਵੈਸਾਖੁ ਭਲਾ ਸਾਖਾ ਵੇਸ ਕਰੇ...

ਪਿੱਪਲਾਂ, ਬੋਹੜਾਂ, ਟਾਹਲੀਆਂ ਤੇ ਕਿੱਕਰਾਂ ਦੇ ਨਵੇਂ ਪੱਤੇ ਨਿਕਲ ਰਹੇ, ਖੇਤਾਂ ਚ ਕਣਕਾਂ ਪੱਕੀਆਂ ਖੜ੍ਹੀਆਂ ਤੇ ਹਵਾ ’ਚ, ਖਾਸ ਕਰ ਕੇ ਦੁਪਹਿਰ ਨੂੰ, ਭਰ ਗਰਮੀਆਂ ਤੇ ਲੂਆਂ ਦੀ ਮਹਿਕ ਹੈ। ਕਿਸੇ ਨੇ ਵੀ ਕਿਸੇ ਰੁੱਤ ਦੀ, ਤੇ ਉਹ ਵੀ ਗਰਮੀਆਂ ਦੀ, ਏਨੀ ਬੇਸਬਰੀ ਨਾਲ ਸ਼ਾਇਦ ਹੀ ਇੰਝ ਕਦੇ ਉਡੀਕ ਕੀਤੀ ਹੋਏ।

ਦੋ ਦਿਨ ਪਹਿਲਾਂ ਮੈਨੂੰ ਆਪਣੇ ਘਰ ਕੋਲ, ਇਸ ਸਾਲ ਪਹਿਲੀ ਵਾਰ, ਕੋਇਲ ਦੀ ਸੰਖੇਪ ਕੁਹ-ਕੁਹ (ਕਿ ਉਹ ਪਪੀਹੇ ਦੀ ਪੁਕਾਰ ਸੀ?) ਸੁਣਾਈ ਦਿੱਤੀ ਸੀ ਪਰ ਉਸ ਤੋਂ ਬਾਅਦ ਅਜੇ ਤੱਕ ਦੁਬਾਰਾ ਨਹੀਂ।(14 ਦੀ ਸੁਬ੍ਹਾ ਪੌਣੇ ਛੇ ਕੁ ਵਜੇ, ਜਦੋਂ ਮੈਂ ਠੰਢੀ ਕੂਲੀ ਹਵਾ ’ਚ ਵਿਹੜੇ ’ਚ ਸੈਰ ਕਰ ਰਿਹਾ ਹੋਵਾਂਗਾ, ਤਾਂ ਉਹ ਮੁੜ ਸੁਣਾਈ ਦਏਗੀ। ਇਸ ਵਾਰ ਸ਼ੱਕ ਦੀ ਗੁੰਜਾਇਸ਼ ਨਹੀਂ ਹੋਏਗੀ, ਉਹ ਕੋਇਲ ਹੀ ਹੋਏਗੀ। ਉਂਜ ਮਿੱਠੀ, ਜਾਣੀ-ਪਛਾਣੀ ਕੂਹ-ਕੂਹ ਗਾਉਣ ਵਾਲਾ ਪੰਛੀ ਸ਼ਾਹ-ਕਾਲਾ ਨਰ ਕੋਇਲ ਹੁੰਦਾ ਹੈ, ਮਾਦਾ ਕੋਇਲ ਤਾਂ ਤਿੱਖੀ ਕੁ-ਕੁ-ਕੁ ਦੀ ਅਵਾਜ਼ ’ਚ ਚੀਕਦੀ, ਤੇ ਤਿੱਤਰ-ਮਿਤਰੀ ਹੁੰਦੀ ਹੈ। ਪਰ ਅੱਜ-ਕੱਲ੍ਹ, ਕਿਤੋਂ ਨੇੜਿਓਂ ਹੀ, ਐੱਨ ਘਰਾਂ ਕੋਲ ਬਚ ਗਏ ਨਿੱਕੇ ਖਾਲੀ ਪਲਾਟਾਂ ਚੋਂ ਮੈਨੂੰ ਕਦੇ ਕਦੇ ਭੂਤ-ਭੂਤੇ ਅਤੇ ਤਿੱਤਰ ਬੋਲਦੇ ਸੁਣਾਈ ਦੇ ਜਾਂਦੇ ਨੇ। ਸ਼ਹਿਰ ਦੀ ਜ਼ਮੀਨ ਨੂੰ, ਕਿਸੇ ਵੇਲੇ ਉਸ ਦੇ ਜੰਗਲ, ਬੇਲਾ ਜਾਂ ਰੱਖ ਹੋਣ ਦੀ ਸਿਮਰਤੀ ਪਰਤ ਆਈ ਹੈ।

ਕਰਫਿਊ ਕਾਰਨ, ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਘੜਮੱਸ ਮਚਾਈ ਰੱਖਦੀਆਂ ਰਿਕਸ਼ਾ-ਰੇਹੜੀਆਂ, ਹੁਣ ਮੁਹੱਲਿਆਂ ਦੀਆਂ ਗਲੀਆਂ ਚ ਫਿਰਦੀਆਂ ਰਹਿੰਦੀਆਂ ਹਨ । ਕਰਫਿਊ ’ਚ ਢਿੱਲ ਦੌਰਾਨ ਸਬਜ਼ੀਆਂ ਤੇ ਫਲ ਵੇਚਣ ਵਾਲਿਆਂ ਦੀਆਂ ਬਹੁ ਭਾਂਤ ਅਵਾਜ਼ਾਂ ਨਾਲ ਮੁਹੱਲੇ ਗੂੰਜਦੇ ਰਹਿੰਦੇ ਨੇ। ਬਹੁਤੇ ਤਾਂ ਕੰਮ-ਚਲਾਊ ਹਾਕਾਂ ਮਾਰਦੇ ਪਰ ਕਿਸੇ ਵਿਰਲੇ-ਟਾਂਵੇਂ ਦੀ ਹਾਕ ’ਚ ਸੰਗੀਤ ਹੁੰਦਾ ਹੈ, ਜਾਂ ਸਾਡਾ ਮਨ-ਮਸਤਕ ਉਸ ਦੇ ’ਚੋਂ ਲੱਭ ਲੈਂਦਾ, ਜਾਂ ਉਹਦੇ ’ਚ ਭਰ ਦੇਂਦਾ ਹੈ। ਬੇਤਰਤੀਬੀਆਂ ਅਵਾਜ਼ਾਂ, ਜਿਓਂ ਚਲਦੀ ਰੇਲਗੱਡੀ ਦੇ ਪਹੀਆਂ ਦੀਆਂ, ਟੈਪ ’ਚੋਂ ਤੁਪਕਾ-ਤੁਪਕਾ ਚੋਂਦੇ ਪਾਣੀ, ਕੰਧ-ਘੜੀ ਦੀ ਇਕਸਾਰ ਟਿਕ-ਟਿਕ ਦੀਆਂ, ਤੇ ਅਵਾਸੀ ਦਿਹਾੜੀਦਾਰ ਦੀ "ਕੇਲੇ ਲੋ ਕੇਲੇ...ਅ" ’ਚ ਲੈਅ ਮਹਿਸੂਸ ਕਰਨਾ ਤੇ ਕਿਸੇ ਫ਼ਿਲਮੀ ਗੀਤ ਦਾ ਯਾਦ ਆਉਣਾ, ਮਨੁੱਖੀ ਫਿਤਰਤ ਹੈ। ਲੱਖਾਂ ਵਰ੍ਹੇ ਦੇ ਕ੍ਰਮ-ਵਿਕਾਸ ਨੇ ਸਾਡੇ ਦਿਮਾਗਾਂ ’ਚ "ਪੈਟਰਨ" ਢੂੰਡਣਾ ਪ੍ਰੋਗਰਾਮ ਕਰ ਦਿੱਤਾ ਹੋਇਆ ਹੈ।
 
ਮਨੁੱਖ ਸਮੂਹ ’ਚ ਰਹਿਣ ਵਾਲਾ ਸੰਗਤ ਪਰੇਮੀ ਜੀਵ ਹੈ। ਸਮਾਜਕ ਦੂਰੀ ਉਸ ਦੇ ਸੁਭਾਅ ਦੇ ਉਲਟ ਹੈ। ਭਾਰਤ ਵਰਗੇ ਵਿਕਾਸਸ਼ੀਲ ਤੇ ਗਰੀਬ ਮੁਲਕ ’ਚ, ਜਿੱਥੇ ਲੱਖਾਂ ਝੌਂਪੜ-ਪੱਟੀਆਂ ਤੇ ਕਰੋੜਾਂ ਬੇਘਰੇ ਨੇ, ਇਸ ਦੂਰੀ ਨੂੰ ਬਣਾਈ ਰੱਖਣਾ ਅਸੰਭਵ ਜਾਪਦਾ ਹੈ। ਅਸੀਂ ਭਾਰਤੀ ਵੈਸੇ ਵੀ ਇਕ ਦੂਸਰੇ ਦੀ "ਸਪੇਸ" ਦਾ ਘੱਟ ਖਿਆਲ ਰੱਖਦੇ ਹਾਂ। ਕੋਈ ਵਸਤ ਖਰੀਦਣ ਜਾਂ ਕਿਸੇ ਹੋਰ ਕੰਮ ਵਾਸਤੇ ਲੱਗੀਆਂ ਕਤਾਰਾਂ ਨੂੰ ਵੇਖੋ, ਕਿਵੇਂ ਅਸੀਂ ਇਕ ਦੂਜੇ ਦੇ ਪੈਰ ਮਿੱਧਦੇ, ਮੋਢੇ ਜੋੜ ਖੜ੍ਹੇ, ਦੂਸਰੇ ਦੀ ਵਾਰੀ ਹਥਿਆਉਣ ਲਈ ਹਮੇਸ਼ਾ ਤਤਪਰ ਹੁੰਦੇ ਹਾਂ। ਸੜਕਾਂ 'ਤੇ ਗੱਡੀਆਂ ਨੂੰ ਵੇਖੋ, ਸੜਕ 'ਤੇ ਥਾਂ ਹੁੰਦਿਆਂ ਵੀ ਅਸਾਂ ਬੰਪਰ ਨਾਲ ਬੰਪਰ ਜੋੜਿਆ ਹੁੰਦਾ ਹੈ। ਇਹ ਸਦੀਆਂ ਪੁਰਾਣੀ ਆਦਤ ਨੂੰ ਬਦਲਣ ਦਾ ਸਮਾਂ ਹੈ।
ਵਿਕਸਤ ਪੱਛਮੀ ਮੁਲਕਾਂ ਦੇ ਲੋਕ ਇਕ ਦੂਸਰੇ ਵਿਚਕਾਰ ਵਿੱਥ ਦਾ ਬੜਾ ਖਿਆਲ ਰੱਖਦੇ ਨੇ, ਆਪਣੀ "ਸਪੇਸ" ਉਨ੍ਹਾਂ ਲਈ ਬੇਹੱਦ ਮੁਕੱਦਸ ਹੈ। ਸੜਕਾਂ, ਮਾਲਾਂ, ਬਜ਼ਾਰਾਂ, ਕਤਾਰਾਂ, ਘਰਾਂ, ਸੱਭ ਥਾਂਈਂ। ਉਨ੍ਹਾਂ ’ਚ ਬੇਗਾਨਗੀ, ਉਦਾਸੀ, ਇੱਕਲਤਾ, ਅਤੇ ਅਵਸਾਦ ਦੇ ਅੰਕੜੇ ਬਹੁਤ ਵੱਧ ਹੋਣ ਦਾ ਇਕ ਵੱਡਾ ਕਾਰਨ ਵੀ ਇਹੀ ਹੈ।
 


rajwinder kaur

Content Editor

Related News