ਪਾਣੀ ਦਾ ਕਹਿਰ : ਲੋਹੀਆਂ ’ਚ 2 ਜਗ੍ਹਾ ਟੁੱਟਿਆ ਧੁੱਸੀ ਬੰਨ੍ਹ, ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਨੂੰ ਮਜਬੂਰ ਹੋਏ

Wednesday, Jul 12, 2023 - 01:04 PM (IST)

ਪਾਣੀ ਦਾ ਕਹਿਰ : ਲੋਹੀਆਂ ’ਚ 2 ਜਗ੍ਹਾ ਟੁੱਟਿਆ ਧੁੱਸੀ ਬੰਨ੍ਹ, ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਨੂੰ ਮਜਬੂਰ ਹੋਏ

ਜਲੰਧਰ/ਲੋਹੀਆਂ ਖਾਸ (ਚੋਪੜਾ, ਰਾਜਪੂਤ) : ਸਤਲੁਜ ਦਰਿਆ ’ਚ ਸਮਰੱਥਾ ਤੋਂ ਵੱਧ ਆਏ ਪਾਣੀ ਕਾਰਨ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਸ਼ਾਹਕੋਟ ਅਧੀਨ ਲੋਹੀਆਂ ਖਾਸ ਵਿਚ ਸੋਮਵਾਰ ਦੀ ਰਾਤ 12.40 ਵਜੇ ਲੱਖੇ ਦੀਆਂ ਛੰਨਾਂ ਅਤੇ 2 ਵਜੇ ਦੇ ਲਗਭਗ ਨਸੀਰਪੁਰ ਨੇੜੇ 2 ਥਾਵਾਂ ਤੋਂ ਧੁੱਸੀ ਬੰਨ੍ਹ ਟੁੱਟ ਜਾਣ ਨਾਲ ਕਈ ਪਿੰਡਾਂ ਵਿਚ ਪਾਣੀ ਭਰ ਗਿਆ। ਇਸ ਕਾਰਨ ਸੋਮਵਾਰ ਦੀ ਰਾਤ ਅਤੇ ਮੰਗਲਵਾਰ ਦਾ ਦਿਨ ਲੋਕਾਂ ਦਾ ਧੁੱਸੀ ਬੰਨ੍ਹ ਨੂੰ ਦੁਬਾਰਾ ਮਿੱਟੀ ਨਾਲ ਭਰਨ ਵਿਚ ਲੰਘਿਆ। ਜਿਹੜੇ ਪਿੰਡਾਂ ’ਚ ਔਰਤਾਂ ਅਤੇ ਬੱਚੇ ਬਚ ਗਏ, ਉਨ੍ਹਾਂ ਸਾਰੀ ਰਾਤ ਘਰਾਂ ਦੀਆਂ ਛੱਤਾਂ ’ਤੇ ਕੱਢੀ, ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਚਿਤਾਵਨੀ ਕਾਰਨ ਕੁਝ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਪਰ ਬਜ਼ੁਰਗ ਘਰ ਛੱਡ ਕੇ ਜਾਣ ਨੂੰ ਰਾਜ਼ੀ ਨਾ ਹੋਏ ਅਤੇ ਹੜ੍ਹ ਦੇ ਪਾਣੀ ’ਚ ਫਸ ਗਏ। ਸੋਮਵਾਰ ਦੁਪਹਿਰ ਤਕ ਪਿੰਡਾਂ ’ਚ 2 ਤੋਂ 7 ਫੁੱਟ ਤਕ ਪਾਣੀ ਭਰਿਆ ਹੋਇਆ ਸੀ ਅਤੇ ਕਾਫੀ ਲੋਕ ਘਰਾਂ ਦੀਆਂ ਛੱਤਾਂ ’ਤੇ ਮਦਦ ਦੀ ਉਡੀਕ ਕਰ ਰਹੇ ਸਨ। ਉਥੇ ਹੀ, ਮੰਡੀ ਚੌਹਲੀਆਂ ਦਾ ਅਰਸ਼ਦੀਪ ਸਿੰਘ (20) ਪੁੱਤਰ ਬਲਕਾਰ ਸਿੰਘ, ਜਿਸਦਾ ਮੋਟਰਸਾਈਕਲ ਹੜ੍ਹ ਦੇ ਪਾਣੀ ’ਚ ਫਸ ਗਿਆ ਸੀ, ਆਪਣੇ ਮੋਟਰਸਾਈਕਲ ਨੂੰ ਪਾਣੀ ’ਚੋਂ ਬਾਹਰ ਕੱਢਦਿਆਂ ਤੇਜ਼ ਵਹਾਅ ਕਾਰਨ ਰੁੜ੍ਹ ਗਿਆ, ਹਾਲਾਂਕਿ ਅਰਸ਼ਦੀਪ ਦਾ ਮੋਟਰਸਾਈਕਲ ਮਿਲ ਗਿਆ ਹੈ ਪਰ ਖਬਰ ਲਿਖੇ ਜਾਣ ਤਕ ਉਸਦਾ ਕੋਈ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਤੱਕ 200 ਲੋਕਾਂ ਨੂੰ ਸੁਰੱਖਿਅਤ ਕੱਢਿਆ : ਡਿਪਟੀ ਕਮਿਸ਼ਨਰ 

ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਨੂੰ ਮਜਬੂਰ ਹੋਏ ਲੋਕ
ਜ਼ਿਲ੍ਹੇ ’ਚ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਡੀ. ਸੀ. ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਧੁੱਸੀ ਬੰਨ੍ਹ ਦੇ ਕਿਨਾਰੇ ਟੁੱਟ ਜਾਣ ਨਾਲ ਕਈ ਪਿੰਡਾਂ ਵਿਚ ਪਾਣੀ ਦਾਖਲ ਹੋ ਗਿਆ ਹੈ। ਨਕੋਦਰ, ਫਿਲੌਰ, ਸ਼ਾਹਕੋਟ ਅਤੇ ਲੋਹੀਆਂ ਬਲਾਕ ਦੇ ਕਈ ਇਲਾਕਿਆਂ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਜਨ-ਜੀਵਨ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ। ਸੈਂਕੜੇ ਲੋਕ ਆਪਣੇ ਪਰਿਵਾਰ ਦੇ ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਨੂੰ ਮਜਬੂਰ ਹੋ ਗਏ ਹਨ। ਪਾਣੀ ਭਰਨ ਕਾਰਨ ਵੱਡੀ ਗਿਣਤੀ ਿਵਚ ਲੋਕ ਆਪਣੇ ਘਰਾਂ ਦਾ ਸਾਮਾਨ ਟਰੈਕਟਰ-ਟਰਾਲੀਆਂ ’ਤੇ ਲੱਦ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲੱਗੇ ਹਨ। ਹਾਲਾਂਕਿ ਬੀਤੇ ਦਿਨ ਤੋਂ ਹੀ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਵੱਲੋਂ ਰੈਸਕਿਊ ਆਪ੍ਰੇਸ਼ਨ ਚਲਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ।

PunjabKesari

ਧੁੱਸੀ ਬੰਨ੍ਹ ਟੁੱਟਣ ਨਾਲ ਪਿੰਡ ਪ੍ਰਭਾਵਿਤ
ਧੁੱਸੀ ਬੰਨ੍ਹ ਟੁੱਟਣ ਨਾਲ ਪਿੰਡ ਗਿੱਦੜਪਿੰਡੀ, ਸਰਦਾਰਵਾਲਾ, ਬਲਾਕ ਲੋਹੀਆਂ ਖਾਸ, ਜਾਨੀਆਂ ਚਾਹਲ, ਮੰਡਾਲਾ, ਮਹਿਰਾਜਵਾਲਾ, ਗੱਟੀ ਰਾਏਪੁਰ, ਕੁਤਬੀਵਾਲ, ਜਲਾਲਪੁਰ ਖੁਰਦ, ਕੰਗ ਖੁਰਦ, ਖੋਸਾ, ਨਸੀਰਪੁਰ ਆਦਿ ਪਿੰਡ ਜ਼ਿਆਦਾ ਪ੍ਰਭਾਵਿਤ ਹੋਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ, ਸੰਸਦ ਮੈਂਬਰ ਸੁਸ਼ੀਲ ਰਿੰਕੂ, ਡੀ. ਸੀ. ਵਿਸ਼ੇਸ਼ ਸਾਰੰਗਲ ਅਤੇ ਕਈ ਹੋਰ ਸੰਗਠਨ ਲੱਗੇ ਹੋਏ ਹਨ। ਉਥੇ ਹੀ, ਬੀ. ਡੀ. ਪੀ. ਓ. ਦਫਤਰ, ਮਗਨਰੇਗਾ ਦੇ ਕਰਮਚਾਰੀ, ਪਿੰਡ ਦੇ ਜੌਬ ਕਾਰਡਧਾਰਕ, ਪੰਚਾਇਤ ਸਕੱਤਰ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਦਿਨ-ਰਾਤ ਇਕ ਕਰ ਕੇ ਬੰਨ੍ਹ ਨੂੰ ਬੰਨ੍ਹਣ ਕਰਨ ’ਚ ਲੱਗੇ ਹੋਏ ਹਨ।

PunjabKesari

ਡਿਪਟੀ ਕਮਿਸ਼ਨਰ ਸਤਲੁਜ ਕੰਢੇ ਰਹਿ ਰਹੇ ਲੋਕਾਂ ਤਕ ਪਹੁੰਚੇ
ਜਲੰਧਰ (ਚੋਪੜਾ) : ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅੱਜ ਸਤਲੁਜ ਦਰਿਆ ਦੇ ਕੰਢੇ ’ਤੇ ਵਸੇ ਛੋਟੇ-ਛੋਟੇ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਤਕ ਪਹੁੰਚੇ ਅਤੇ ਉਨ੍ਹਾਂ ਤੋਂ ਪਾਣੀ ’ਚ ਫਸੇ ਉਨ੍ਹਾਂ ਦੇ ਦੋਸਤਾਂ ਅਤੇ ਜਾਣੂ ਲੋਕਾਂ ਬਾਰੇ ਜਾਣਕਾਰੀ ਮੰਗੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਤੁਰੰਤ ਸ਼ੇਅਰ ਕਰਨ ਤਾਂ ਕਿ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬਿਨਾਂ ਸਮਾਂ ਗੁਆਏ ਮੁਹਿੰਮ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਸੁਰੱਖਿਅਤ ਥਾਵਾਂ ਵੱਲ ਪਲਾਇਨ ਕਰਨ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਤੋਂ ਮਹੱਤਵਪੂਰਨ ਕੁਝ ਨਹੀਂ ਵੀ ਹੈ।

 

PunjabKesari

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪਿੰਡ ’ਚੋਂ ਪਾਣੀ ਨਹੀਂ ਨਿਕਲਦਾ, ਉਹ ਪ੍ਰਸ਼ਾਸਨ ਵੱਲੋਂ ਸਥਾਪਤ ਰਿਲੀਫ ਕੈਂਪ ਵਿਚ ਚਲੇ ਜਾਣ। ਇਨ੍ਹਾਂ ਰਿਲੀਫ ਕੈਂਪਾਂ ’ਚ ਲੋਕਾਂ ਦੀ ਸਹੂਲਤ ਲਈ ਸਾਰਾ ਪ੍ਰਬੰਧ ਕੀਤਾ ਗਿਆ ਹੈ, ਜਿਥੇ ਉਨ੍ਹਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ, ਮੁਸ਼ਕਿਲ ’ਚ ਘਿਰੀ ਜ਼ਿੰਦਗੀ 

ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਕੇਂਦਰਾਂ ਤਕ ਪਹੁੰਚਾਉਣ ਲਈ ਵਾਹਨ ਚਲਾਏ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਚਾਏ ਗਏ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ 2 ਹੜ੍ਹ ਰਾਹਤ ਵਾਹਨ ਚਲਾਏ ਗਏ ਹਨ। ਉਨ੍ਹਾਂ ਕਿਹਾ ਕਿ ਮੰਡਾਲਾ ਪਿੰਡ ਵਿਚ ਬਚਾਏ ਲੋਕਾਂ ਨੂੰ ਰਾਹਤ ਕੇਂਦਰਾਂ ਤਕ ਲਿਜਾਣ ਲਈ 2 ਕਾਰਾਂ ਚਲਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਪਰਮਿੰਦਰਪਾਲ ਸਿੰਘ ਮੋਬਾਇਲ ਨੰਬਰ 98140-70171 ਅਤੇ ਸੰਦੀਪ ਸਿੰਘ ਮੋਬਾਇਲ ਨੰਬਰ 98159-73543 ਨਾਂ ਦੇ ਡਰਾਈਵਰਾਂ ਦੇ ਨੰਬਰ ਸ਼ੇਅਰ ਕਰਦਿਆਂ ਕਿਹਾ ਕਿ ਦੋਵੇਂ ਵਾਹਨ ਚਾਲਕ ਲੋਕਾਂ ਨੂੰ ਰਾਹਤ ਕੇਂਦਰਾਂ ਵਿਚ ਪਹੁੰਚਾਉਣ ਦਾ ਕੰਮ ਕਰਨਗੇ।

ਇਹ ਵੀ ਪੜ੍ਹੋ : 1988 ਤੋਂ ਬਾਅਦ 2023 ’ਚ ਮਾਛੀਵਾੜਾ ਦਾ ਬੇਟ ਖੇਤਰ ਹੜ੍ਹ ’ਚ ਡੁੱਬਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Anuradha

Content Editor

Related News