ਵਿਧਾਇਕ ਦੇ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦਾ ਧਰਨਾ ਸਮਾਪਤ

Monday, Feb 25, 2019 - 01:27 PM (IST)

ਵਿਧਾਇਕ ਦੇ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦਾ ਧਰਨਾ ਸਮਾਪਤ

ਧੂਰੀ(ਦਵਿੰਦਰ)— ਗੰਨਾ ਕਾਸ਼ਤਕਾਰਾਂ ਦੀ ਖੰਡ ਮਿੱਲ ਧੂਰੀ ਵੱਲ ਕਰੋੜਾਂ ਰੁਪਏ ਦੀ ਬਕਾਇਆ ਅਦਾਇਗੀ ਰਹਿੰਦੀ ਹੈ ਪਰ ਕਿਸਾਨਾਂ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਵੀ ਜਦੋਂ ਖੰਡ ਮਿੱਲ ਪ੍ਰਬੰਧਕਾਂ ਅਤੇ ਸਰਕਾਰ ਨੇ ਉਨ੍ਹਾਂ ਦੀ ਇਕ ਨਾ ਸੁਣੀ ਤਾਂ ਕਿਸਾਨਾਂ ਨੇ 6 ਦਿਨ ਪਹਿਲਾਂ ਮਜ਼ਬੂਰੀ ਵਿਚ ਲੁਧਿਆਣਾ-ਦਿੱਲੀ ਮੁੱਖ ਮਾਰਗ ਨੂੰ ਜਾਮ ਕਰਕੇ ਬੱਬਨਪੁਰ ਵਾਲੀ ਨਹਿਰ ਦੇ ਪੁਲ 'ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਸੀ। ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਜਿੱਥੇ ਦੂਜੀਆਂ ਸਹਿਯੋਗੀ ਜਥੇਬੰਦੀਆਂ ਸਾਥ ਦੇ ਰਹੀਆਂ ਸਨ, ਉਥੇ ਹੀ ਵਿਰੋਧੀ ਦਲ ਵੀ ਕਿਸਾਨਾਂ ਨਾਲ ਖੜ੍ਹੇ ਹੋ ਗਏ ਸਨ, ਜਿਸ ਦੇ ਚਲਦੇ ਨਾ ਸਿਰਫ ਜ਼ਿਲਾ ਪ੍ਰਸ਼ਾਸਨ 'ਤੇ ਦਬਾਅ ਸੀ ਸਗੋਂ ਸਰਕਾਰ 'ਤੇ ਵੀ ਦਬਾਅ ਸੀ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਧੂਰੀ ਤੋਂ ਵਿਧਾਇਕ ਦਲਬੀਰ ਸਿੰਘ ਗੋਲੀ ਨੇ ਮਿੱਲ ਪ੍ਰਬੰਧਕਾਂ ਨਾਲ ਬੈਠਕ ਕਰਨ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਜਲਦ ਤੋਂ ਜਲਦ ਕਿਸਾਨਾਂ ਦਾ ਬਕਾਇਆ ਦਿਵਾਉਣ ਦਾ ਭਰੋਸਾ ਦੇ ਕੇ ਇਹ ਧਰਨਾ ਖਤਮ ਕਰਵਾਇਆ।

PunjabKesari

ਇਸ ਮੌਕੇ ਦਲਬੀਰ ਸਿੰਘ ਗੋਲਡੀ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇ ਸੰਘਰਸ਼ ਨੂੰ ਜਾਇਜ਼ ਦੱਸਿਆ ਅਤੇ ਕਿਹਾ ਕਿ ਕਿਸਾਨ ਆਪਣੇ ਹੱਕ ਦੀ ਲੜਾਈ ਲੜ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਿੱਲ ਪ੍ਰਬੰਧਕਾਂ ਨਾਲ ਗੱਲਬਾਤ ਹੋ ਗਈ ਹੈ ਕਿ ਹਰ ਰੋਜ਼ ਕਿਸਾਨਾਂ ਦੇ ਖਾਤੇ ਵਿਚ ਡੇਢ ਕਰੋੜ ਰੁਪਇਆ ਪਾਇਆ ਜਾਏਗਾ। ਦੂਜੇ ਪਾਸੇ ਧਰਨੇ ਦਾ ਸਮਰਥਨ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਨੇਤਾ ਅਨਵਰ ਭਸੋੜ ਨੇ ਕਿਹਾ ਕਿ ਜੇਕਰ ਪੈਸਾ ਕਿਸਾਨਾਂ ਨੂੰ ਨਾ ਮਿਲਿਆ ਤਾਂ ਉਹ ਦੁਬਾਰਾ ਸੰਘਰਸ਼ ਕਰਨਗੇ। ਫਿਲਹਾਲ ਕਿਸਾਨਾਂ ਨੇ ਦਲਬੀਰ ਸਿੰਘ ਗੋਲਡੀ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਹੈ।


author

cherry

Content Editor

Related News