ਮੁਤਵਾਜ਼ੀ ਜਥੇਦਾਰਾਂ ਵਿਚਾਲੇ ਮੱਤਭੇਦ ਦੂਰ ਕਰਨ ਲਈ ਯਤਨ ਸ਼ੁਰੂ

Thursday, Dec 20, 2018 - 12:39 PM (IST)

ਮੁਤਵਾਜ਼ੀ ਜਥੇਦਾਰਾਂ ਵਿਚਾਲੇ ਮੱਤਭੇਦ ਦੂਰ ਕਰਨ ਲਈ ਯਤਨ ਸ਼ੁਰੂ

ਬਠਿੰਡਾ(ਬਿਊਰੋ)— ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਜਥੇਦਾਰ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਸ਼ੁਰੂ ਹੋਏ ਮੱਤਭੇਦ ਨੂੰ ਦੂਰ ਕਰਨ ਲਈ ਯਤਨ ਸ਼ੁਰੂ ਹੋ ਚੁੱਕੇ ਹਨ। ਪੰਥ ਦੇ ਮੁੱਖ ਆਗੂ ਹਰ ਹਾਲ ਵਿਚ ਮੋਰਚੇ ਨੂੰ ਬੰਨ੍ਹ ਕੇ ਰੱਖਣਾ ਚਾਹੁੰਦੇ ਹਨ। ਦੱਸ ਦੇਈਏ ਕਿ ਮੁਤਵਾਜ਼ੀ ਜਥੇਦਾਰ ਮੰਡ ਨੇ ਜਿੱਥੇ 10 ਜਨਵਰੀ ਨੂੰ ਫ਼ਤਹਿਗੜ੍ਹ ਸਾਹਿਬ ਵਿਚ ਮੋਰਚਾ ਸ਼ੁਰੂ ਕਰਨ ਲਈ ਐਲਾਨ ਕੀਤਾ ਹੈ, ਉਥੇ ਹੀ ਮੁਤਵਾਜ਼ੀ ਜਥੇਦਾਰ ਦਾਦੂਵਾਲ 8 ਜਨਵਰੀ ਨੂੰ ਮੋਗਾ ਦੇ ਪਿੰਡ ਰਣਸੀਂਹ ਕਲਾਂ ਵਿਚ ਹੋ ਰਹੇ ਪੰਥਕ ਇਕੱਠ ਵਿਚ ਪੁੱਜ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਦੋ ਹਫਤਿਆਂ ਦੇ ਸਮੇਂ ਦੌਰਾਨ ਪੰਜਾਬ ਸਰਕਾਰ ਮੰਨੀਆਂ ਮੰਗਾਂ ਨੂੰ ਅਮਲ ਵਿਚ ਲਿਆਉਂਦੀ ਹੈ ਤਾਂ ਸਾਰਾ ਮਸਲਾ ਹੱਲ ਹੋ ਜਾਣ ਦੀ ਉਮੀਦ ਹੈ ਅਤੇ ਜੇਕਰ ਕੈਪਟਨ ਸਰਕਾਰ ਆਪਣੇ ਵਾਅਦੇ ਨੂੰ ਅਮਲੀ ਜਾਮਾ ਨਾ ਪਹਿਨਾ ਸਕੀ ਤਾਂ ਪੰਥ ਦੇ ਮੁੱਖ ਆਗੂ ਮੁਤਵਾਜ਼ੀ ਜਥੇਦਾਰਾਂ ਦੀ ਏਕਤਾ ਲਈ ਵਾਹ ਲਾਉਣਗੇ।

ਸੂਤਰ ਦੱਸਦੇ ਹਨ ਕਿ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਤਾਂ ਪੰਥਕ ਏਕਤਾ ਦੇ ਮੱਦੇਨਜ਼ਰ ਅਤੇ ਪੰਥਕ ਭਰੋਸੇਯੋਗਤਾ ਖਾਤਰ ਦੋ ਪੈਰ ਪਿੱਛੇ ਹਟਣ ਦਾ ਵਾਅਦਾ ਵੀ ਕਰ ਦਿੱਤਾ ਹੈ ਜਦਕਿ ਦਾਦੂਵਾਲ ਦਾ ਗੁੱਸਾ ਠੰਢਾ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪਤਾ ਲੱਗਾ ਹੈ ਕਿ ਧਿਆਨ ਸਿੰਘ ਮੰਡ 16 ਦਸੰਬਰ ਨੂੰ ਪਿੰਡ ਦਾਦੂਵਾਲ ਵਿਚ ਮੁਤਵਾਜ਼ੀ ਜਥੇਦਾਰ ਦਾਦੂਵਾਲ ਨੂੰ ਮਿਲ ਕੇ ਵੀ ਆਏ ਹਨ। ਅਸਲ ਰੌਲਾ ਬਰਗਾੜੀ ਮੋਰਚੇ ਦੇ ਸਿਆਸੀ ਸਿਹਰੇ ਦਾ ਹੈ। ਮੁੱਖ ਮੰਤਰੀ ਨਾਲ 6 ਜੂਨ ਨੂੰ ਮੋਰਚਾ ਆਗੂਆਂ ਦੀ ਮੀਟਿੰਗ ਹੋਈ ਸੀ ਤਾਂ ਉਸ ਵਿਚ ਦਾਦੂਵਾਲ ਸ਼ਾਮਲ ਸਨ। ਉਸ ਤੋਂ ਬਾਅਦ ਜੋ ਵੀ ਸਰਕਾਰੀ ਪੱਧਰ 'ਤੇ ਗੱਲਬਾਤ ਚੱਲੀ, ਉਸ ਵਿਚ ਦਾਦੂਵਾਲ ਸ਼ਾਮਲ ਨਹੀਂ ਸਨ। ਚਰਚੇ ਚੱਲ ਰਹੇ ਹਨ ਕਿ ਦਾਦੂਵਾਲ ਨੇ ਮੰਡ ਤੋਂ ਆਪਣੀ ਗੱਡੀ ਦੇ ਤੇਲ ਦਾ ਖਰਚਾ ਮੰਗਿਆ ਹੈ। ਸੂਤਰਾਂ ਮੁਤਾਬਕ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਮੋਗਾ ਦੇ ਪਿੰਡ ਰਣਸੀਂਹ ਕਲਾਂ ਵਿਚ ਵੀ ਆਗੂ ਬੂਟਾ ਸਿੰਘ ਨਾਲ ਗੱਲਬਾਤ ਕਰਨ ਗਏ ਸਨ ਜੋ 8 ਜਨਵਰੀ ਦੀ ਪੰਥਕ ਕਨਵੈਨਸ਼ਨ ਦਾ ਪ੍ਰਬੰਧ ਕਰ ਰਹੇ ਹਨ। ਵੱਡਾ ਇਤਰਾਜ਼ ਮੰਡ ਵਲੋਂ ਬਰਗਾੜੀ ਮੋਰਚੇ ਨੂੰ ਸਮਾਪਤ ਕਰਨ ਲਈ ਅਖਤਿਆਰ ਕੀਤੇ ਢੰਗ ਤਰੀਕੇ 'ਤੇ ਹੈ।

ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਨੇ ਵੀ ਬਰਗਾੜੀ ਮੋਰਚਾ ਸਮਾਪਤ ਕਰਾਉਣ ਲਈ ਪੰਜਾਬ ਸਰਕਾਰ ਰਾਹੀਂ ਦਬਾਅ ਬਣਾਇਆ ਸੀ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਮੋਰਚੇ ਦਾ ਸਿਹਰਾ ਲੈਣ ਅਤੇ ਗੱਡੀ ਦੇ ਤੇਲ ਦੇ ਪੈਸਿਆਂ ਆਦਿ ਦਾ ਕੋਈ ਰੌਲਾ ਹੀ ਨਹੀਂ ਹੈ। ਮਸਲਾ ਸਿਰਫ ਮੰਡ ਵਲੋਂ ਦਿਖਾਏ ਵਤੀਰੇ ਅਤੇ ਮੋਰਚਾ ਸਮਾਪਤ ਕਰਨ ਲਈ ਵਰਤੀ ਕਾਹਲ ਪਿਛਲੇ ਕਾਰਨਾਂ ਦਾ ਹੈ। ਜਿੰਨਾਂ ਸਮਾਂ ਮੰਡ ਕਾਰਨ ਨਹੀਂ ਦੱਸਣਗੇ, ਉਨਾਂ ਸਮਾਂ ਕੋਈ ਗੱਲਬਾਤ ਨਹੀਂ ਹੋਵੇਗੀ। ਦਾਦੂਵਾਲ ਨੇ ਕਿਹਾ ਕਿ ਮੰਡ ਪਹਿਲਾਂ ਜਵਾਬ ਦੇਵੇ। ਦੂਜੇ ਪਾਸੇ ਜਦੋਂ ਮੰਡ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।


author

cherry

Content Editor

Related News