ਪਿੰਡ ਮੋਹਕਮ ਅਰਾਈਆਂ ਦੀ ਪੰਚਾਇਤ, ਪਿੰਡ ਨਿਵਾਸੀਆਂ ਅਤੇ ਪ੍ਰਮੁੱਖ ਪਤਵੰਤਿਆਂ ਵੱਲੋਂ ਧਰਨਾ
Wednesday, Aug 09, 2017 - 04:26 PM (IST)

ਜਲਾਲਾਬਾਦ(ਟੀਨੂੰ) - ਅੱਜ ਸਵੇਰੇ ਪਿੰਡ ਮੋਹਕਮ ਅਰਾਈਆਂ ਪਿੰਡ ਦੀ ਪੰਚਾਇਤ ਅਤੇ ਪਿੰਡ ਨਿਵਾਸੀਆਂ ਵੱਲੋਂ ਜਲਾਲਾਬਾਦ ਦੀ ਬਾਗ ਕਾਲੋਨੀ ਵਿੱਚ ਸਥਿਤ ਚਸਕਾ ਰੈਸਟੋਰੈਂਟ ਦੇ ਨਜ਼ਦੀਕ ਦੇ ਨਿਵਾਸੀ ਜੀਤ ਸਿੰਘ ਚਾਵਲਾ ਦੀ ਰਿਹਾਇਸ਼ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਪਿੰਡ ਦੀ ਪੰਚਾਇਤ ਵੱਲੋਂ ਇਹ ਰੋਸ ਧਰਨਾ ਜੀਤ ਸਿੰਘ ਚਾਵਲਾ ਵੱਲੋਂ ਮ੍ਰਿਤਕ ਜਸਪਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਮੋਹਕਮ ਅਰਾਈਆਂ ਦੇ ਪਰਿਵਾਰ ਕੀਤੇ ਵਾਅਦੇ ਮੁਤਾਬਿਕ ਪੈਸੇ ਨਾ ਦੇਣ ਦੇ ਰੋਸ ਵਜੋਂ ਦਿੱਤਾ ਗਿਆ।
ਬਾਗ ਕਾਲੋਨੀ ਵਿਖੇ ਜੀਤ ਸਿੰਘ ਚਾਵਲਾ ਦੀ ਰਿਹਾਇਸ਼ ਦੇ ਬਾਹਰ ਰੋਸ ਧਰਨਾ ਦੇ ਰਹੇ ਮ੍ਰਿਤਕ ਜਸਪਾਲ ਸਿੰਘ ਦੇ ਭਰਾ ਸੁਖਪਾਲ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਜਸਪਾਲ ਸਿੰਘ ਜੀਤ ਸਿੰਘ ਚਾਵਲਾ ਦੀ ਫੈਕਟਰੀ ਜੋ ਕਿ ਫ਼ਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਸਥਿਤ ਸੰਤ ਕਬੀਰ ਗੁਰੂਕੁਲ ਸਕੂਲ ਦੇ ਸਾਹਮਣੇ ਹੈ, ਉਸ ਫੈਕਟਰੀ ਵਿੱਚ ਕੰਮ ਕਰਨ ਦੇ ਲਈ ਲੱਗਿਆ ਸੀ। ਇਸ ਦੌਰਾਨ ਫੈਕਟਰੀ ਦੇ ਮਾਲਿਕ ਜੀਤ ਸਿੰਘ ਚਾਵਲਾ ਨੇ ਜਸਪਾਲ ਸਿੰਘ ਨੂੰ ਜ਼ਿਲਾ ਲੁਧਿਆਣਾ ਦੇ ਪਿੰਡ ਮਲੌਦ ਵਿਖੇ ਕੰਮ ਕਰਨ ਦੇ ਲਈ ਭੇਜ ਦਿੱਤਾ। ਜਿੱਥੇ ਜਸਪਾਲ ਸਿੰਘ ਨੇ ਕੰਮ ਕਰਨ ਦੇ ਦੌਰਾਨ ਆਪਣੇ ਘਰ ਵਾਪਿਸ ਆਣਾ ਚਾਹਿਆ ਤਾਂ ਜੀਤ ਸਿੰਘ ਚਾਵਲਾ ਅਤੇ ਉਸਦੇ ਸਾਥੀਆਂ ਨੇ ਜਸਪਾਲ ਸਿੰਘ ਨੂੰ ਵਾਪਿਸ ਨਾ ਆਉਣ ਦਿੱਤਾ।
ਸੁਖਪਾਲ ਸਿੰਘ ਨੇ ਦੱਸਿਆ ਕਿ 12 ਜੂਨ ਨੂੰ ਸਾਨੂੰ ਜੀਤ ਸਿੰਘ ਚਾਵਲਾ ਦਾ ਫੋਨ ਆਇਆ ਕਿ ਜਸਪਾਲ ਸਿੰਘ ਦੀ ਕੰਮ ਕਰਦੇ ਸਮੇਂ ਡਿੱਗਣ ਦੇ ਕਾਰਨ ਮੌਤ ਹੋ ਗਈ ਹੈ। ਉਸਨੇ ਦੱਸਿਆ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਜਸਪਾਲ ਸਿੰਘ ਦੀ ਮੌਤ ਡਿੱਗਣ ਕਰਕੇ ਨਹੀਂ ਹੋਈ ਹੈ। ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਹੋਰ ਪ੍ਰਮੁੱਖ ਪਤਵੰਤਿਆਂ ਨੇ ਮੀਟਿੰਗ ਕਰਕੇ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ। ਮ੍ਰਿਤਕ ਜਸਪਾਲ ਸਿੰਘ ਦੇ ਪਰਿਵਾਰ ਗਰੀਬ ਹੋਣ ਕਰਕੇ ਅਤੇ ਜਸਪਤਾਲ ਸਿੰਘ ਦੀ ਹੋਈ ਮੌਤ ਤੋਂ ਬਾਅਦ ਘਰ ਵਿੱਚ ਕਮਾਈ ਕਰਨ ਵਾਲਾ ਹੋਰ ਕੋਈ ਨਾ ਹੋਣ ਕਰਕੇ ਜੀਤ ਸਿੰਘ ਚਾਵਲਾ ਨੇ ਪੰਚਾਇਤ ਅਤੇ ਪਤਵੰਤਿਆਂ ਦੇ ਸਾਹਮਣੇ ਮ੍ਰਿਤਕ ਜਸਪਾਲ ਸਿੰਘ ਦੇ ਪਰਿਵਾਰ ਨੂੰ 3 ਲੱਖ 25 ਹਜ਼ਾਰ ਰੁਪਏ ਅਤੇ ਜਸਪਾਲ ਸਿੰਘ ਦੇ ਅੰਤਿਮ ਸੰਸਕਾਰ ਤੋਂ ਲੈ ਕੇ ਭੋਗ ਤੱਕ ਹੋਣ ਵਾਲਾ ਸਾਰਾ ਖਰਚਾ ਦੇਣ ਦਾ ਵਾਅਦਾ ਕੀਤਾ।
ਮ੍ਰਿਤਕ ਜਸਪਾਲ ਸਿੰਘ ਦੇ ਭਰਾ ਸੁਖਪਾਲ ਸਿੰਘ ਨੇ ਦੱਸਿਆ ਕਿ ਜੀਤ ਸਿੰਘ ਚਾਵਲਾ ਵੱਲੋਂ ਜਸਪਾਲ ਸਿੰਘ ਦੇ ਪਰਿਵਾਰ ਨੂੰ ਬਾਕੀ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਨਾ ਤਾਂ ਜੀਤ ਸਿੰਘ ਚਾਵਲਾ ਸਾਡਾ ਫੋਨ ਚੁੱਕਦਾ ਸੀ ਅਤੇ ਨਾਂ ਹੀ ਪੰਚਾਇਤ ਦੀ ਗੱਲ ਸੁਣ ਰਿਹਾ ਸੀ। ਇਸ ਦੌਰਾਨ ਸਾਡੇ ਵੱਲੋਂ ਜੀਤ ਸਿੰਘ ਚਾਵਲਾ ਨਾਲ ਕਈ ਵਾਰ ਗੱਲ ਕਰਨੀ ਚਾਹੀ, ਕਿਉਂਕਿ ਮ੍ਰਿਤਕ ਜਸਪਾਲ ਸਿੰਘ ਪਿੱਛੇ ਆਪਣੀ ਪਤਨੀ, 3 ਲੜਕੀਆਂ ਅਤੇ ਇੱਕ ਲੜਕਾ ਛੱਡ ਗਿਆ ਹੈ ਅਤੇ ਘਰ ਵਿੱਚ ਗਰੀਬੀਂ ਹੋਣ ਕਰਕੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਚੱਲ ਰਿਹਾ ਹੈ ਪਰ ਜੀਤ ਸਿੰਘ ਚਾਵਲਾ ਸਾਡੀ ਗੱਲ ਨਹੀਂ ਸੁਣ ਰਿਹਾ। ਇਸੇ ਰੋਸ ਵਜੋਂ ਅੱਜ ਸਾਨੂੰ ਪਿੰਡ ਦੀ ਪੰਚਾਇਤ, ਪਿੰਡ ਨਿਵਾਸੀਆਂ ਅਤੇ ਹੋਰ ਪ੍ਰਮੁੱਖ ਪਤਵੰਤਿਆਂ ਨਾਲ ਮਿਲ ਕੇ ਜੀਤ ਸਿੰਘ ਚਾਵਲਾ ਦੇ ਘਰ ਬਾਹਰ ਰੋਸ ਧਰਨਾ ਦੇਣ ਦੇ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਊਧਰ ਦੂਸਰੇ ਪਾਸੇ ਇਸ ਰੋਸ ਧਰਨੇ ਸੰਬੰਧੀ ਜਿਵੇਂ ਹੀ ਸਥਾਨਕ ਥਾਣਾ ਸਿਟੀ ਪੁਲਸ ਨੂੰ ਖਬਰ ਪਤਾ ਲੱਗੀ ਤਾਂ ਥਾਣਾ ਸਿਟੀ ਦੇ ਏ. ਐਸ. ਆਈ ਹਰਭਜਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜੀਤ ਸਿੰਘ ਚਾਵਲਾ ਦੇ ਘਰ ਬਾਹਰ ਰੋਸ ਧਰਨਾ ਦੇ ਰਹੇ ਧਰਨਾਕਾਰੀਆਂ ਦੇ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਪੁਲਸ ਨੇ ਇਸ ਮਸਲੇ ਵਿੱਚ ਪੈ ਕੇ ਦੋਵਾਂ ਧਿਰਾਂ ਦਾ ਲਿਖਤੀ ਰਾਜ਼ੀਨਾਮਾ ਕਰਵਾਇਆ ਤਾਂ ਧਰਨਾਕਾਰੀਆਂ ਨੇ ਆਪਣਾ ਰੋਸ ਧਰਨਾ ਸਮਾਪਤ ਕਰ ਦਿੱਤਾ। ਇਸ ਦੇ ਨਾਲ ਹੀ ਜਦੋਂ ਇਸ ਮਸਲੇ ਸੰਬੰਧੀ ਜੀਤ ਸਿੰਘ ਚਾਵਲਾ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਫੋਨ ਉਨ੍ਹਾ ਨੇ ਲੜਕੇ ਨੇ ਚੁੱਕਿਆ ਅਤੇ ਆਪਣੇ ਪਿਤਾ ਨਾਲ ਗੱਲ ਨਾ ਕਰਵਾਉਣ ਸੰਬੰਧੀ ਆਖਦੇ ਹੋਏ ਫੋਨ ਕੱਟ ਦਿੱਤਾ।