ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਧਰਨਾ
Saturday, Aug 19, 2017 - 07:36 AM (IST)
ਗੁਰਦਾਸਪੁਰ, (ਵਿਨੋਦ)- ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨਾਲ ਸੰਬੰਧਿਤ ਇਫਟੂ ਵੱਲੋਂ ਅੱਜ ਕਿਰਤ ਵਿਭਾਗ ਦੇ ਮਜ਼ਦੂਰਾਂ ਨੂੰ ਰਜਿਸਟਰਡ ਕਰਨ ਅਤੇ ਹੋਰ ਲਾਭਾਂ ਦੇ ਫਾਰਮ ਆਨਲਾਈਨ ਕਰਨ ਦੇ ਫੈਸਲੇ ਦੇ ਵਿਰੋਧ ਵਿਚ ਗੁਰਦਾਸਪੁਰ ਸ਼ਹਿਰ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਫਟੂ ਦੀ ਅਗਵਾਈ ਵਿਚ ਮਜ਼ਦੂਰਾਂ ਨੇ ਡਾਕਖਾਨਾ ਚੌਕ ਵਿਚ ਜਾਮ ਲਾਇਆ। ਉਪਰੰਤ ਕਿਰਤ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦਿੱਤਾ।
ਇਫਟੂ ਆਗੂਆਂ ਸੰਸਾਰ ਸਿੰਘ, ਜੋਗਿੰਦਰ ਘੁਰਾਲਾ, ਸੁਖਦੇਵ ਬਹਿਰਾਮਪੁਰ, ਗੁਰਮੀਤ ਰਾਜ ਪਾਹੜਾ, ਪੀ. ਐੱਮ. ਯੂ. ਦੇ ਜ਼ਿਲਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਤੇ ਇਫਟੂ ਆਗੂ ਸਰਵਨ ਭੋਲਾ ਨੇ ਕਿਹਾ ਕਿ ਲੇਬਰ ਇੰਸਪੈਕਟਰ ਗੁਰਦਾਸਪੁਰ ਨੇ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਵਾਸਤੇ ਉਨ੍ਹਾਂ ਦੀ ਜਥੇਬੰਦੀ ਨੂੰ 18-8-2017 ਨੂੰ ਕੈਂਪ ਲਾਉਣ ਦਾ ਭਰੋਸਾ ਦਿੱਤਾ ਹੋਇਆ ਸੀ। 18 ਤਰੀਕ ਨੂੰ 500 ਤੋਂ ਵੀ ਵੱਧ ਮਜ਼ਦੂਰ ਕੈਂਪ ਵਾਸਤੇ ਆ ਗਏ ਸਨ ਤਾਂ ਇੰਸਪੈਕਟਰ ਨੇ ਰਜਿਸਟ੍ਰੇਸ਼ਨ ਆਨਲਾਈਨ ਹੋਣ ਦਾ ਬਹਾਨਾ ਬਣਾ ਕੇ ਕੈਂਪ ਰੱਦ ਕਰ ਦਿੱਤਾ, ਜਿਸ ਦੇ ਰੋਸ ਵਜੋਂ ਮਜ਼ਦੂਰਾਂ ਨੇ ਜਾਮ ਲਾ ਦਿੱਤਾ।
ਇਫਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ ਨੇ ਦੱਸਿਆ ਕਿ ਜਾਮ ਲੱਗਣ ਕਰ ਕੇ ਐੱਸ. ਡੀ. ਐੱਮ. ਗੁਰਦਾਸਪੁਰ ਨਾਲ ਇਫਟੂ ਆਗੂਆਂ ਦੀ ਮੀਟਿੰਗ ਉਪਰੰਤ ਕੈਂਪ ਲਾਉਣ ਦਾ ਫੈਸਲਾ ਹੋਣ 'ਤੇ ਜਾਮ ਖੋਲ੍ਹਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸਰਕਾਰ ਦੇ ਇਸ ਫੈਸਲੇ ਵਿਰੁੱਧ ਪੰਜਾਬ ਪੱਧਰੀ ਸੰਘਰਸ਼ ਲਾਮਬੱਧ ਕਰੇਗੀ।
