ਭਿੰਦਾ ਕਤਲ ਕੇਸ ਤੋਂ ਬਾਅਦ ਪੁਲਸ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਬਣੇ ਪੀ. ਜੀ. ਸੈਂਟਰਾਂ ਦੀ ਅਚਨਚੇਤ ਚੈਕਿੰਗ
Monday, Apr 11, 2022 - 06:15 PM (IST)
ਪਟਿਆਲਾ (ਬਲਜਿੰਦਰ) : ਲੰਘੀ 5 ਅਪ੍ਰੈਲ ਨੂੰ ਧਰਮਿੰਦਰ ਸਿੰਘ ਭਿੰਦਾ ਦੇ ਕਤਲ ਤੋਂ ਬਾਅਦ ਪੁਲਸ ਵਲੋਂ ਦੂਜੀ ਵਾਰ ਅਚਾਨਕ ਪੀ. ਜੀ. ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਡੀ. ਐੱਸ. ਪੀ. ਸਿਟੀ-2 ਮੋਹਿਤ ਅਗਰਵਾਲ ਅਤੇ ਐੱਸ. ਐੱਚ. ਓ. ਥਾਣਾ ਅਰਬਨ ਅਸਟੇਟ ਅੰਮ੍ਰਿਤਵੀਰ ਸਿੰਘ ਚਹਿਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮਾਂ ਨੇ ਟੀਮਾ ਬਣਾ ਕੇ ਅਚਨਚੇਤ ਚੈਕਿੰਗ ਸ਼ੁਰੂ ਕੀਤੀ। ਜਿੰਨੇ ਵੀ ਪਟਾਕਿਆਂ ਵਾਲੇ ਬੁਲੇਟ ਨਜ਼ਰ ਆਏ, ਸਾਰਿਆਂ ਦੇ ਚਲਾਨ ਕੀਤੇ ਗਏ। ਪੁਲਸ ਨੇ ਹਰ ਪੀ. ਜੀ. ਦਾ ਰਿਕਾਰਡ ਵੀ ਚੈੱਕ ਕੀਤਾ ਅਤੇ ਕਿੰਨੀ ਦੇਰ ਤੋਂ ਰਹਿ ਰਿਹਾ ਹੈ, ਇਥੇ ਪੜ੍ਹਦਾ ਹੈ ਜਾਂ ਫਿਰ ਕੋਈ ਹੋਰ ਕੰਮ ਕਰਦਾ ਹੈ, ਆਦਿ ਬਾਰੇ ਜਾਣਕਾਰ ਲਈ। ਲਗਭਗ 2 ਘੰਟੇ ਤੱਕ ਪੁਲਸ ਨੇ ਚੈਕਿੰਗ ਮੁਹਿੰਮ ਚਲਾਈ।
ਇਸ ਮੌਕੇ ਡੀ. ਐੱਸ. ਪੀ. ਮੋਹਿਤ ਅਗਰਵਾਲ ਨੇ ਦੱਸਿਆ ਕਿ ਇਹ ਰੂਟੀਨ ਚੈਕਿੰਗ ਹੈ। ਹੁਣ ਇਹ ਚੈਕਿੰਗਾਂ ਲਗਾਤਾਰ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਸਾਰੀਆਂ ਪੀ. ਜੀ. ਸੈਂਟਰਾਂ ਦੇ ਮਾਲਕਾਂ ਨੂੰ ਸਾਫ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ, ਬਿਨਾਂ ਇਜਾਜ਼ ਕੋਈ ਵੀ ਗੈਸਟ ਨਾ ਰੱਖਿਆ ਜਾਵੇ। ਜਿਹੜਾ ਵੀ ਗੈਸਟ ਰੱਖਿਆ ਜਾਵੇ, ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਉਸ ਬਾਰੇ ਪੁਲਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ।
ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਸਾਹਮਣੇ ਵੱਡੀ ਗਿਣਤੀ ’ਚ ਪੀ. ਜੀ. ਸੈਂਟਰ ਬਣੇ ਹੋਏ ਹਨ। ਇਨ੍ਹਾਂ ਸੈਂਟਰਾਂ ਦੀ ਚੈਕਿੰਗ ਬਾਰੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਵੱਲੋਂ ਐਤਵਾਰ ਦੀ ਪ੍ਰੈੱਸ ਕਾਨਫਰੰਸ ’ਚ ਕਹਿ ਦਿੱਤਾ ਗਿਆ ਸੀ ਕਿ ਉਹ ਇਸ ਤਰ੍ਹਾਂ ਦੀਆਂ ਚੈਕਿੰਗਾਂ ਨਿਰੰਤਰ ਕਰਵਾਉਂਦੇ ਰਹਿਣਗੇ। ਵਰਨਣਯੋਗ ਹੈ ਕਿ ਭਿੰਦਾ ਕਤਲ ਕੇਸ ’ਚ ਅਜੇ ਵੀ ਚਾਰੇ ਮੁੱਖ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਸ ਨੇ ਚੈਕਿੰਗ ਦੇ ਬਹਾਨੇ ਨਾਲ ਇਕ ਤਰ੍ਹਾਂ ਦੀ ਏਰੀਏ ਦੀ ਵੀ ਸਰਚ ਵੀ ਕੀਤੀ ਹੈ ਕਿਉਂਕਿ ਪੁਲਸ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਵੱਡੀ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।