4 ਸਾਲ ਪਾਵਨ ਸਰੂਪਾਂ ਦੀ ਬੇਅਦਬੀ ਨੂੰ ਦੱਬੀ ਰੱਖਿਆ, ਹੁਣ ਸਰੂਪ ਲਿਆਂਦੇ ਗਏ ਗੁਰਦੁਆਰਾ ਸਾਹਿਬ
Monday, Sep 14, 2020 - 05:33 PM (IST)
ਧਾਰੀਵਾਲ (ਖੋਸਲਾ/ਬਲਬੀਰ) : ਨਜ਼ਦੀਕੀ ਪਿੰਡ ਰਣੀਆਂ ਵਿਖੇ ਗੁਰਦੁਆਰਾ ਸਿੰਘ ਸਭਾ 'ਚ ਲਗਭਗ ਚਾਰ ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਹੋਏ 4 ਸਰੂਪ ਮਿਲਣ ਨਾਲ ਸੰਗਤਾਂ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਕਤ ਗੁਰਦੁਆਰਾ ਸਾਹਿਬ ਵਿਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਪਾਵਨ ਸਰੂਪਾਂ 'ਚੋਂ 4 ਪਾਵਨ ਸਰੂਪਾਂ ਦੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਬੇਅਦਬੀ ਕਰ ਕੇ ਉਨ੍ਹਾਂ ਦੇ ਅੰਗ ਪਾੜੇ ਗਏ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਲਈ ਖੜੀ ਹੋਈ ਨਵੀਂ ਸਮੱਸਿਆ, 90 ਫ਼ੀਸਦੀ ICU ਬੈੱਡ ਮਰੀਜ਼ਾਂ ਨਾਲ ਭਰੇ
ਇਸ ਸਬੰਧੀ ਸਬੰਧਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਦੀ ਸੂਚਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਿੰ੍ਰਤਸਰ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਜਾਂ ਪੁਲਸ ਪ੍ਰਸ਼ਾਸਨ ਨੂੰ ਨਹੀਂ ਦਿੱਤੀ ਪਰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇ. ਗਿਆਨੀ ਹਰਪ੍ਰੀਤ ਸਿੰਘ ਅਤੇ ਐੱਸ. ਸੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਪਿੰਡਾਂ ਅਤੇ ਸ਼ਹਿਰਾਂ 'ਚ ਸਥਿਤ ਗੁਰਦੁਆਰਾ ਸਾਹਿਬ ਜਾਂ ਸ਼ਰਧਾਲੂਆਂ ਵਲੋਂ ਆਪਣੇ ਘਰਾਂ 'ਚ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸਬੰਧੀ ਜਾਣਕਾਰੀ ਅਤੇ ਰੱਖ ਰਖਾਓ ਦਾ ਜਾਇਜ਼ਾ ਲੈਣ ਲਈ 100 ਤੋਂ ਵੱਧ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਵੱਖਰੇ ਕੌਮੀ ਘਰ ਦੀ ਮੰਗ ਦਾ ਕੀਤਾ ਸਮਰਥਨ
ਇਸ ਦੌਰਾਨ ਪ੍ਰਚਾਰਕ ਬੀਬੀ ਰਾਜਬੀਰ ਕੌਰ ਅਤੇ ਬੀਬੀ ਦਲਜੀਤ ਕੌਰ ਜਦ ਗੁਰਦੁਆਰਾ ਸਿੰਘ ਸਭਾ ਰਣੀਆਂ 'ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸਬੰਧੀ ਜਾਣਕਾਰੀ ਲੈਣ ਗਏ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਲਵਿੰਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਦਿਆਲ ਸਿੰਘ ਨੇ ਪਾਵਨ ਸਰੂਪਾਂ ਦੇ ਦਰਸ਼ਨ ਕਰਵਾਉਣ ਤੋਂ ਆਨਾ-ਕਾਨੀ ਕੀਤੀ, ਜਿਸ 'ਤੇ ਇਸ ਦੀ ਸੂਚਨਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐੱਸ. ਜੀ. ਪੀ. ਸੀ. ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇ. ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਰੇ ਮਾਮਲੇ ਦਾ ਜਾਇਜ਼ਾ ਲੈਣ ਲਈ ਮਾਝਾ ਜ਼ੋਨ ਦੇ ਹੈੱਡ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸਹੂਰ ਅਤੇ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਦੇ ਮੈਨੇਜਰ ਧਰਵਿੰਦਰ ਸਿੰਘ ਮਾਣੋਚਾਹਲ ਦੇ ਅਧਾਰਿਤ ਇਕ ਕਮੇਟੀ ਨੂੰ ਪਿੰਡ ਰਣੀਆਂ 'ਚ ਭੇਜਿਆ, ਜਿਨ੍ਹਾਂ ਨੇ ਮੌਕੇ 'ਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬੇਅਦਬੀ ਹੋਏ ਪਾਵਨ ਸਰੂਪਾਂ ਨੂੰ ਗੁਰੂ ਮਰਿਯਾਦਾ ਨਾਲ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਪਹੁੰਚਾਇਆ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਖ਼ਿਲਾਫ਼ ਵੱਡੀ ਕਾਰਵਾਈ, ਯੂ-ਟਿਊਬ ਚੈਨਲ ਪੂਰੀ ਤਰ੍ਰਾਂ ਕੀਤਾ ਬਲਾਕ
ਸਬੰਧਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਗ੍ਰੰਥੀ ਅਤੇ ਕੁਝ ਹੋਰ ਪਿੰਡ ਵਾਸੀਆਂ ਦੇ ਬਿਆਨ ਲਿਖਤੀ ਰੂਪ 'ਚ ਲੈਣ ਤੋਂ ਬਾਅਦ ਭਾਈ ਜਸਵਿੰਦਰ ਸਿੰਘ ਸਹੂਰ ਅਤੇ ਮੈਨਜੇਰ ਧਰਵਿੰਦਰ ਸਿੰਘ ਮਾਣੋਚਾਹਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਗਿਆਨੀ ਹਰਪ੍ਰੀਤ ਸਿੰਘ ਅਤੇ ਪ੍ਰਧਾਨ ਲੌਂਗੋਵਾਲ ਨੂੰ ਦੇਣ ਦੇ ਨਾਲ-ਨਾਲ ਥਾਣਾ ਧਾਰੀਵਾਲ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਇਹ ਸਾਰੀ ਮੰਦਭਾਗੀ ਘਟਨਾ ਨੂੰ ਲਗਭਗ 4 ਸਾਲ ਲੁਕਾ ਕੇ ਰੱਖਣ ਲਈ ਗੁਰਦੁਆਰਾ ਰਣੀਆਂ ਦੀ ਪ੍ਰਬੰਧਕ ਕਮੇਟੀ ਵੀ ਗੁਨਾਹਗਾਰ ਹੈ ਪਰ ਫਿਰ ਵੀ ਬੇਅਦਬੀ ਕਰਨ ਵਾਲੇ ਕਿਸੇ ਵੀ ਵਿਕਅਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਵਰਿਆਮ ਸਿੰਘ, ਭਾਈ ਲਖਬੀਰ ਸਿੰਘ, ਭਾਈ ਹਰਸੁਖਮਨ ਸਿੰਘ, ਲੱਖਾ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।