ਮੰਦਰ ਦੀ ਤੋੜ-ਭੰਨ ਦੇ ਵਿਰੋਧ ''ਚ ਸ਼ਿਵ ਸੈਨਾ ਨੇ ਸਰਕਾਰ ਦਾ ਫੂਕਿਆ ਪੁਤਲਾ

07/05/2019 5:17:18 PM

ਧਾਰੀਵਾਲ (ਖੋਸਲਾ, ਬਲਬੀਰ) : ਬੀਤੇ ਦਿਨੀਂ ਪੁਰਾਣੀ ਦਿੱਲੀ ਵਿਖੇ ਇਕ ਮੰਦਿਰ ਦੀ ਤੋੜ-ਭੰਨ ਕਰਨ ਦੇ ਵਿਰੋਧ ਵਿਚ ਸ਼ਿਵ ਸੈਨਾ ਹਿੰਦੋਸਤਾਨ ਵਲੋਂ ਡਡਵਾਂ ਚੌਕ ਧਾਰੀਵਾਲ ਵਿਚ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਦੇ ਸੂਬਾ ਪ੍ਰਧਾਨ ਹਨੀ ਮਹਾਜਨ ਅਤੇ ਸੂਬਾ ਮੁੱਖ ਬੁਲਾਰਾ ਰੋਹਿਤ ਮੈਂਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪੁਰਾਣੀ ਦਿੱਲੀ ਦੇ ਲਾਲ ਕੂਆਂ ਇਲਾਕੇ ਵਿਚ ਇਕ ਹਿੰਦੂ ਪਰਿਵਾਰ ਵਲੋਂ ਮੁਸਲਿਮ ਸਮੁਦਾਇ ਦੇ ਲੜਕਿਆਂ ਨੂੰ ਆਪਣੇ ਘਰ ਦੇ ਬਾਹਰ ਸ਼ਰਾਬ ਪੀਣ ਤੋਂ ਮਨ੍ਹਾ ਕਰਨ 'ਤੇ ਇਕ ਜ਼ਬਰਦਸਤ ਵਿਵਾਦ ਹੋਇਆ ਸੀ। ਜਿਸਦੇ ਕਾਰਣ ਮੁਸਲਿਮ ਸਮੁਦਾਇ ਦੇ 250/300 ਲੋਕਾਂ ਨੇ ਉਸ ਹਿੰਦੂ ਪਰਿਵਾਰ ਦੀਆਂ ਔਰਤਾਂ ਦੇ ਨਾਲ ਬਦਸਲੂਕੀ ਕੀਤੀ ਅਤੇ ਬਾਅਦ ਵਿਚ ਉਸੇ ਹੀ ਇਲਾਕੇ ਅੰਦਰ ਸਥਿਤ ਦੁਰਗਾ ਮੰਦਰ ਵਿਚ ਭਾਰੀ ਤੋੜ-ਭੰਨ ਕੀਤੀ ਅਤੇ ਮੰਦਰ ਦੇ ਅੰਦਰ ਸਥਾਪਤ ਮੂਰਤੀਆਂ ਨੂੰ ਖੰਡਿਤ ਕਰ ਕੇ ਉਨ੍ਹਾਂ ਉੱਪਰ ਲੱਗੇ ਲਾਲ ਕੱਪੜਿਆਂ ਨੂੰ ਸਾੜਿਆ ਗਿਆ। ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਹਿੰਦੂ ਭਾਈਚਾਰੇ ਅੰਦਰ ਰੋਸ ਦੀ ਲਹਿਰ ਪਾਈ ਜਾ ਰਹੀ ਹੈ। 

ਬੁਲਾਰਿਆਂ ਨੇ ਕਿਹਾ ਕਿ ਪੁਲਸ ਨੇ ਭਾਵੇਂ ਇਸ ਮਾਮਲੇ ਨੂੰ ਤੂਲ ਦੇਣ ਵਾਲੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਮੰਦਰ ਦੀ ਤੋੜ-ਭੰਨ ਕਰਨ ਵਾਲੇ ਬਾਕੀ ਲੋਕਾਂ ਨੂੰ ਪੁਲਸ ਨੇ ਅਜੇ ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਪੁਲਸ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਇਹ ਕਹਿ ਕੇ ਆਪਣਾ ਪੱਲਾ ਝਾੜ ਰਹੀ ਹੈ ਕਿ ਗੱਡੀ ਪਾਰਕ ਕਰਦੇ ਹੋਏ ਦੋ-ਚਾਰ ਲੋਕਾਂ ਦਾ ਆਪਸ ਵਿਚ ਝਗੜਾ ਹੋ ਗਿਆ ਸੀ। ਉਨ੍ਹਾਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਛਾਣਬੀਣ ਕਰਦਿਆਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਕੇ ਹਿੰਦੂ ਭਾਈਚਾਰੇ ਨੂੰ ਇਨਸਾਫ ਦਵਾਇਆ ਜਾਵੇ। ਇਸ ਮੌਕੇ ਮਨੋਜ ਵੋਹਰਾ, ਅਕਾਸ਼ ਬੱਬਰ, ਅਤੁੱਲ ਮਹਾਜਨ, ਲਵਲੀ ਚੋਪੜਾ, ਅਮਿਤ ਕੁਮਾਰ, ਪੱਪੂ ਖੋਸਲਾ, ਮਨਪ੍ਰੀਤ ਸਭਰਵਾਲ, ਸੰਜੀਵ ਕੁਮਾਰ ਅਤੇ ਹੈਪੀ ਸ਼ਰਮਾ ਆਦਿ ਹਾਜ਼ਰ ਸਨ।


Baljeet Kaur

Content Editor

Related News