''ਧਨੰਜੇ'' ਦੇ ਸਕੂਲ ਦੀ ਇਕ ਹੋਰ ਵੀਡੀਓ ਵਾਇਰਲ, ਹੁਣ ਮਾਸੂਮ ਬੱਚੀ ''ਤੇ ਤਸ਼ੱਦਦ

12/2/2019 2:52:50 PM

ਲੁਧਿਆਣਾ (ਨਰਿੰਦਰ) : ਸਕੂਲ 'ਚ ਵਿਦਿਆਰਥੀਆਂ 'ਤੇ ਤਸ਼ੱਦਦ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇੱਥੇ ਐੱਸ. ਜੀ. ਡੀ. ਸਕੂਲ 'ਚ ਡਿਸਪਲਿਨ ਦੇ ਨਾਂ 'ਤੇ ਹੋਏ ਤਸ਼ੱਦਦ ਤੋਂ ਬਾਅਦ ਵਿਦਿਆਰਥੀ ਧਨੰਜੇ ਨੇ ਮੌਤ ਨੂੰ ਗਲੇ ਲਾ ਲਿਆ ਸੀ ਪਰ ਉਸ ਤੋਂ ਬਾਅਦ ਵੀ ਸਕੂਲਾਂ ਵਾਲੇ ਸਬਕ ਨਹੀਂ ਲੈ ਰਹੇ ਹਨ। ਧਨੰਜੇ ਦੀ ਮੌਤ ਤੋਂ ਪਹਿਲਾਂ ਆਖਰੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਕ ਹੋਰ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਵੀ ਐੱਸ. ਜੀ. ਡੀ. ਸਕੂਲ ਦੀ ਵਿਦਿਆਰਥਣ ਦੀ ਹੈ। ਵੀਡੀਓ 'ਚ ਇਕ ਬੱਚੀ ਸਹਿਮੀ ਹੋਈ ਦਿਖਾਈ ਦੇ ਰਹੀ ਹੈ। ਉਸ ਦੇ ਹੱਥਾਂ ਸਮੇਤ ਪੂਰੇ ਸਰੀਰ 'ਤੇ ਪੈਨ ਦੇ ਨਿਸ਼ਾਨ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਬੱਚੀ ਦਾ ਪਿਤਾ ਭੜਕ ਗਿਆ। ਬੱਚੀ ਦੇ ਹੱਥ ਵੀ ਲਾਲ ਹੋਏ ਪਏ ਸਨ। ਬੱਚੀ ਦੇ ਪਿਤਾ ਨੇ ਜਦੋਂ ਸਕੂਲ ਦੇ ਅਧਿਆਪਕਾਂ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਉਲਟਾ ਉਸ ਨਾਲ ਔਖੇ ਹੋ ਗਏ। ਇੰਨਾ ਹੀ ਨਹੀਂ, ਉਨ੍ਹਾਂ ਨੇ ਉਸ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾਉਣ ਤੱਕ ਲਈ ਕਹਿ ਦਿੱਤਾ।
ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਸਕੂਲਾਂ ਵਿਚ ਅਧਿਆਪਕਾਂ ਦੀ ਨਿਗਰਾਨੀ ਵਿਚ ਭੇਜਦੇ ਹਨ ਪਰ ਸਕੂਲਾਂ ਵਿਚ ਉਨ੍ਹਾਂ ਨਾਲ ਅਜਿਹਾ ਵਤੀਰਾ ਹੁੰਦਾ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਇਸੇ ਸਕੂਲ ਦੇ ਵਿਦਿਆਰਥੀ ਧਨੰਜੇ ਨੇ ਖੁਦਕੁਸ਼ੀ ਕਰ ਲਈ ਸੀ। ਵਿਦਿਆਰਥੀ ਯੂਨੀਅਨ ਤੇ ਧਨੰਜੇ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕਰਦੇ ਹੋਏ ਸਕੂਲ ਦੇ ਬਾਹਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਦਰਮਿਆਨ ਇਸ ਦੂਜੇ ਮਾਮਲੇ ਦੇ ਸਾਹਮਣੇ ਆਉਣ ਨਾਲ ਮਾਮਲਾ ਹੋਰ ਭੱਖ ਗਿਆ ਹੈ। ਸਕੂਲ ਪ੍ਰਸ਼ਾਸਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਮਿਲੇ ਨਾ ਕਿ ਉਨ੍ਹਾਂ ਦੇ ਸਰੀਰ ਤੇ ਆਤਮਾ 'ਤੇ ਕਦੇ ਨਾ ਠੀਕ ਹੋਣ ਵਾਲੇ ਜ਼ਖਮ।


Babita

Edited By Babita