ਢੱਡਰੀਆਂ ਵਾਲਾ ਸਿੱਖ ਵਿਰੋਧੀ ਪ੍ਰਚਾਰ ਬੰਦ ਕਰੇ : ਦਾਦੂਵਾਲ
Sunday, Feb 09, 2020 - 09:24 PM (IST)
ਤਲਵੰਡੀ ਸਾਬੋ, (ਮੁਨੀਸ਼)— ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਾਗਮ ਦਾ ਵਿਰੋਧ ਕਰਨ 'ਤੇ ਭਾਈ ਅਮਰੀਕ ਸਿੰਘ ਅਜਨਾਲਾ ਸਮੇਤ ਸਿੱਖ ਜਥੇਬੰਦੀ ਦੇ ਆਗੂ ਨੂੰ ਪੁਲਸ ਵੱਲੋਂ ਫੜ ਕੇ ਨਜ਼ਰਬੰਦ ਕੀਤੇ ਜਾਣ ਦਾ ਸਰਬੱਤ ਖਾਲਸਾ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਖਤ ਸ਼ਬਦਾਂ 'ਚ ਵਿਰੋਧ ਕੀਤਾ ਹੈ। ਬਲਜੀਤ ਸਿੰਘ ਦਾਦੂਵਾਲ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ, ਉਥੇ ਹੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਿੱਖ ਵਿਰੋਧੀ ਪ੍ਰਚਾਰ ਕਰਨ ਦੇ ਦੋਸ਼ ਵੀ ਲਾਏ।
ਸਰਬੱਤ ਖਾਲਸਾ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਰਕਾਰ ਹਮੇਸ਼ਾ ਹੀ ਸਿੱਖੀ ਨਾਲ ਖਾਰ ਖਾ ਰਹੀਆਂ ਹਨ, ਸਿੱਖੀ ਦਾ ਪ੍ਰਚਾਰਕ ਅਤੇ ਗੁਰਮਤਿ ਦੇ ਧਾਰਨੀ ਨੂੰ ਜੇਲਾਂ 'ਚ ਡੱਕਿਆ ਜਾਂਦਾ ਹੈ ਤੇ ਸਿੱਖ ਵਿਰੋਧੀਆਂ ਨੂੰ ਹਮੇਸ਼ਾ ਸੁਰੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਸਰਕਾਰ ਸਕਿਓਰਿਟੀ ਲਗਾ ਕੇ ਡੇਰਾ ਸਿਰਸੇ, ਭਨੀਆਰਾ ਤੇ ਨੂਰਮਹਿਲੀਏ ਤੋਂ ਸਿੱਖੀ ਦੇ ਵਿਰੋਧੀਆਂ ਦਾ ਪ੍ਰਚਾਰ ਕਰਵਾਉਂਦੀ ਸੀ, ਉਸੇ ਤਰ੍ਹਾਂ ਹੁਣ ਸਿੱਖ ਵਿਰੋਧੀ ਪ੍ਰਚਾਰ ਕਰ ਰਹੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਕਿਓਰਿਟੀ ਦੇ ਰਹੀ ਹੈ। ਉਨ੍ਹਾਂ ਰਣਜੀਤ ਸਿੰਘ ਢੱਡਰੀਆਂ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜੋ ਕੰਮ ਮੁਗਲ ਅਤੇ ਦਿੱਲੀ ਸਰਕਾਰ ਸਿੱਖਾਂ ਨੂੰ ਗੁਰਬਾਣੀ ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਰਧਾ ਨਹੀਂ ਘਟਾ ਸਕੀ, ਉਹ ਹੁਣ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਘਟਾਉਣ ਲਈ ਕਮਾਨ ਸੰਭਾਲੀ ਹੈ। ਬਲਜੀਤ ਸਿੰਘ ਦਾਦੂਵਾਲ ਨੇ ਅਪੀਲ ਕੀਤੀ ਕਿ ਸਾਰੀਆਂ ਸਿੱਖ ਜਥੇਬੰਦੀਆਂ, ਸੰਪਰਦਾਵਾਂ ਨੂੰ ਇਕਮੁੱਠ ਹੋ ਕੇ ਉਨ੍ਹਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਜੋ ਸਾਡੀ ਮਰਿਆਦਾ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਅਤੇ ਇਤਿਹਾਸ 'ਤੇ ਸ਼ੰਕਾ ਕਰਦਾ ਹੈ, ਉਸ ਲਈ ਇਕਮੁੱਠ ਹੋ ਕੇ ਬਰਦਾਸ਼ਤ ਨਹੀਂ ਕੀਤਾ ਜਾਵੇ।