ਲਾਈਨੋਂ ਪਾਰ ਵਾਰਡਾਂ ਦੇ ਵਸਨੀਕ ''ਨਰਕ'' ਭੋਗਣ ਲਈ ਮਜਬੂਰ
Wednesday, Dec 20, 2017 - 07:28 AM (IST)

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦਾ ਮਾਮਲਾ
ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ)— ਰਿਆਸਤੀ ਸ਼ਹਿਰ ਸੰਗਰੂਰ ਦੇ ਰੇਲਵੇ ਲਾਈਨੋਂ ਪਾਰ ਵਾਰਡਾਂ ਦੇ ਵਸਨੀਕ ਪ੍ਰਸ਼ਾਸਨ ਅਤੇ ਸਰਕਾਰ ਦੀ ਅਣਦੇਖੀ ਕਾਰਨ 'ਨਰਕ' ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਸ਼ਹਿਰ ਦੇ ਬਾਹਰੀ ਇਲਾਕਿਆਂ ਵਜੋਂ ਜਾਣੇ ਜਾਂਦੇ ਇਹ ਵਾਰਡ ਨੰਬਰ 23 ਅਤੇ 25 ਵਿਚ, ਜਿਨ੍ਹਾਂ ਵਿਚ 3 ਮੁੱਖ ਬਸਤੀਆਂ ਗੰਗਾ ਰਾਮ ਬਸਤੀ, ਰਾਮ ਨਗਰ ਬਸਤੀ ਅਤੇ ਅਜੀਤ ਨਗਰ ਸ਼ਾਮਲ ਹਨ, ਦੇ ਵਸਨੀਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬੇਹੱਦ ਪ੍ਰੇਸ਼ਾਨ ਹਨ। ਰੇਲਵੇ ਸਟੇਸ਼ਨ ਤੋਂ ਲੈ ਕੇ ਬਰਨਾਲਾ ਫਾਟਕਾਂ ਤੱਕ ਫੈਲੇ ਉਕਤ ਖੇਤਰ 'ਚ ਓਵਰਫਲੋਅ ਹੋ ਰਿਹਾ ਗੰਦਾ ਪਾਣੀ ਜਿਥੇ ਲੋਕਾਂ ਦੇ ਘਰਾਂ 'ਚ ਦਾਖਲ ਹੋਣ ਲੱਗ ਪਿਆ ਹੈ, ਉਥੇ ਗੰਗਾ ਰਾਮ ਬਸਤੀ ਨੇੜੇ ਸਕੂਲ ਕੋਲ ਟੋਭੇ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ-ਮੁਹੱਲਿਆਂ 'ਚ ਜਮ੍ਹਾ ਹੋ ਰਿਹਾ ਹੈ। ਰਿਸ਼ਤੇਵਾਰ ਵੀ ਆਉਣੋਂ ਕਤਰਾਉਣ ਲੱਗੇ : ਉਕਤ ਵਾਰਡਾਂ ਦੇ ਲੋਕ ਬਿਨਾਂ ਬਰਸਾਤ ਤੋਂ ਸੀਵਰੇਜ ਦੀ ਘਾਟ ਕਾਰਨ ਓਵਰਫਲੋਅ ਹੋਏੇ ਗੰਦੇ ਪਾਣੀ ਦੀ ਮਾਰ ਝੱਲ ਰਹੇ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਾਲੀਆਂ ਓਵਰਫਲੋਅ ਹੋ ਜਾਂਦੀਆਂ ਹਨ ਅਤੇ ਪਾਣੀ ਨੀਵੇਂ ਘਰਾਂ 'ਚ ਦਾਖਲ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਖੜ੍ਹੇ ਗੰਦੇ ਪਾਣੀ ਕਾਰਨ ਹੁਣ ਰਿਸ਼ਤੇਦਾਰ ਵੀ ਉਨ੍ਹਾਂ ਕੋਲ ਆਉਣ ਤੋਂ ਕੰਨੀ ਕਤਰਾ ਰਹੇ ਹਨ। ਬੱਚੇ, ਔਰਤਾਂ ਅਤੇ ਬਜ਼ੁਰਗ ਜ਼ਿਆਦਾ ਪ੍ਰੇਸ਼ਾਨ : ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਦੀ ਮੈਂਬਰ ਤੇ ਵਾਰਡ ਨੰ. 23 ਦੀ ਵਸਨੀਕ ਅੰਜੂ ਰੰਗਾ ਨੇ ਦੱਸਿਆ ਕਿ ਕਈ ਦਿਨਾਂ ਤੋਂ ਓਵਰਫਲੋਅ ਪਾਣੀ ਦੀ ਸਮੱਸਿਆ ਹੋਰ ਵੀ ਗੰਭੀਰ ਰੂਪ ਅਖਤਿਆਰ ਕਰ ਚੁੱਕੀ ਹੈ। ਵਾਰਡ ਦੇ ਲੋਕ ਗਲੀਆਂ 'ਚ ਜਮ੍ਹਾ ਹੋਏ ਇਸ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ ਅਤੇ ਸਭ ਤੋਂ ਵੱਧ ਮੁਸ਼ਕਲਾਂ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਝੱਲਣੀਆਂ ਪੈਂਦੀਆਂ ਹਨ।
ਅਧਿਕਾਰੀਆਂ ਨਹੀਂ ਦਿੱਤਾ ਸ਼ਿਕਾਇਤ ਵੱਲ ਧਿਆਨ : ਸਮਾਜਸੇਵੀ ਅਵਤਾਰ ਸਿੰਘ ਤਾਰਾ ਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਕਤ ਸਮੱਸਿਆ ਸਬੰਧੀ ਕਈ ਵਾਰ ਨਗਰ ਕੌਂਸਲ ਸੰਗਰੂਰ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤਾਂ ਅਤੇ ਮੰਗ ਪੱਤਰ ਦੇ ਚੁੱਕੇ ਹਾਂ ਪਰ ਅਜੇ ਤੱਕ ਕਿਸੇ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਇਸ ਮੁਸ਼ਕਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਓਵਰਫਲੋਅ ਹੋ ਰਹੇ ਗੰਦੇ ਪਾਣੀ ਤੋਂ ਉਨ੍ਹਾਂ ਨੂੰ ਮੁਕਤੀ ਦਿਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਨਰਕ ਤੋਂ ਰਾਹਤ ਮਿਲ ਸਕੇ।
ਵਿਧਾਇਕ ਸਿੰਗਲਾ ਨੂੰ ਦਿੱਤਾ ਮੰਗ-ਪੱਤਰ : ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਮੁਹੱਲਾ ਵਾਸੀ ਵਿਧਾਇਕ ਵਿਜੇਇੰਦਰ ਸਿੰਗਲਾ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਕ ਮੰਗ-ਪੱਤਰ ਦਿੱਤਾ। ਵਾਰਡ ਵਾਸੀਆਂ ਅਵਤਾਰ ਤਾਰਾ, ਗੁਰਭਜਨ ਸਿੰਘ, ਕਰਮਜੀਤ ਸਿੰਘ, ਮੱਖਣ ਸਿੰਘ, ਸਤਨਾਮ ਸਿੰਘ, ਰਾਮ ਸਿੰਘ ਤੇ ਅਵਤਾਰ ਸਿੰਘ ਆਦਿ ਨੇ ਐੱਮ. ਐੱਲ. ਏ. ਸਿੰਗਲਾ ਨੂੰ ਵਾਰਡ ਦੀਆਂ ਹੋਰਨਾਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ। ਹਲਕਾ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਮੌਕੇ 'ਤੇ ਹੀ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਕਤ ਵਾਰਡ ਦੀਆਂ ਸਮੱਸਿਆਵਾਂ ਨੂੰ ਤੁਰੰਤ ਦੂਰ ਕਰਨ ਦੀ ਹਦਾਇਤ ਦਿੱਤੀ।