ਦਿਨ-ਦਿਹਾੜੇ ਕੀਤੇ ਔਰਤ ਦੇ ਕਤਲ ਦੀ ਗੁੱਥੀ ਸੁਲਝੀ
Sunday, Jun 11, 2017 - 04:18 PM (IST)
ਝਬਾਲ, (ਨਰਿੰਦਰ)- ਪਿੰਡ ਠੱਠਾ ਵਿਖੇ ਅੱਜ ਤੋਂ ਤਕਰੀਬਨ 5 ਦਿਨ ਪਹਿਲਾਂ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਸ ਨੇ ਮ੍ਰਿਤਕਾ ਕੁਲਦੀਪ ਕੌਰ ਉਰਫ ਅਮਨ ਦੇ ਕਾਤਲਾਂ ਮ੍ਰਿਤਕਾ ਦਾ ਭਰਾ, ਉਸ ਦਾ ਦੋਸਤ ਤੇ ਜੀਜੇ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਥਾਣਾ ਝਬਾਲ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਹਰਚੰਦ ਸਿੰਘ ਨੇ ਦੱਸਿਆ ਕਿ 5 ਜੂਨ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਨਜ਼ਦੀਕੀ ਪਿੰਡ ਠੱਠਾ ਵਿਖੇ ਅਣਪਛਾਤੇ ਵਿਅਕਤੀਆਂ ਨੇ ਇਕ ਘਰ ਵਿਚ ਦਾਖਲ ਹੋ ਕੇ ਦਿਨ-ਦਿਹਾੜੇ ਘਰ ਵਿਚ ਇਕੱਲੀ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ, ਜਿਸ 'ਤੇ ਥਾਣਾ ਮੁਖੀ ਹਰਚੰਦ ਸਿੰਘ ਤੇ ਏ. ਐੱਸ. ਆਈ. ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ। ਜਦੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਇਸ ਮਾਮਲੇ ਦਾ ਗੁੱਝਾ ਭੇਦ ਅਣਖ ਖਾਤਿਰ ਕਤਲ ਵੱਲ ਮੁੜਿਆ। ਜਾਂਚ ਦੌਰਾਨ ਅਹਿਮ ਸਬੂਤ ਹੱਥ ਲੱਗਣ 'ਤੇ ਪੁਲਸ ਨੇ ਮ੍ਰਿਤਕਾ ਕੁਲਦੀਪ ਕੌਰ ਦੇ ਭਰਾ ਅੰਗਰੇਜ ਸਿੰਘ ਪੁੱਤਰ ਮੰਗਤਾ ਨੂੰ ਕਾਬੂ ਕਰ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਦੋਸ਼ ਕਬੂਲ ਕਰਦਿਆਂ ਵਾਰਦਾਤ ਵਿਚ ਸ਼ਾਮਲ ਆਪਣੇ ਦੋਸਤ ਬਲਰਾਜ ਸਿੰਘ ਉਰਫ ਬਾਜਾ ਪੁੱਤਰ ਬਲਵਿੰਦਰ ਸਿੰਘ ਤੇ ਮ੍ਰਿਤਕਾ ਦੇ ਪਤੀ ਜੈਮਲ ਸਿੰਘ ਪੁੱਤਰ ਗਿਆਨ ਸਿੰਘ ਨੂੰ ਗ੍ਰਿਫਤਾਰ ਕਰ ਕੇ ਕਤਲ ਕਰਨ ਲਈ ਵਰਤੇ ਦਾਤਰ ਅਤੇ ਮੋਟਰਸਾਈਕਲ ਨੂੰ ਵੀ ਬਰਾਮਦ ਕਰ ਲਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ ਹੈ।
