ਪਾਵਰ ਕਾਰਪੋਰੇਸ਼ਨ ਨਾਲ ਠੱਗੀ ਕਰਨ ਵਾਲੀ ਕੈਸ਼ੀਅਰ ਗ੍ਰਿਫਤਾਰ

08/21/2018 6:34:06 AM

ਮੋਹਾਲੀ, (ਕੁਲਦੀਪ)- ਸ਼ਹਿਰ ਦੇ ਇੰਡਸਟਰੀਅਲ ਏਰੀਆ ਸਥਿਤ ਪਾਵਰਕਾਮ ਦੇ ਦਫਤਰ ਵਿਚ ਕਰੀਬ ਪੰਜ ਸਾਲ ਪਹਿਲਾਂ ਲੱਖਾਂ ਰੁਪਏ ਦਾ ਘੋਟਾਲਾ ਕਰਨ ਵਾਲੀ ਕੈਸ਼ੀਅਰ ਮਹਿਲਾ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੀ ਗਈ ਕੈਸ਼ੀਅਰ ਮਹਿਲਾ ਦਾ ਨਾਮ ਗਗਨਦੀਪ ਕੌਰ ਦੱਸਿਆ ਜਾਂਦਾ ਹੈ, ਜੋ ਕਿ ਫੇਜ਼-3ਬੀ1 ਮੋਹਾਲੀ ਦੀ ਰਹਿਣ ਵਾਲੀ ਸੀ । ਅੱਜ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।  
ਪ੍ਰਾਪਤ ਜਾਣਕਾਰੀ ਮੁਤਾਬਕ ਗਗਨਦੀਪ ਕੌਰ ਉਕਤ ਵਿਭਾਗ ਵਿਚ ਸਹਾਇਕ ਲਾਈਨਮੈਨ ਦੇ ਅਹੁਦੇ ’ਤੇ ਤਾਇਨਾਤ ਸੀ। ਵਿਭਾਗ ਦੇ ਅਧਿਕਾਰੀਆਂ ਵਲੋਂ ਉਸ ਨੂੰ ਸਾਲ 2013 ਵਿਚ ਬਿੱਲਾਂ ਦੀ ਡਿਊਟੀ ’ਤੇ ਲਾਇਆ ਹੋਇਆ ਸੀ। ਆਪਣੀ ਡਿਊਟੀ ਦੌਰਾਨ ਉਸ ਨੇ ਵਿਭਾਗ ਦੇ ਕੈਸ਼ ਵਿਚ 10 ਲੱਖ ਰੁਪਏ ਦਾ ਘੋਟਾਲਾ ਕਰ ਦਿੱਤਾ।  ਇਹ ਗੱਲ ਜਾਂਚ ਵਿਚ ਸਾਹਮਣੇ ਆ ਚੁੱਕੀ ਹੈ। ਕੈਸ਼ ਦਾ ਘੋਟਾਲਾ ਕਰਨ ਤੋਂ ਬਾਅਦ ਮਹਿਲਾ ਡਿਊਟੀ ’ਤੇ ਜਾਣ ਤੋਂ ਹਟ ਗਈ ਸੀ।  ਵਿਭਾਗ ਨੂੰ ਇਸ ਘੋਟਾਲੇ ਦਾ ਪਤਾ ਲੱਗਣ ’ਤੇ ਪੁਲਸ ਨੂੰ ਸ਼ਿਕਾਇਤ  ਦੇ ਦਿੱਤੀ ਗਈ। ਪੁਲਸ ਨੇ ਮਹਿਲਾ ਦੇ ਖਿਲਾਫ ਪੁਲਸ ਸਟੇਸ਼ਨ ਫੇਜ਼-1 ਮੋਹਾਲੀ ਵਿਚ ਆਈ. ਪੀ. ਸੀ. ਦੀ ਧਾਰਾ 409 ਤਹਿਤ ਕੇਸ ਦਰਜ ਕਰ ਲਿਆ ਸੀ। 
ਇਹ ਵੀ ਪਤਾ ਲੱਗਾ ਹੈ ਕਿ ਪੁਲਸ ਦੇ ਕੋਲ ਸ਼ਿਕਾਇਤ ਜਾਣ ਤੋਂ ਬਾਅਦ ਮਹਿਲਾ ਵਿਭਾਗ ਦਾ ਪੈਸਾ ਵਾਪਸ ਵੀ ਕਰ ਦਿੱਤਾ ਸੀ  ਪਰ ਤਦ ਤਕ ਕੇਸ ਦਰਜ ਹੋ ਚੁੱਕਿਆ ਸੀ। ਪੁਲਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਸੀ। ਅੱਜ ਉਸ ਨੂੰ ਡਿਊਟੀ ਮੈਜਿਸਟਰੇਟ ਵਲੋਂ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।


Related News