ਪੰਜਾਬ ''ਚ ਵੱਡੀ ਠੱਗੀ! 5 ਕਿੱਲੋ ਸੋਨਾ ਲੈ ਕੇ ਮੁੱਕਰ ਗਏ ਪਿਓ-ਪੁੱਤ, ਪਰਚਾ ਦਰਜ
Monday, May 04, 2026 - 01:36 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਸਰਾਫਾ ਬਾਜ਼ਾਰ ਵਿਚ ਠੱਗੀ ਦਾ ਅਜਿਹਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਹੈ। ਇੱਥੇ ਇਕ ਸ਼ਾਤਰ ਪਿਓ-ਪੁੱਤ ਦੀ ਜੋੜੀ ਨੇ ਇਕ ਥੋਕ ਜਵੈਲਰ ਨੂੰ ਭਰੋਸੇ ਵਿਚ ਲੈ ਕੇ 5 ਕਿੱਲੋ ਸੋਨੇ ਦੇ ਗਹਿਣਿਆਂ ਦੀ ਠੱਗੀ ਮਾਰ ਲਈ। ਪੁਲਸ ਨੇ ਥਾਣਾ ਡਵੀਜ਼ਨ ਨੰਬਰ 4 ਵਿਚ ਮੁਲਜ਼ਮਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਾਲੇਰਕੋਟਲਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਅਮਰਜੀਤ ਸਿੰਘ, ਜੋ ਲੁਧਿਆਣਾ ਦੇ ਸਰਾਫਾ ਬਾਜ਼ਾਰ ਵਿਚ ਦੁਕਾਨ ਚਲਾਉਂਦੇ ਹਨ, ਨੇ ਦੱਸਿਆ ਕਿ ਮੁਲਜ਼ਮ ਦਵਿੰਦਰ ਸਿੰਘ ਉਰਫ ਹੈਪੀ ਜਵੈਲਰ ਅਤੇ ਉਸ ਦਾ ਪੁੱਤਰ ਰਾਜਵੀਰ ਸਿੰਘ ਉਰਫ ਰਾਹੁਲ ਉਨ੍ਹਾਂ ਤੋਂ ਅਕਸਰ ਉਧਾਰ 'ਤੇ ਗਹਿਣੇ ਲੈਂਦੇ ਸਨ ਅਤੇ ਸ਼ੁਰੂਆਤ ਵਿਚ ਸਮੇਂ ਸਿਰ ਭੁਗਤਾਨ ਕਰਕੇ ਉਨ੍ਹਾਂ ਦਾ ਭਰੋਸਾ ਜਿੱਤ ਲਿਆ ਸੀ।
ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਸਾਜ਼ਿਸ਼ ਤਹਿਤ ਕਰੀਬ 5.035 ਕਿੱਲੋ ਸੋਨੇ ਦੇ ਗਹਿਣੇ ਲਏ, ਪਰ ਭੁਗਤਾਨ ਦੇ ਸਮੇਂ ਉਹ ਮੁੱਕਰ ਗਏ। ਜਦੋਂ ਪੀੜਤ ਨੇ ਪੈਸੇ ਮੰਗੇ ਤਾਂ ਮੁਲਜ਼ਮਾਂ ਨੇ ਆਪਣੀ ਸਿਆਸੀ ਪਹੁੰਚ ਦੀ ਧੌਂਸ ਜਮਾਉਂਦੇ ਹੋਏ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਜ਼ਮਾਂ ਨੇ ਪੀੜਤ ਨਾਲ ਕੁੱਟਮਾਰ ਕੀਤੀ ਅਤੇ ਡਿਲੀਵਰੀ ਲਈ ਲਿਜਾਏ ਜਾ ਰਹੇ ਕਰੀਬ 200 ਗ੍ਰਾਮ ਸੋਨੇ ਦੇ ਗਹਿਣੇ ਵੀ ਖੋਹ ਲਏ।
ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਏ। ਪੁਲਸ ਨੇ ਹੁਣ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
