1050 ਲੀਟਰ ਮਿਲਾਵਟੀ ਦੁੱਧ ਤੇ 70 ਕਿਲੋ ਪਨੀਰ ਕਰਵਾਇਆ ਨਸ਼ਟ

Thursday, Aug 30, 2018 - 06:19 AM (IST)

 ਲੁਧਿਆਣਾ, (ਸਹਿਗਲ)- ਮਿਸ਼ਨ ‘ਤੰਦਰੁਸਤ ਪੰਜਾਬ’  ਤਹਿਤ ਸਿਹਤ ਵਿਭਾਗ ਦੀ ਟੀਮ ਨੇ ਅੱਜ ਸਵੇਰੇ ਨਾਕਾ ਲਗਾ ਕੇ ਸੰਗਰੂਰ ਤੋਂ ਆ ਰਹੇ ਮਿਲਾਵਟੀ ਦੁੱਧ ਦੇ ਟੈਂਕਰ, ਜਿਸ ਵਿਚ ਹਾਈਡ੍ਰੋਜਨ ਪੈਰਾਅਕਸਾਈਡ ਮਿਲਾਇਆ ਗਿਆ ਸੀ, ਨੂੰ ਫੜ ਕਰ ਕੇ ਉੁਸ ’ਚੋਂ 1050 ਲੀਟਰ ਦੁੱਧ ਮੌਕੇ ’ਤੇ ਨਸ਼ਟ ਕਰਵਾਇਆ ਗਿਆ।  ਜ਼ਿਲਾ ਸਿਹਤ ਅਧਿਕਾਰੀ ਡਾ. ਆਦੇਸ਼ ਕੰਗ ਨੇ ਦੱਸਿਆ ਕਿ ਉਕਤ ਕੈਮੀਕਲਯੁਕਤ ਦੁੱਧ ਨੂੰ ਫਟਣ ਤੋਂ ਰੋਕਣ ਅਤੇ ਦੇਰ ਤਕ ਤਾਜ਼ਾ ਬਣਾਈ ਰੱਖਣ ਲਈ ਅਨੈਤਿਕ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਹੈ, ਜੋ ਸਿਹਤ ਲਈ ਕਾਫੀ ਹਾਨੀਕਾਰਕ ਹੈ। ਇਸ ਨੂੰ ਛੂਹਣ ਨਾਲ ਹੀ ਹੱਥਾਂ ’ਤੇ ਜਲਣ ਹੋਣ ਲਗਦੀ ਹੈ। ਮੌਕੇ ’ਤੇ ਦੁੱਧ ਦੇ ਦੋ ਸੈਂਪਲ ਲੈ ਕੇ ਜਾਂਚ ਦੇ ਲਈ ਲੈਬ ਵਿਚ ਭੇਜ ਦਿੱਤੇ ਗਏ ਹਨ। ਦੁੱਧ ਨੂੰ ਸ਼ਹਿਰ ’ਚ ਵੱਖ-ਵੱਖ ਸਥਾਨਾਂ ’ਤੇ ਵੇਚਣ ਲਈ ਲਿਜਾਇਆ ਜਾ ਰਿਹਾ ਸੀ।  ਇਸ  ਤੋਂ ਇਲਾਵਾ ਉਨ੍ਹਾਂ ਨੇ ਟੀਮ ਨਾਲ ਨਵੀਂ ਸਬਜ਼ੀ ਮੰਡੀ ਵਿਚ ਦੋ ਹੋਲਸੇਲ ਪਨੀਰ ਵੇਚਣ ਵਾਲਿਆਂ ਦੇ ਪਨੀਰ ਨੂੰ ਨਾਖਾਣਯੋਗ ਦੇਖਿਆ। ਇਸ ਤੋਂ ਇਲਾਵਾ ਬਿਨਾਂ ਨਿਰਮਾਣ ਅਤੇ ਐਕਸਪਾਇਰੀ ਡੇਟ, ਪਤਾ ਅਤੇ ਬੈਚ ਨੰਬਰ ਦੇ ਸੋਇਆ ਪਨੀਰ ਦੇ ਪੈਕੇਟ ਅਤੇ ਦਿੱਲੀ ਤੋਂ ਸਪਲਾਈ ਕੀਤੀ ਗਈ ਸੋਇਆ ਚਾਂਪ ਵੀ ਇਸੇ ਤਰ੍ਹਾਂ ਪੈਕ ਕੀਤੀ ਗਈ ਸੀ, ਨੂੰ ਵੇਚਣ  ਲਈ ਰੱਖਿਆ ਗਿਆ ਸੀ, ਦੇ ਸੈਂਪਲ ਲੈਣ ਤੋਂ ਬਾਅਦ ਸਾਰੀਆਂ ਖਾਧ ਵਸਤੂਆਂ ਜਿਨ੍ਹਾਂ ’ਚ 70 ਕਿਲੋ ਪਨੀਰ, 40 ਪੈਕੇਟ ਸੋਇਆ ਪਨੀਰ ਅਤੇ 20 ਕਿਲੋ ਸੋਇਆ ਚਾਂਪ ਨੂੰ ਨਸ਼ਟ ਕਰਵਾਇਆ। ਇਸ  ਤੋਂ ਬਾਅਦ ਭਾਰਤ ਨਗਰ ਚੌਕ ਨੇਡ਼ੇ ਇਕ ਡਿਪਾਰਟਮੈਂਟ ਸਟੋਰ ’ਚੋਂ ਆਮਚੂਰ ਅਤੇ ਇਕ ਨਮਕ ਦਾ ਸੈਂਪਲ ਲਿਆ। ਸਾਰੇ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ।
 ਉਨ੍ਹਾਂ ਦੱਸਿਆ ਕਿ ਜਾਂਚ ਅਤੇ ਸੈਂਪਲਿੰਗ ਦਾ ਕੰਮ ਇਸੇ ਤਰ੍ਹਾਂ ਜਾਰੀ ਰਹੇਗਾ। ਸੈਂਪਲ ਲੈਣ ਵਾਲੀ ਟੀਮ ’ਚ ਡਾ. ਕੰਗ ਤੋਂ ਇਲਾਵਾ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਅਤੇ ਰਾਬਿਨ ਕੁਮਾਰ ਸ਼ਾਮਲ ਸਨ। 
 


Related News