ਪੁਲਸ ਸਖਤੀ ਦੇ ਬਾਵਜੂਦ ਕਿਸਾਨ ਕੈਪਟਨ ਸਰਕਾਰ ਦੀ ਅਰਥੀ ਫੂਕਣ ''ਚ ਕਾਮਯਾਬ

09/22/2017 12:24:40 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ,  (ਬਾਵਾ, ਜਗਸੀਰ)-  ਕਰਜ਼ਾ ਮੁਕਤੀ ਅੰਦੋਲਨ ਤਹਿਤ 7 ਕਿਸਾਨ ਜਥੇਬੰਦੀਆਂ ਵੱਲੋਂ 22 ਸਤੰਬਰ ਤੋਂ ਪਟਿਆਲਾ ਵਿਖੇ ਮੋਤੀ ਮਹਿਲ ਅੱਗੇ 5 ਰੋਜ਼ਾ ਮੋਰਚੇ ਨੂੰ ਅਸਫਲ ਕਰਨ ਲਈ ਅੱਜ ਚੌਥੇ ਦਿਨ ਵੀ ਜ਼ਿਲੇ ਦੀ ਪੁਲਸ ਕਿਸਾਨਾਂ ਨੂੰ ਲੱਭਦੀ ਰਹੀ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ ਅਤੇ ਕੋਈ ਵੀ ਕਿਸਾਨ ਆਗੂ ਪੁਲਸ ਦੇ ਹੱਥ ਨਹੀਂ ਲੱਗਾ। ਪੁਲਸ ਵੱਲੋਂ ਮੋਬਾਇਲ ਲੋਕੇਸ਼ਨ ਰਾਹੀਂ ਕਿਸਾਨ ਆਗੂਆਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਪਰ ਕਿਸਾਨ ਆਗੂਆਂ ਨੇ ਆਪਣੇ ਮੋਬਾਇਲ ਸਵਿੱਚ ਆਫ ਕੀਤੇ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਦਾ ਕੱਲ ਉਸ ਸਮੇਂ ਪੁਲਸ ਨੇ ਪਿੱਛਾ ਕੀਤਾ, ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਮਾਛੀਕੇ ਤੋਂ ਭਾਗੀਕੇ ਜਾ ਰਹੇ ਸਨ ਪਰ ਕੋਕਰੀ ਪੁਲਸ ਨੂੰ ਝਕਾਨੀ ਦੇਣ ਵਿਚ ਕਾਮਯਾਬ ਰਹੇ। ਪਤਾ ਲੱਗਾ ਹੈ ਕਿ ਉਸ ਸਮੇਂ ਕੋਕਰੀ ਨਾਲ ਹੋਰ ਵੀ ਵੱਡੇ ਕਿਸਾਨ ਆਗੂ ਹਾਜ਼ਰ ਸਨ। 
ਜਾਣਕਾਰੀ ਅਨੁਸਾਰ ਸੜਕਾਂ ਅਤੇ ਪਿੰਡਾਂ ਵਿਚ ਬਣਾਈਆਂ ਆਰਜ਼ੀ ਪੋਸਟਾਂ 'ਤੇ ਪੁਲਸ ਦੇ ਜਵਾਨ ਕਈ ਦਿਨਾਂ ਤੋਂ ਦਿਨ-ਰਾਤ ਡਿਊਟੀ ਕਰ ਰਹੇ ਹਨ। ਪੁਲਸ ਵੱਲੋਂ ਆਪਣੇ ਮੁਲਾਜ਼ਮਾਂ ਦੀ ਛੁੱਟੀ ਬੰਦ ਕਰਨ ਅਤੇ ਮੁਲਾਜ਼ਮਾਂ ਦੀ ਸਖਤ ਡਿਊਟੀ ਕਾਰਨ ਉਨ੍ਹਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਸਖਤੀ ਦੇ ਬਾਵਜੂਦ ਬੀਤੀ ਰਾਤ ਪਿੰਡ ਸੈਦੋਕੇ ਵਿਖੇ ਕਿਸਾਨਾਂ ਵੱਲੋਂ ਕੈਪਟਨ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। 
ਜ਼ਿਕਰਯੋਗ ਹੈ ਕਿ ਅਰਥੀ ਫੂਕਣ ਵਾਲੀ ਜਗ੍ਹਾ ਦੇ ਨਜ਼ਦੀਕ ਹੀ ਸੈਦੋਕੇ ਵਿਖੇ ਪੁਲਸ ਵੱਲੋਂ ਆਰਜ਼ੀ ਪੋਸਟ ਬਣਾਈ ਗਈ ਹੈ। ਇਸ ਸਮੇਂ ਕਿਸਾਨ ਆਗੂ ਮੁਖਤਿਆਰ ਸਿੰਘ, ਕੌਰੀ ਸਿੰਘ, ਅਰਜਨ ਸਿੰਘ, ਧੀਰਾ ਸਿੰਘ ਨੇ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਕਿਸਾਨਾਂ ਦੇ ਬੁਲੰਦ ਹੌਸਲੇ ਨੂੰ ਪਸਤ ਨਹੀਂ ਕਰ ਸਕੇਗੀ ਅਤੇ ਕਿਸਾਨ ਅੰਦੋਲਨ ਹੋਰ ਪ੍ਰਚੰਡ ਹੋਵੇਗਾ। ਦੂਸਰੇ ਪਾਸੇ ਲੋਕ ਮੋਰਚਾ ਦੇ ਆਗੂ ਕਰਮ ਰਾਮਾਂ, ਨੌਜਵਾਨ ਆਗੂ ਗੁਰਮੁਖ ਸਿੰਘ ਹਿੰਮਤਪੁਰਾ, ਮਜ਼ਦੂਰ ਆਗੂ ਦਰਸ਼ਨ ਸਿੰਘ ਹਿੰਮਤਪੁਰਾ, ਅਧਿਆਪਕ ਆਗੂ ਅਮਨਦੀਪ ਸਿੰਘ ਮਾਛੀਕੇ ਨੇ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਪੁਲਸ ਜਬਰ ਦੀ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੇ ਇਸ਼ਾਰੇ 'ਤੇ ਪੁਲਸ ਵੱਲੋਂ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਘਿਨਾਉਣੀ ਕਾਰਵਾਈ ਲੋਕਤੰਤਰ ਦੀ ਹੱਤਿਆ ਕਰਨ ਦੇ ਬਰਾਬਰ ਹੈ। 
ਉਨ੍ਹਾਂ ਕਿਹਾ ਕਿ ਜਾਬਰ ਕਾਰਵਾਈ ਰਾਹੀਂ ਸਰਕਾਰ ਕਿਸਾਨਾਂ ਦੇ ਜਮਹੂਰੀ ਹੱਕਾਂ 'ਤੇ ਡਾਕਾ ਮਾਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰੈੱਸ ਸਕੱਤਰ ਸੁਦਾਗਰ ਸਿੰਘ ਖਾਈ, ਤਰਲੋਕ ਸਿੰਘ ਹਿੰਮਤਪੁਰਾ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੂਰੇ 5 ਦਿਨਾਂ ਦਾ ਰਾਸ਼ਨ ਲੈ ਕੇ 22 ਸਤੰਬਰ ਨੂੰ ਕਾਫਿਲੇ ਬੰਨ੍ਹ ਕੇ ਪਟਿਆਲਾ ਵੱਲ ਕੂਚ ਕਰਨ ਅਤੇ ਪੁਲਸ ਛਾਪਿਆ ਦੇ ਵਿਰੋਧ 'ਚ ਰੋਸ ਮੁਜ਼ਾਹਰੇ ਜਾਰੀ ਰੱਖ ਕੇ ਲੋਕਾਂ ਨੂੰ ਲਾਮਬੰਦ ਕਰਨ।
ਹਲਕਾ ਵਿਧਾਇਕ ਵੱਲੋਂ ਨਿੰਦਾ
ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗ੍ਰਿਫ਼ਤਾਰੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਕਰ ਰਹੀ ਹੈ, ਜਿਵੇਂ ਉਹ ਅੱਤਵਾਦੀ ਹੋਣ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹੈ, ਦੇਸ਼ ਧ੍ਰੋਹੀ ਨਹੀਂ ਪਰ ਕਾਂਗਰਸ ਸਰਕਾਰ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ ਦਾ ਅਪਮਾਨ ਕਰ ਰਹੀ ਹੈ। ਵਿਧਾਨ ਸਭਾ ਚੋਣਾਂ 'ਚ ਜਨਤਾ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਸੱਤਾ ਪ੍ਰਾਪਤ ਕਰਨ ਵਾਲੀ ਕੈਪਟਨ ਸਰਕਾਰ ਹੋਣ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਬਜਾਏ ਉਲਟਾ ਕਿਸਾਨਾਂ 'ਤੇ ਅੱਤਿਆਚਾਰ ਕਰ ਰਹੀ ਹੈ, ਜੋ ਕਿ ਗੈਰ-ਸੰਵਿਧਾਨਕ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਅਤੇ ਗ੍ਰਿਫ਼ਤਾਰ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।


Related News