ਰਾਮ ਰਹੀਮ ''ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦਾ ਕੇਸ ਮੁੜ ਹੋਵੇਗਾ ਬਹਾਲ
Tuesday, Sep 05, 2017 - 02:43 PM (IST)
ਫਿਰੋਜ਼ਪੁਰ (ਸ਼ਰਮਾ) — ਜੇਲ 'ਚ ਬੰਦ ਗੁਰਮੀਤ ਰਾਮ ਰਹੀਮ ਸਿੰਘ ਸਿਰਸਾ ਡੇਰਾ ਮੁਖੀ ਦੇ ਖਿਲਾਫ 2007 'ਚ ਸਲਾਬਤਪੁਰਾ ਬਠਿੰਡਾ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰੱਚ ਕੇ ਜਾਮ-ਏ-ਇੰਸਾ ਪਿਲਾਉਣ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਬਾਅਦ 'ਚ ਖਾਰਜ ਕਰ ਦਿੱਤਾ ਗਿਆ ਸੀ। ਇਸ ਮੁਕਦਮੇ ਨੂੰ ਫਿਰ ਬਹਾਲ ਕਰਵਾ ਕੇ ਡੇਰਾ ਮੁਖੀ ਨੂੰ ਸਜ਼ਾ ਦਿਲਵਾਈ ਜਾਵੇਗੀ।
ਇਹ ਗੱਲ ਫਿਰੋਜ਼ਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਹੀ। ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਵਿਚਾਰ-ਵਟਾਦਰਾਂ ਕਰਨਗੇ ਤੇ ਜਲਦ ਹੀ ਇਸ ਕੇਸ ਨੂੰ ਬਹਾਲ ਕਰਵਾਉਣਗੇ ਕਿਉਂਕਿ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ 'ਤੇ ਪਹਿਰਾ ਦਿੰਦੇ ਹੋਏ ਬਹੁਤ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ, ਇਸ ਲਈ ਇਹ ਪਰਚਾ ਬਹਾਲ ਕਰਵਾ ਕੇ ਰਾਮ ਰਹੀਮ ਨੂੰ ਸਜ਼ਾ ਦਿਵਾਉਣੀ ਜ਼ਰੂਰੀ ਹੈ, ਤਾਂ ਜੋ ਕਰੋੜਾਂ ਸਿੱਖਾਂ ਨੂੰ ਇਨਸਾਫ ਮਿਲ ਸਕੇ।
