ਵਿਆਹ ਪੁਰਬ ਮੌਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਪਰ ਜੇਬ ਕਤਰਿਆਂ ਦੀ ਰਹੀ ਚਾਂਦੀ

Thursday, Aug 31, 2017 - 04:22 PM (IST)

ਵਿਆਹ ਪੁਰਬ ਮੌਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਪਰ ਜੇਬ ਕਤਰਿਆਂ ਦੀ ਰਹੀ ਚਾਂਦੀ

ਬਟਾਲਾ (ਮਠਾਰੂ)-ਵਿਆਹ ਪੁਰਬ ਮੌਕੇ ਜ਼ਿਲਾ ਪੁਲਸ ਵੱਲੋਂ ਗੁਰਮੀਤ ਰਾਮ ਰਹੀਮ ਦੇ ਭੱਖਦੇ ਮਸਲੇ ਨੂੰ ਮੱਦੇਨਜ਼ਰ ਭਾਵੇਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਪਰ ਜੇਬ ਕਤਰਿਆਂ ਅਤੇ ਚੋਰਾਂ ਦੀ ਚਾਂਦੀ ਜ਼ਰੂਰ ਰਹੀ, ਜਿਸ ਕਰ ਕੇ ਥੋਕ 'ਚ ਹੀ ਵਿਆਹ ਪੁਰਬ 'ਚ ਸ਼ਾਮਲ ਸੰਗਤਾਂ ਦੀਆਂ ਜੇਬਾਂ ਕੱਟੀਆਂ ਗਈਆਂ।
ਵਿਆਹ ਪੁਰਬ ਮੌਕੇ ਰਾਮ ਰਹੀਮ ਮਾਮਲੇ ਦਾ ਅਸਰ
 ਗੁਰਮੀਤ ਰਾਮ ਰਹੀਮ ਦੀ ਸਜ਼ਾ ਨੂੰ ਲੈ ਕੇ ਜਿਥੇ ਸਮੁੱਚੇ ਪੰਜਾਬ ਦੇ ਅੰਦਰ ਹਾਈ ਅਲਰਟ ਕੀਤਾ ਹੋਇਆ ਸੀ, ਉਥੇ ਨਾਲ ਹੀ ਵਿਆਹ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪਹੁੰਚਣ ਵਾਲੀਆਂ ਸੰਗਤਾਂ ਵੀ ਨਹੀਂ ਪਹੁੰਚ ਸਕੀਆਂ, ਜਿਸ ਕਰ ਕੇ ਬਾਹਰੀ ਸੰਗਤਾਂ ਦੀ ਗਿਣਤੀ ਬਹੁਤ ਘੱਟ ਦਿਖਾਈ ਦਿੱਤੀ। ਜਦ ਕਿ ਪੰਚਕੂਲਾ ਵਿਖੇ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਅੰਦਰ ਡਰ ਅਤੇ ਦਹਿਸ਼ਤ ਦਾ ਮਾਹੌਲ ਸੀ, ਜਿਸ ਕਰ ਕੇ ਸੰਗਤਾਂ ਖੁੱਲ੍ਹ ਕੇ ਵਿਆਹ ਪੁਰਬ ਦੇ ਸਮਾਗਮਾਂ 'ਚ ਸ਼ਾਮਲ ਨਹੀਂ ਹੋਈਆਂ।
ਜ਼ਿਲਾ ਪੁਲਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ 
ਰਾਮ ਰਹੀਮ ਦੇ ਮਾਮਲੇ ਦੌਰਾਨ ਹੀ ਵਿਆਹ ਪੁਰਬ ਸਮਾਗਮ ਆ ਜਾਣ ਕਾਰਨ ਪੁਲਸ ਜ਼ਿਲਾ ਬਟਾਲਾ ਦੇ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਸੀਨੀਅਰ ਪੁਲਸ ਅਧਿਕਾਰੀਆਂ ਦੇ ਸਹਿਯੋਗ ਨਾਲ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ, ਜਿਸ ਤਹਿਤ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਜ਼ਿਲਾ ਪੁਲਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਨਗਰ ਕੀਰਤਨ ਦੌਰਾਨ ਪੁਲਸ ਦੀ ਵਿਸ਼ੇਸ਼ ਟੀਮ ਲਾਈ ਗਈ। ਉਥੇ ਨਾਲ ਹੀ ਐੱਸ. ਐੱਸ. ਪੀ. ਦਫ਼ਤਰ ਵਿਖੇ ਨਗਰ ਕੀਰਤਨ ਦਾ ਸਵਾਗਤ ਤੇ ਸਨਮਾਨ ਵੀ ਕੀਤਾ ਗਿਆ। ਐੱਸ. ਐੱਸ. ਪੀ. ਘੁੰਮਣ ਵੱਲੋਂ ਵਿਆਹ ਪੁਰਬ ਮੌਕੇ ਸਖਤ ਪ੍ਰਬੰਧ ਕਰਦਿਆਂ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੁਲੱੜਬਾਜ਼ੀ ਅਤੇ ਟਰੈਕਟਰਾਂ ਉਪਰ ਸਪੀਕਰ ਲਾ ਕੇ ਪਾਏ ਜਾਂਦੇ ਰੌਲੇ-ਰੱਪੇ ਨੂੰ ਵੀ ਸਖਤੀ ਨਾਲ ਠੱਲ੍ਹ ਪਾਈ ਗਈ।
ਜੇਬ ਕਤਰਿਆਂ ਅਤੇ ਚੋਰਾਂ ਕਾਰਨ ਲੋਕ ਹੋਏ ਪ੍ਰੇਸ਼ਾਨ 
ਭਾਵੇਂ ਜ਼ਿਲਾ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਪਰ ਇਸ ਦੇ ਬਾਵਜੂਦ ਜੇਬ ਕਤਰਿਆਂ ਵੱਲੋਂ ਥੋਕ 'ਚ ਹੀ ਲੋਕਾਂ ਦੀਆਂ ਜੇਬਾਂ ਕੱਟੀਆਂ ਗਈਆਂ ਅਤੇ ਕੀਮਤੀ ਮੋਬਾਇਲ ਵੀ ਚੋਰੀ ਕੀਤੇ ਗਏ। ਗੁਰਦੁਆਰਾ ਕੰਧ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸੰਗਤਾਂ ਦੇ ਭਾਰੀ ਇਕੱਠ 'ਚ ਨਤਮਸਤਕ ਹੋਣ ਪਹੁੰਚੀਆਂ ਸੰਗਤਾਂ 'ਚੋਂ ਇਕ ਔਰਤ ਦੇ ਪਰਸ ਨੂੰ ਬਲੇਡ ਮਾਰ ਕੇ 20 ਹਜ਼ਾਰ ਰੁਪਏ ਦੀ ਰਾਸ਼ੀ ਉਡਾਈ ਗਈ।  ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਉਸ ਦੇ 6 ਸਾਥੀਆਂ ਦੇ ਪਰਸ ਤੋਂ ਇਲਾਵਾ ਮੋਬਾਇਲ ਫੋਨ ਵੀ ਕੱਢ ਲਏ ਗਏ। ਜਦ ਕਿ ਜੇਬ ਕਤਰਿਆਂ ਵੱਲੋਂ ਕੱਟੀਆਂ ਗਈਆਂ ਜੇਬਾਂ ਦੌਰਾਨ ਲੋਕਾਂ ਦੇ ਪੈਸਿਆਂ ਤੋਂ ਇਲਾਵਾ ਏ. ਟੀ. ਐੱਮ. ਕਾਰਡ ਅਤੇ ਜ਼ਰੂਰੀ ਕਾਗਜ਼ ਪੱਤਰ ਵੀ ਚੋਰੀ ਕਰ ਲਏ ਗਏ, ਜਿਸ ਕਰ ਕੇ ਲੋਕ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ।


Related News