ਡੇਰਾ ਮੁਖੀ ਬਿਆਸ ਵੱਲੋਂ ਪ੍ਰਧਾਨ ਮੰਤਰੀ ਨੂੰ ਕੋਰੋਨਾ ਨਾਲ ਨਜਿੱਠਣ ਲਈ ਹਰੇਕ ਮਦਦ ਦੇਣ ਦਾ ਭਰੋਸਾ
Wednesday, Apr 01, 2020 - 08:11 PM (IST)
ਬਾਬਾ ਬਕਾਲਾ ਸਾਹਿਬ,(ਅਠੌਲ਼ਾ, ਰਾਕੇਸ਼) - ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਦੇਸ਼ 'ਚ ਫੈਲੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਰੇਕ ਮਦਦ ਦਾ ਭਰੋਸਾ ਦਿੱਤਾ ਹੈ। ਬਾਬਾ ਗੁਰਿੰਦਰ ਸਿੰਘ ਨੇ ਕਿਹਾ ਕਿ ਡੇਰਾ ਬਿਆਸ ਹਰ ਸੇਵਾ ਲਈ ਤਤਪਰ ਹੈ, ਅਸੀਂ ਲਗਾਤਾਰ ਪ੍ਰਸ਼ਾਸਨ ਨਾਲ ਤਾਲਮੇਲ ਬਣਾਈ ਰੱਖਿਆ ਹੈ। ਅਸੀਂ ਹਰੇਕ ਦੇ ਲਈ ਖਾਣੇ ਦਾ ਪ੍ਰਬੰਧ ਕੀਤਾ ਹੈ, ਆਈਸੋਲੇਸ਼ਨ ਵਾਰਡ ਜਿਸ ਵਿਚ ਪੀੜਤਾਂ ਨੂੰ ਰੱਖਣ ਦਾ ਪ੍ਰਬੰਧ ਹੈ, ਬਣਾਏ ਗਏ ਹਨ। ਇਹ ਸਭ ਕੁਝ ਸੰਗਤ ਦਾ ਹੈ ਤੇ ਸੰਗਤਾਂ ਲਈ ਡੇਰੇ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਹਨ।
ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਲੱਗਿਆਂ ਰਸਤੇ 'ਚ ਫਸੇ ਹਨ, ਉਨ੍ਹਾਂ ਲਈ ਸਤਿਸੰਗ ਘਰਾਂ 'ਚ ਰਹਿਣ ਦਾ ਹਰੇਕ ਕਿਸਮ ਦਾ ਪ੍ਰਬੰਧ ਕੀਤਾ ਗਿਆ ਹੈ। ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਡੇਰੇ ਵੱਲੋਂ 13 ਵੱਡੇ ਸਤਿਸੰਗ ਘਰਾਂ ਤੋਂ ਜ਼ਰੂਰਤਮੰਦਾਂ ਲਈ ਪੈਕਿੰਗ ਭੋਜਨ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ 'ਚ ਡੇਰਾ ਬਿਆਸ ਤੋਂ ਇਲਾਵਾ ਜਲੰਧਰ ਵਿਖੇ 3, ਪੰਚਕੂਲਾ ਵਿਖੇ 1, ਪਠਾਨਕੋਟ, ਬਲਾਚੌਰ, ਮੋਹਾਲੀ, ਮੋਗਾ, ਫਿਰੋਜ਼ਪੁਰ, ਮਲੋਟ, ਪਟਿਆਲਾ, ਰੁਦਰਪੁਰ, ਜੰਮੂ-1, ਭੋਟਾ (ਹਿਮਾਚਲ ਪ੍ਰਦੇਸ਼) ਅਤੇ ਕਠੂਆ ਦੇ ਸਤਿਸੰਗ ਘਰ ਸ਼ਾਮਲ ਹਨ। ਸੇਵਾਦਾਰਾਂ ਨੂੰ ਮਾਸਕ, ਦਸਤਾਨੇ ਪਾ ਕੇ ਇਕ-ਦੂਜੇ ਤੋਂ ਦੂਰੀ 'ਤੇ ਬਿਠਾ ਕੇ ਖਾਣਾ ਤਿਆਰ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡੇਰਾ ਬਿਆਸ ਵੱਲੋਂ ਦੇਸ਼-ਵਿਦੇਸ਼ ਵਿਚਲੇ ਸਾਰੇ ਸਤਿਸੰਗ ਪ੍ਰੋਗਰਾਮਾਂ ਨੂੰ ਰੱਦ ਕਰਨ ਤੋਂ ਇਲਾਵਾ ਡੇਰਾ ਬਿਆਸ 'ਚ ਹੋਣ ਵਾਲੇ ਸਤਿਸੰਗਾਂ ਨੂੰ ਪਹਿਲਾਂ ਹੀ ਮਨਸੂਖ ਕੀਤਾ ਜਾ ਚੁੱਕਾ ਹੈ, ਬਾਹਰੀ ਸ਼ਰਧਾਲੂਆਂ ਦੀ ਆਮਦ 'ਤੇ ਵੀ ਪਾਬੰਦੀ ਲਾਈ ਗਈ ਹੈ।