ਡੇਰੇ ''ਚੋਂ ਜ਼ਖਮੀ 10 ਸਾਲਾ ਬੱਚੇ ਵਲੋਂ ਸਨਸਨੀਖੇਜ਼ ਖੁਲਾਸੇ, ਮੇਰੇ ਨਾਲ ਹੋਈ ਬਦਫੈਲੀ ਤੇ ਬੇਰਹਿਮੀ ਨਾਲ ਮਾਰਕੁਟਾਈ

Saturday, Sep 09, 2017 - 08:28 AM (IST)

ਡੇਰੇ ''ਚੋਂ ਜ਼ਖਮੀ 10 ਸਾਲਾ ਬੱਚੇ ਵਲੋਂ ਸਨਸਨੀਖੇਜ਼ ਖੁਲਾਸੇ, ਮੇਰੇ ਨਾਲ ਹੋਈ ਬਦਫੈਲੀ ਤੇ ਬੇਰਹਿਮੀ ਨਾਲ ਮਾਰਕੁਟਾਈ

ਸਮਰਾਲਾ  (ਬੰਗੜ, ਗਰਗ) - ਅੱਜ ਸ਼ਾਮ ਸਿਵਲ ਹਸਪਤਾਲ ਸਮਰਾਲਾ ਵਿਖੇ ਜ਼ਖਮੀ ਹਾਲਤ ਵਿਚ ਦਾਖਲ ਹੋਏ ਇਕ 10 ਸਾਲਾ ਬੱਚੇ ਨੇ ਇਕ ਡੇਰੇ ਦੇ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਡੇਰੇ ਅੰਦਰ ਉਸ ਨਾਲ ਬੇਰਹਿਮੀ ਨਾਲ ਮਾਰਕੁਟਾਈ ਕਰਦੇ ਹੋਏ ਬਦਫੈਲੀ ਕੀਤੀ ਗਈ। ਸਥਾਨਕ ਪੁਲਸ ਨੇ ਇਸ ਮਾਮਲੇ ਵਿਚ ਡੇਰੇ 'ਚੋਂ ਦੋ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਇਕ 10 ਸਾਲਾ ਲੜਕੇ ਵਲੋਂ ਪੁਲਸ ਨੂੰ ਇਹ ਬਿਆਨ ਦਿੱਤੇ ਗਏ ਹਨ ਕਿ ਉਹ ਇਕ ਸਾਲ ਤੋਂ ਕਰਨਾਲ (ਹਰਿਆਣਾ) ਤੋਂ ਆ ਕੇ ਇਸ ਡੇਰੇ ਵਿਚ ਰਹਿ ਰਿਹਾ ਹੈ ਅਤੇ ਨਾਲ ਦੇ ਪਿੰਡ ਵਿਚ ਸਰਕਾਰੀ ਪ੍ਰਾਇਮਰੀ ਸਕੂਲ 'ਚ ਪੰਜਵੀਂ ਜਮਾਤ ਵਿਚ ਪੜ੍ਹਦਾ ਹੈ। ਉਸਦਾ ਦੋਸ਼ ਹੈ ਕਿ ਡੇਰੇ ਦੇ ਮੁਖੀ ਅਤੇ ਇਕ ਹੋਰ ਨੌਜਵਾਨ ਵਲੋਂ ਮਾਰਕੁਟਾਈ ਕਰਦਿਆਂ ਉਸ ਨਾਲ ਬਦਫੈਲੀ ਕੀਤੀ ਗਈ ਹੈ। ਹਸਪਤਾਲ ਵਿਚ ਤਫਤੀਸ਼ੀ ਅਧਿਕਾਰੀ ਏ. ਐੱਸ. ਆਈ. ਅਧਿਕਾਰੀ ਅਮਰੀਕ ਸਿੰਘ ਵਲੋਂ ਪੀੜਤ ਦੇ ਬਿਆਨ ਲੈਣ ਤੋਂ ਬਾਅਦ ਪੁਲਸ ਦਾ ਵੱਡਾ ਦਸਤਾ ਲੇਡੀ ਪੁਲਸ ਸਮੇਤ ਵਿਵਾਦਤ ਡੇਰੇ ਵਿਚ ਪੁੱਜਾ, ਜਿਥੇ ਪੁਲਸ ਵਲੋਂ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਗਈ। ਡੇਰੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਡੇਰੇ ਦਾ ਮੁਖੀ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਹੈ।
ਡੇਰੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ : ਪ੍ਰਧਾਨ
ਵਿਵਾਦਿਤ ਡੇਰੇ ਉਪਰ ਲੱਗੇ ਗੰਭੀਰ ਦੋਸ਼ਾਂ ਦੇ ਸਬੰਧ 'ਚ ਜਦੋਂ ਡੇਰੇ ਦੇ ਟਰਸਟ ਦੇ ਪ੍ਰਧਾਨ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਉਪਰੋਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਭ ਇਸ ਪਵਿੱਤਰ ਅਸਥਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕ ਵਿਰੋਧੀ ਧੜੇ, ਜੋ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨਾਲ ਰੰਜਿਸ਼ ਰੱਖਦਾ ਆ ਰਿਹਾ ਹੈ, ਵਲੋਂ ਇਕ ਯੋਜਨਾ ਤਹਿਤ ਡੇਰੇ ਦੇ ਇਸ ਬੱਚੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਜਾਵੇਗਾ।
ਪੀੜਤ ਬੱਚੇ ਦਾ ਅੱਜ ਹੋਵੇਗਾ ਮੈਡੀਕਲ
ਸਿਵਲ ਹਸਪਤਾਲ ਸਮਰਾਲਾ ਵਿਖੇ ਇਲਾਜ ਅਧੀਨ ਪੀੜਤ ਵਲੋਂ ਜੋ ਬਦਫੈਲੀ ਦੇ ਗੰਭੀਰ ਦੋਸ਼ ਲਗਾਏ ਹਨ, ਇਨ੍ਹਾਂ ਦੋਸ਼ਾਂ ਨੂੰ ਕਾਨੂੰਨੀ ਤੌਰ 'ਤੇ ਜਾਂਚਣ ਲਈ ਪੀੜਤ ਬੱਚੇ ਦਾ ਮੈਡੀਕਲ ਅੱਜ ਭਲਕੇ ਸਿਵਲ ਹਸਪਤਾਲ 'ਚ ਹੋਵੇਗਾ। ਸਿਵਲ ਹਸਪਤਾਲ ਸਮਰਾਲਾ ਵਿਖੇ ਜ਼ੇਰੇ ਇਲਾਜ ਬੱਚੇ ਦਾ ਇਲਾਜ ਕਰਦੇ ਡਾ. ਰਾਹੁਲ ਭੱਲਾ ਨੇ ਦੱਸਿਆ ਕਿ ਬੱਚੇ ਦਾ ਮੈਡੀਕਲ ਕਰਵਾਉਣ ਤੋਂ ਪਹਿਲਾਂ ਐੱਫ. ਆਈ. ਆਰ. ਹੋਣੀ ਜ਼ਰੂਰੀ ਹੈ, ਜਿਸਦੀ ਉਹ ਉਡੀਕ ਕਰ ਰਹੇ ਹਨ। ਦੂਜੇ ਪਾਸੇ ਥਾਣਾ ਮੁਖੀ ਸੰਜੇ ਕੁਮਾਰ ਨੇ ਦੱਸਿਆ ਕਿ ਐੱਫ. ਆਈ. ਆਰ. ਕੀਤੀ ਜਾ ਰਹੀ ਹੈ।
ਬੱਚੇ ਨੇ ਕਿਹਾ ਸਕੂਲ 'ਚ ਦੱਸਿਆ ਸੀ ਮੈਡਮ ਨੂੰ
ਡੇਰੇ ਵਿਚ ਮਾਰਕੁਟਾਈ ਤੋਂ ਪੀੜਤ ਬੱਚੇ ਨੇ ਸਿਵਲ ਹਸਪਤਾਲ ਵਿਖੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਉਸਨੂੰ ਪਹਿਲਾਂ ਵੀ ਡੇਰੇ ਵਿਚ ਕਈ ਵਾਰ ਮਾਰਿਆ-ਕੁੱਟਿਆ ਗਿਆ ਹੈ, ਜਿਸ ਬਾਰੇ ਉਸਨੇ ਆਪਣੀ ਅਧਿਆਪਕਾ ਨੂੰ ਦੱਸਿਆ ਸੀ ਪਰ ਉਸ ਵਲੋਂ ਇਸ ਬਾਰੇ ਉਸ ਡੇਰੇ ਦੇ ਸੇਵਾਦਾਰ ਨੂੰ ਦੱਸ ਦਿੱਤਾ ਗਿਆ, ਜਿਸਨੇ ਮੈਨੂੰ ਕੁੱਟਿਆ ਸੀ। ਪੀੜਤ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਉਪਰ ਮਾਰਕੁਟਾਈ ਦਾ ਜ਼ੁਲਮ ਹੋਰ ਤੇਜ਼ ਹੋ ਗਿਆ। ਸਕੂਲ ਇੰਚਾਰਜ ਨੇ ਕਿਹਾ ਕਿ ਇਹ ਬੱਚਾ ਅੱਜ ਵੀ ਸਕੂਲ ਵਿਚ ਆਇਆ ਸੀ, ਅਜਿਹੀ ਕੋਈ ਗੱਲ ਨਹੀਂ ਹੋਈ।


Related News