ਸੁਲਤਾਨਪੁਰ ਲੋਧੀ ਤੋਂ ਬਾਅਦ ਚਿੱਤਰਕਾਰੀ ਦੇ ਰੰਗ 'ਚ ਰੰਗਿਆ ਡੇਰਾ ਬਾਬਾ ਨਾਨਕ (ਤਸਵੀਰਾਂ)

Saturday, Oct 26, 2019 - 02:36 PM (IST)

ਸੁਲਤਾਨਪੁਰ ਲੋਧੀ ਤੋਂ ਬਾਅਦ ਚਿੱਤਰਕਾਰੀ ਦੇ ਰੰਗ 'ਚ ਰੰਗਿਆ ਡੇਰਾ ਬਾਬਾ ਨਾਨਕ (ਤਸਵੀਰਾਂ)

ਡੇਰਾ ਬਾਬਾ ਨਾਨਕ (ਵਤਨ) : ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ੍ਹ ਛੋਹ ਪ੍ਰਾਪਤ ਧਰਤੀ ਨਾਲ ਵੱਸਿਆ ਡੇਰਾ ਬਾਬਾ ਨਾਨਕ ਅੱਜ ਜਿੱਥੇ ਗੁਰੂ ਸਾਹਿਬ ਦੀ 550ਵੇਂ ਪ੍ਰਕਾਸ਼ ਪੁਰਬ ਦਾ ਹਿੱਸਾ ਬਨਣ ਜਾ ਰਿਹਾ ਹੈ, ਉਥੇ ਕਸਬੇ ਦੇ ਲੋਕਾਂ ਨੂੰ ਦੋਹਰੀ ਖੁਸ਼ੀ ਇਹ ਵੀ ਮਿਲਣ ਜਾ ਰਹੀ ਹੈ। 10 ਨਵੰਬਰ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਲਾਂਘਾ ਵੀ ਖੁੱਲ੍ਹਣ ਜਾ ਰਿਹਾ ਹੈ, ਜਿਸ ਕਾਰਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ। ਇਸ ਖੁਸ਼ੀ ਦੀਆਂ ਤੰਦਾਂ ਨੂੰ ਹੋਰ ਗੂੜਾ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਡੇਰਾ ਬਾਬਾ ਨਾਨਕ 'ਬਾਬੇ ਨਾਨਕ' ਦੇ ਰੰਗ 'ਚ ਰੰਗਿਆ ਜਾਣ ਲੱਗਾ ਹੈ। ਪੰਜਾਬ ਸਰਕਾਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਇਸ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਉਣ 'ਚ ਕੋਈ ਕਸਰ ਨਹੀਂ ਛੱਡ ਰਹੀ। ਸਰਕਾਰ ਵਲੋਂ ਜਿਥੇ ਸੰਗਤਾਂ ਦੀ ਸਹੂਲਤ ਲਈ ਵਿਕਾਸ ਕਾਰਜਾਂ ਦੀ ਝੜੀ ਲਗਾ ਦਿੱਤੀ ਗਈ ਹੈ, ਉਥੇ ਕਸਬੇ ਨੂੰ ਅਧਿਆਤਮਕ ਅਤੇ ਧਾਰਮਿਕ ਖੇਤਰ ਵਿਚ ਰੰਗਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

PunjabKesari
ਕਸਬੇ ਦੀਆਂ ਸਰਕਾਰੀ ਇਮਾਰਤਾਂ ਦੀਆਂ ਬਾਹਰਲੀਆਂ ਕੰਧਾਂ ਅੱਜ-ਕੱਲ ਕੁਝ ਅਜਿਹਾ ਹੀ ਬਿਆਨ ਕਰ ਰਹੀਆਂ ਹਨ ਅਤੇ ਇਸ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ। ਦੀਨਾਨਗਰ ਦੇ ਸਵਾਮੀ ਸਵਤੰਤਰਤਾ ਆਨੰਦ ਮੈਮੋਰੀਅਲ ਡਿਗਰੀ ਕਾਲਜ ਦੇ ਵਿਦਿਆਰਥੀ ਜੋ ਕਿ 2 ਦਿਨ ਤੋਂ ਕਸਬੇ ਦੀਆਂ ਦੀਵਾਰਾਂ 'ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਉਪਦੇਸ਼ਾਂ ਨੂੰ ਦੀਵਾਰਾਂ 'ਤੇ ਉਕਰ ਕੇ ਮਾਹੌਲ ਨੂੰ ਗੁਰੂ ਨਾਨਕ ਦੇਵ ਜੀ ਦੇ ਰੰਗਾਂ 'ਚ ਰੰਗ ਰਹੇ ਹਨ। ਇਨ੍ਹਾਂ ਕਲਾਕਾਰਾਂ ਵਲੋਂ ਬਣਾਏ ਜਾ ਰਹੇ ਚਿੱਤਰ ਜਿੱਥੇ ਦੂਰ-ਦਰਾਡੇ ਦੀ ਸੰਗਤ ਅਤੇ ਲੋਕਾਂ ਲਈ ਵਿਸੇਸ਼ ਖਿੱਚ ਦਾ ਕੇਂਦਰ ਬਣ ਰਹੇ ਹਨ, ਉਥੇ ਡੇਰਾ ਬਾਬਾ ਨਾਨਕ ਦੀ ਧਰਤੀ ਨੂੰ ਇਕ ਵੱਖਰੀ ਜਿਹੀ ਦਿੱਖ ਪ੍ਰਦਾਨ ਕਰਦੇ ਦਿਖਾਈ ਦੇ ਰਹੇ ਹਨ। ਇਹ ਕਲਾਕਾਰ ਇਨ੍ਹੀਂ ਬਾਰੀਕੀ ਨਾਲ ਇਨ੍ਹਾਂ ਚਿੱਤਰਾਂ 'ਚ ਜਾਨ ਫੂਕ ਰਹੇ ਹਨ, ਜਿਵੇਂ ਇਹ ਚਿੱਤਰ ਸੰਜੀਵ ਹੋਣ।

PunjabKesari
ਇਨ੍ਹਾਂ ਕਲਾਕਾਰਾਂ 'ਚ ਕਾਲਜ ਦੀ ਫਾਈਨ ਆਰਟਸ ਦੀ ਡਿਗਰੀ ਹੋਲਡਰ ਅਧਿਆਪਕ ਦੀਪਿਕਾ ਅਤੇ ਉਨ੍ਹਾਂ ਦੇ ਵਿਦਿਆਰਥੀ ਲਲਿਤ ਕੁਮਾਰ, ਸਰੋਜ ਬਾਲਾ, ਲਲਿਤ, ਨੀਲਮ ਬਾਲਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਡਾ. ਆਰ. ਜੇ. ਤੁੱਲੀ ਦੀ ਰਹਿਨੁਮਾਈ ਹੇਠ ਕਾਲਜ ਵਲੋਂ ਸਾਨੂੰ ਡੇਰਾ ਬਾਬਾ ਨਾਨਕ ਵਿਖੇ ਚਿੱਤਰਕਾਰੀ ਕਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਸਬੇ ਦੇ ਵੱਖ-ਵੱਖ ਬਜ਼ਾਰਾਂ ਅਤੇ ਮੁੱਖ ਮਾਰਗਾਂ 'ਤੇ ਅਜਿਹੇ ਚਿੱਤਰ ਬਣਾਏ ਜਾ ਰਹੇ ਹਨ ਅਤੇ ਅਸੀਂ ਇਹ ਸਾਰਾ ਕੰਮ ਬਿਨ੍ਹਾਂ ਕਿਸੇ ਫੀਸ ਤੋਂ ਇਕ ਸੇਵਾ ਦੇ ਰੂਪ 'ਚ ਕਰ ਰਹੇ ਹਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਨੂੰ ਚਿੱਤਰ ਦੇ ਰੂਪ 'ਚ ਪੇਸ਼ ਕਰ ਰਹੇ ਹਾਂ। ਇਸ ਤੋਂ ਇਲਾਵਾ ਏ. ਪੀ. ਜੀ. ਕਾਲਜ ਜਲੰਧਰ ਦੇ ਚਿੱਤਰਕਾਰ ਵੀ ਕਸਬੇ 'ਚ ਦੀਵਾਰਾਂ 'ਤੇ ਚਿੱਤਰ ਬਣਾ ਰਹੇ ਹਨ। ਇਸ ਸਬੰਧੀ ਕਸਬੇ ਦੇ ਕਾਰਜ ਸਾਧਕ ਅਫਸਰ ਅਨਿਲ ਮਹਿਤਾ ਨੇ ਦੱਸਿਆ ਕਿ ਮਾਰਕਫੈਡ ਪੰਜਾਬ ਦੀ ਦੇਖ ਰੇਖ ਹੇਠ ਇਹ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਸਥਾਨਾਂ 'ਤੇ ਇਹ ਚਿੱਤਰ ਬਣਾਏ ਜਾ ਰਹੇ ਹਨ, ਉਨ੍ਹਾਂ ਥਾਵਾਂ ਨੂੰ ਵਿਸੇਸ਼ ਤੌਰ ਤੇ ਫੁੱਲਾਂ ਨਾਲ ਸਜਾਇਆ ਜਾਵੇਗਾ।


author

Baljeet Kaur

Content Editor

Related News