ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਅੱਜ ਦੇ ਸਾਰੇ ਸਮਾਗਮ ਰੱਦ

11/08/2019 11:36:26 AM

ਡੇਰਾ ਬਾਬਾ ਨਾਨਕ (ਵਤਨ) : ਪੰਜਾਬ ਸਰਕਾਰ ਵਲੋਂ 9 ਨਵੰਬਰ ਤੋਂ 11 ਨਵੰਬਰ ਤੱਕ ਚੱਲਣ ਵਾਲੇ ਡੇਰਾ ਬਾਬਾ ਨਾਨਕ ਪ੍ਰੋਗਰਾਮ ਦੀਆਂ ਤਿਆਰੀਆਂ 'ਤੇ ਬੀਤੇ ਦਿਨ ਪਏ ਤੇਜ਼ ਮੀਂਹ ਨੇ ਪਾਣੀ ਫੇਰ ਦਿੱਤਾ ਹੈ। ਮੀਂਹ ਕਾਰਨ ਟੈਂਟ ਸਿਟੀ ਦੇ ਪ੍ਰਬੰਧ ਪ੍ਰਭਾਵਿਤ ਹੋਣ ਕਾਰਨ ਸੰਗਤ ਨੂੰ ਠਹਿਰਣ ਦੀ ਵੀ ਮੁਸ਼ਕਲ ਪੇਸ਼ ਆਉਣ ਲੱਗੀ ਹੈ। ਕਸਬੇ 'ਚ ਸਿਰਫ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ 'ਚ ਮੁੱਖ ਤੌਰ 'ਤੇ ਰਿਹਾਇਸ਼ ਦੇ ਪ੍ਰਬੰਧ ਹਨ, ਜੋ ਕਿ ਵੱਡੀ ਗਿਣਤੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਆਮਦ ਨਾਲ ਜ਼ਿਆਦਾਤਰ ਭਰ ਚੁੱਕੇ ਹਨ। ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਆਰਜ਼ੀ ਤੌਰ 'ਤੇ ਕੀਤੇ ਗਏ ਠਹਿਰਾਓ ਦੇ ਪ੍ਰਬੰਧ ਮੀਂਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਉਨ੍ਹਾਂ ਥਾਵਾਂ 'ਤੇ ਮੀਂਹ ਦਾ ਪਾਣੀ ਖੜਾ ਹੈ।
PunjabKesari
ਡੇਰਾ ਬਾਬਾ ਨਾਨਕ ਸਮਾਗਮਾਂ ਦੇ ਮੁੱਖ ਪੰਡਾਲ 'ਚ ਪਾਣੀ ਭਰਨ ਨਾਲ ਸ਼ੁੱਕਰਵਾਰ ਦੇ ਸਾਰੇ ਸਮਾਗਮ ਰੱਦ ਕਰ ਦਿੱਤੇ ਗਏ ਸਨ ਅਤੇ ਸਵੇਰ ਤੋਂ ਚੜੀ ਧੁੱਪ ਕਾਰਨ ਪ੍ਰਬੰਧਕਾਂ ਵਲੋਂ ਪੰਡਾਲ ਦੇ ਅੰਦਰ ਬਾਹਰ ਦਾ ਪਾਣੀ ਕੱਢਣ ਲਈ ਜੇ. ਸੀ. ਬੀ. ਮਸ਼ੀਨਾਂ ਦੀਆਂ ਸੇਵਾਵਾਂ ਲਈਆਂ ਅਤੇ ਪਾਣੀ ਕੱਢਣ ਦੇ ਉਪਰਾਲੇ ਸ਼ੁਰੂ ਕੀਤੇ ਗਏ। ਜਗਬਾਣੀ ਟੀਮ ਨੇ ਵੇਖਿਆ ਕਿ ਪੰਡਾਲ 'ਚ ਪਾਣੀ ਇੰਨਾਂ ਜ਼ਿਆਦਾ ਖੜਾ ਸੀ ਕਿ ਉਸ 'ਚੋਂ ਲੰਘਣਾ ਔਖਾ ਹੋਇਆ ਪਿਆ ਸੀ, ਪ੍ਰਬੰਧਕਾਂ ਨੂੰ ਆਸ ਹੈ ਕਿ ਅੱਜ ਸ਼ਾਮ ਤੱਕ ਮੀਂਹ ਦਾ ਪਾਣੀ ਪੰਡਾਲ ਕੰਪਲੈਕਸ 'ਚੋਂ ਕੱਢ ਕੇ ਮੁੜ ਸਮਾਗਮਾਂ ਦਾ ਆਯੋਜਨ ਹੋ ਜਾਵੇਗਾ।
PunjabKesari
ਦੂਸਰੇ ਪਾਸੇ ਸਰਕਾਰ ਵਲੋਂ ਸੰਗਤਾਂ ਦੀ ਵੱਡੀ ਆਮਦ ਨੂੰ ਮੁੱਖ ਰੱਖਦਿਆਂ ਬਣਾਈਆਂ ਆਰਜ਼ੀ ਪਾਰਕਿੰਗਾਂ 'ਚ ਪਾਣੀ ਭਰਨ ਕਾਰਨ ਲੋਕਾਂ ਦੇ ਵਾਹਨ ਉਸ 'ਚ ਫਸ ਗਏ ਅਤੇ ਟਰੈਕਟਰਾਂ ਨਾਲ ਕੁਝ ਵਾਹਨਾਂ ਨੂੰ ਕੱਢਿਆ ਗਿਆ ਅਤੇ ਅੱਜ ਪ੍ਰਸਾਸ਼ਨ, ਪੁਲਸ ਅਤੇ ਲੋਕਾਂ ਦੀਆਂ ਗੱਡੀਆਂ ਪਾਰਕ ਕਰਨ ਲਈ ਬਟਾਲਾ ਅਤੇ ਗੁਰਦਾਸਪੁਰ ਮਾਰਗ ਦੇ ਸੜਕ ਦੇ ਕਿਨਾਰਿਆਂ ਦਾ ਸਹਾਰਾ ਲਿਆ ਗਿਆ। ਸਾਰੇ ਵਾਹਨ ਸੜਕ ਦੇ ਕਿਨਾਰੇ 'ਤੇ ਹੀ ਖੜੇ ਕੀਤੇ ਗਏ। ਮੀਂਹ ਕਾਰਨ ਸੰਸਥਾਵਾਂ ਵਲੋਂ ਲਗਾਏ ਗਏ ਲੰਗਰਾਂ ਦੇ ਪ੍ਰਬੰਧਾਂ ਤੇ ਵੀ ਕਾਫੀ ਮਾੜਾ ਅਸਰ ਪਿਆ ਪਰ ਅੱਜ ਧੁੱਪ ਲੱਗਣ ਨਾਲ ਪ੍ਰਬੰਧਕਾਂ ਨੇ ਸੁੱਖ ਦਾ ਸਾਹ ਲਿਆ।


Baljeet Kaur

Content Editor

Related News