ਸੰਗਤਾਂ ਦੀਆਂ ਸਹੂਲਤਾਂ ਤੇ ਪ੍ਰਬੰਧਾਂ ਲਈ ਅੱਜ ਵੀ ਵਾਂਝਾ ਕਰਤਾਰਪੁਰ ਸਾਹਿਬ ਦਰਸ਼ਨ ਸਥੱਲ

11/18/2019 10:00:22 AM

ਡੇਰਾ ਬਾਬਾ ਨਾਨਕ (ਵਤਨ) - ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਸੰਗਤ ਸੈਂਕੜਿਆਂ ਦੀ ਗਿਣਤੀ 'ਚ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿ ਜਾ ਰਹੀ ਹੈ। ਇਸ ਦੇ ਉਲਟ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਭਾਰਤ-ਪਾਕਿ ਸਰਹੱਦ 'ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਗੁ. ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਹਨ। ਅੱਜ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 547 ਸ਼ਰਧਾਲੂਆਂ ਦਾ ਜਥਾ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਮਾਰਗ ਰਾਹੀਂ ਸੰਗਤ ਸੈਂਕੜਿਆਂ ਦੀ ਗਿਣਤੀ ਵਿਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਹੈ, ਉਥੇ ਸਰਕਾਰ ਵੱਲੋਂ ਸਮੁੱਚੇ ਪ੍ਰਬੰਧ ਕੀਤੇ ਗਏ ਹਨ ਅਤੇ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਦਰਸ਼ਨ ਸਥੱਲ 'ਤੇ ਪਹੁੰਚ ਕੇ ਦੂਰੋਂ ਹੀ ਮੱਥਾ ਟੇਕ ਰਹੀਆਂ ਹਨ ਉਥੇ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਹੂਲਤ ਪ੍ਰਦਾਨ ਨਹੀਂ ਕੀਤੀ ਗਈ।

ਅੱਜ 'ਜਗ ਬਾਣੀ' ਟੀਮ ਨੇ ਜਦੋਂ ਕਰਤਾਰਪੁਰ ਦਰਸ਼ਨ ਸਥੱਲ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਕਰਤਾਰਪੁਰ ਦਰਸ਼ਨ ਸਥੱਲ ਦਾ ਕਿਸੇ ਵੀ ਤਰ੍ਹਾਂ ਦਾ ਨਵ-ਨਿਰਮਾਣ ਨਹੀਂ ਕੀਤਾ ਗਿਆ। ਨਿਰਮਾਣ ਦੇ ਨਾਂ 'ਤੇ ਸੀਮੈਂਟ ਦੇ ਕੁਝ ਸਟੈਪ ਜ਼ਰੂਰ ਬਣਾ ਦਿੱਤੇ ਗਏ ਪਰ ਇਸ ਦੇ ਨਾਲ ਸੰਗਤ ਨੂੰ ਕਿਸੇ ਵੀ ਤਰ੍ਹਾਂ ਦਾ ਫਾਇਦਾ ਮਿਲਦਾ ਨਜ਼ਰ ਨਹੀਂ ਆਉਂਦਾ। ਕੱਚੇ ਦਰਸ਼ਨ ਸਥੱਲ 'ਤੇ ਜਿੱਥੇ ਮੀਂਹ ਕਾਰਣ ਚਿੱਕੜ ਹੋ ਜਾਂਦਾ ਹੈ, ਉਥੇ ਪੁਰਾਣੇ ਦਰਸ਼ਨ ਸਥੱਲ ਵਾਂਗ ਇਸ ਉਪਰ ਕੋਈ ਛੱਤ ਨਹੀਂ ਹੈ।

PunjabKesari

ਰੈਂਪ ਨਾ ਹੋਣ ਕਾਰਣ ਵ੍ਹੀਲਚੇਅਰਾਂ ਦਾ ਇਸਤੇਮਾਲ ਕਰਨਾ ਹੋਇਆ ਮੁਸ਼ਕਲ
ਦਰਸ਼ਨ ਸਥੱਲ 'ਤੇ ਕੋਈ ਵੀ ਪੱਕਾ ਰੈਂਪ ਨਾ ਬਣਾਏ ਜਾਣ ਕਾਰਣ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਬੜੀ ਮੁਸ਼ਕਲ ਨਾਲ ਕਿਸੇ ਦਾ ਆਸਰਾ ਲੈ ਕੇ ਧੁੱਸੀ ਬੰਨ੍ਹ 'ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚਦੇ ਹਨ। ਸੰਗਤਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਦਰਸ਼ਨ ਸਥੱਲ ਦਾ ਪਹਿਲਾਂ ਦੀ ਤਰ੍ਹਾਂ ਪੱਕਾ ਨਿਰਮਾਣ ਹੋਣਾ ਚਾਹੀਦਾ ਹੈ ਤਾਂ ਕਿ ਸੰਗਤ ਬਿਨਾਂ ਕਿਸੇ ਮੁਸ਼ਕਲ ਦੇ ਦੂਰੋਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ। ਸੰਗਤਾਂ ਦਾ ਕਹਿਣਾ ਸੀ ਕਿ ਇਸ ਜਗ੍ਹਾ 'ਤੇ ਵ੍ਹੀਲਚੇਅਰਾਂ ਦਾ ਵੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਪਰ ਰੈਂਪ ਨਾ ਬਣੇ ਹੋਣ ਕਾਰਣ ਉਸ ਦਾ ਵੀ ਕੋਈ ਫਾਇਦਾ ਨਹੀਂ ਹੋਣਾ। ਹਾਲਾਂਕਿ ਡੇਰਾ ਬਾਬਾ ਨਾਨਕ ਨਗਰ ਕੌਂਸਲ ਕੋਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਾਨ ਕੀਤੀਆਂ ਵ੍ਹੀਲਚੇਅਰਾਂ ਵੀ ਮੌਜੂਦ ਹਨ ਪਰ ਕਰਤਾਰਪੁਰ ਦਰਸ਼ਨ ਸਥੱਲ 'ਤੇ ਕੋਈ ਰੈਂਪ ਨਾ ਹੋਣ ਕਾਰਣ ਵ੍ਹੀਲਚੇਅਰਾਂ ਦਾ ਇਸਤੇਮਾਲ ਕਰਨਾ ਵੀ ਮੁਸ਼ਕਲ ਹੈ।

PunjabKesari
ਬਾਬਾ ਬੇਦੀ ਦਰਸ਼ਨ ਸਥੱਲ ਬਣਾਉਣ ਲਈ ਕਰ ਚੁੱਕੇ ਹਨ ਪੇਸ਼ਕਸ਼
ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਰਤਾਰਪੁਰ ਲਾਂਘਾ ਬਣਨ ਤੋਂ ਪਹਿਲਾਂ ਗੁਰੂ ਨਾਨਕ ਵੰਸ਼ਜ ਬਾਬਾ ਸੁਖਦੀਪ ਸਿੰਘ ਬੇਦੀ ਵੱਲੋਂ ਬੀ. ਐੱਸ. ਐੱਫ. ਦੀ 153 ਬਟਾਲੀਅਨ ਦੇ ਸਹਿਯੋਗ ਨਾਲ ਭਾਰਤ-ਪਾਕਿ ਕੌਮਾਤਰੀ ਸਰਹੱਦ 'ਤੇ ਬਣੇ ਧੁੱਸੀ ਬੰਨ੍ਹ 'ਤੇ ਪੱਕੇ ਕਰਤਾਰਪੁਰ ਦਰਸ਼ਨ ਸਥੱਲ ਦਾ ਨਿਰਮਾਣ ਕਰਵਾਇਆ ਗਿਆ ਸੀ ਜੋ ਕਿ ਕਰਤਾਰਪੁਰ ਸਾਹਿਬ ਲਾਂਘਾ ਬਣਨ ਦੌਰਾਨ ਤੋੜ ਦਿੱਤਾ ਗਿਆ ਸੀ ਅਤੇ ਹੁਣ ਵੀ ਬਾਬਾ ਸੁਖਦੀਪ ਸਿੰਘ ਬੇਦੀ ਉਸੇ ਤਰ੍ਹਾਂ ਦਾ ਹੀ ਕਰਤਾਰਪੁਰ ਦਰਸ਼ਨ ਸਥੱਲ ਧੁੱਸੀ ਬੰਨ੍ਹ 'ਤੇ ਬਣਾਉਣ ਦੀ ਪੇਸ਼ਕਸ਼ ਕਰ ਚੁੱਕੇ ਹਨ, ਜਿਸ ਦਾ ਅਜੇ ਸਬੰਧਤ ਵਿਭਾਗ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਤੋਂ ਉਦਘਾਟਨ ਤੱਕ ਵੱਖ-ਵੱਖ ਉੱਚ ਅਧਿਕਾਰੀ ਅਤੇ ਸਿਆਸੀ ਆਗੂ ਕਹਿ ਚੁੱਕੇ ਹਨ ਕਿ ਡੇਰਾ ਬਾਬਾ ਨਾਨਕ ਸੰਸਾਰ ਦਾ ਸਭ ਤੋਂ ਵਧੀਆ ਧਾਰਮਕ ਖਿੱਚ ਵਾਲਾ ਕੇਂਦਰ ਬਣੇਗਾ ਅਤੇ ਦੇਸ਼-ਵਿਦੇਸ਼ ਤੋਂ ਲੋਕ ਇਸ ਸਥਾਨ 'ਤੇ ਪਹੁੰਚਿਆ ਕਰਨਗੇ ਜਦਕਿ ਲਾਂਘਾ ਬਣਨ ਤੋਂ ਬਾਅਦ ਅਜੇ ਤੱਕ ਸੰਗਤ ਨੂੰ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਸਕੀਆਂ।


rajwinder kaur

Content Editor

Related News