ਪ੍ਰਕਾਸ਼ ਪੁਰਬ ਸਮਾਗਮਾਂ ਲਈ ਪੰਜਾਬ ਸਰਕਾਰ ਨੇ ਮੁਕੰਮਲ ਕੀਤੇ ਪ੍ਰਬੰਧ

10/31/2019 5:59:48 PM

ਡੇਰਾ ਬਾਬਾ ਨਾਨਕ (ਵਤਨ) :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਦੋ ਪੜਾਵਾਂ ਵਿਚ ਸਮਾਗਮ ਰੱਖੇ ਗਏ ਹਨ, ਜਿਸ ਤਹਿਤ ਸੁਲਤਾਨਪੁਰ ਲੋਧੀ 'ਚ ਇਨ੍ਹਾਂ ਸਮਾਗਮਾਂ ਦੀ ਆਰੰਭਤਾ ਹੋਵੇਗੀ ਅਤੇ ਇਸ ਦੀ ਸਮਾਪਤੀ ਡੇਰਾ ਬਾਬਾ ਨਾਨਕ ਵਿਚ ਮਨਾਏ ਜਾਣ ਵਾਲੇ ਡੇਰਾ ਬਾਬਾ ਨਾਨਕ ਉਤਸਵ ਮੌਕੇ ਹੋਵੇਗੀ। ਪੰਜਾਬ ਸਰਕਾਰ ਜਿਥੇ ਸੁਲਤਾਨਪੁਰ ਲੋਧੀ 'ਚ ਸਮਾਗਮਾਂ ਲਈ ਤਿਆਰੀਆਂ ਮੁਕੰਮਲ ਕਰ ਚੁੱਕੀ ਹੈ, ਉਥੇ ਡੇਰਾ ਬਾਬਾ ਨਾਨਕ ਵਿਖੇ ਵੀ ਸ਼ਤਾਬਦੀ ਸਮਾਗਮਾਂ ਦੇ ਨਾਲ-ਨਾਲ 10 ਨਵੰਬਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ 'ਚ ਆਉਣ ਵਾਲੀਆਂ ਸੰਗਤਾਂ ਦੇ ਠਹਿਰਾਓ, ਲੰਗਰ, ਪਾਰਕਿੰਗ, ਪੀਣ ਵਾਲੇ ਪਾਣੀ ਆਦਿ ਦੇ ਪ੍ਰਬੰਧਾਂ ਲਈ ਵੀ 95 ਫੀਸਦੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ, ਏ. ਡੀ. ਸੀ. ਰਮਨ ਕੋਛੜ ਅਤੇ ਗੁਰਸਿਮਰਨ ਸਿੰਘ ਢਿੱਲੋਂ ਵਲੋਂ ਰੋਜ਼ਾਨਾ ਡੇਰਾ ਬਾਬਾ ਨਾਨਕ ਪਹੁੰਚ ਕੇ ਇਥੇ ਬਣ ਰਹੀ ਟੈਂਟ ਸਿਟੀ, ਪਾਰਕਿੰਗ ਅਤੇ ਪੰਡਾਲ ਵਾਲੇ ਸਥਾਨ ਦਾ ਦੌਰਾ ਕਰ ਕੇ ਦਿਨ-ਰਾਤ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਦੇ ਬਾਹਰਵਾਰ ਕਿਸਾਨਾਂ ਤੋਂ 150 ਏਕੜ ਜ਼ਮੀਨ ਇਨ੍ਹਾਂ ਸਮਾਗਮਾਂ, ਟੈਂਟ ਸਿਟੀ ਅਤੇ ਪਾਰਕਿੰਗ ਲਈ ਆਰਜ਼ੀ ਤੌਰ 'ਤੇ ਇਕਵਾਇਰ ਕੀਤੀ ਗਈ ਹੈ। ਇਸ 'ਚੋਂ ਸਿਰਫ 70 ਤੋਂ 75 ਏਕੜ ਜ਼ਮੀਨ ਪਾਰਕਿੰਗ ਲਈ ਹੀ ਰਾਖਵੀਂ ਰੱਖੀ ਗਈ ਹੈ ਅਤੇ ਡੇਰਾ ਬਾਬਾ ਨਾਨਕ ਵੱਲ ਨੂੰ ਅੰਮ੍ਰਿਤਸਰ ਵਾਇਆ ਫਤਿਹਗੜ੍ਹ ਚੂੜੀਆਂ, ਅੰਮ੍ਰਿਤਸਰ ਵਾਇਆ ਅਜਨਾਲਾ, ਬਟਾਲਾ ਅਤੇ ਗੁਰਦਾਸਪੁਰ ਤੋਂ ਆਉਣ ਵਾਲੇ ਮਾਰਗਾਂ 'ਤੇ ਵੱਖ-ਵੱਖ ਪਾਰਕਿੰਗਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਸਮਾਗਮਾਂ ਵਾਲੇ ਦਿਨ ਬਾਹਰਲੇ ਸ਼ਹਿਰਾਂ ਆਦਿ ਤੋਂ ਵਾਹਨਾਂ 'ਤੇ ਆਉਣ ਵਾਲੀ ਸੰਗਤ ਨੂੰ ਆਪਣੇ ਵਾਹਨ ਇਨ੍ਹਾਂ ਪਾਰਕਿੰਗਾਂ 'ਚ ਹੀ ਪਾਰਕ ਕਰਨੇ ਪੈਣਗੇ ਅਤੇ ਕਿਸੇ ਵੀ ਵਾਹਨ ਨੂੰ ਡੇਰਾ ਬਾਬਾ ਨਾਨਕ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਸੰਗਤਾਂ ਨੂੰ ਗੁਰਦੁਆਰਿਆਂ ਤੱਕ ਪਹੁੰਚਾਉਣ ਲਈ ਸਰਕਾਰ ਵਲੋਂ ਮਿੰਨੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਸੰਗਤ ਨੂੰ ਬਿਲਕੁੱਲ ਮੁਫਤ ਪਹੁੰਚਾਉਣਗੀਆਂ। ਇਸ ਦੇ ਨਾਲ-ਨਾਲ ਡੇਰਾ ਬਾਬਾ ਨਾਨਕ ਦੇ ਵਸਨੀਕਾਂ ਲਈ ਵਾਹਨ ਆਪੋ-ਆਪਣੇ ਘਰਾਂ 'ਚ ਲਿਆਉਣ ਲਈ ਵਿਸ਼ੇਸ਼ ਪਾਸ ਜਾਰੀ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਅਨੁਸਾਰ ਬਾਹਰਲੇ ਵਾਹਨਾਂ ਨੂੰ ਰੋਕਣ ਨਾਲ ਕਸਬੇ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਨਹੀਂ ਆਵੇਗੀ।

ਪੰਜਾਬ ਸਰਕਾਰ ਵਲੋਂ ਕਸਬੇ ਦੇ ਬਾਹਰਵਾਰ ਅਤੇ ਕਰਤਾਰਪੁਰ ਸਾਹਿਬ ਦੇ ਮੁੱਖ ਦੁਆਰ ਦੇ ਸਾਹਮਣੇ 40 ਏਕੜ 'ਚ ਟੈਂਟ ਸਿਟੀ ਬਣਾਈ ਗਈ ਹੈ ਅਤੇ ਇਸ ਟੈਂਟ ਸਿਟੀ ਵਿਚ 3500 ਦੇ ਕਰੀਬ ਸ਼ਰਧਾਲੂਆਂ ਦੇ ਰਹਿਣ, ਲੰਗਰ, ਪਾਰਕਿੰਗ, ਪਖਾਨਿਆਂ, ਸੁਰੱਖਿਆ ਅਤੇ ਸਹਾਇਤਾ ਕੇਂਦਰਾਂ ਦੀ ਸਹੂਲਤ ਦਿੱਤੀ ਜਾਵੇਗੀ। ਇਸ ਟੈਂਟ ਸਿਟੀ 'ਚ 660 ਟੈਂਟ ਲਗਾਏ ਜਾ ਰਹੇ ਹਨ, ਜਿਸ ਵਿਚ 120 ਦੇ ਕਰੀਬ ਵੀ. ਆਈ. ਪੀ. ਟੈਂਟ ਹਨ, ਇਸ ਤੋਂ ਇਲਾਵਾ ਆਮ ਟੈਂਟਾਂ 'ਚ 2, 4 ਅਤੇ 6 ਲੋਕਾਂ ਦੇ ਰਹਿਣ ਦੀ ਸਮੱਰਥਾ ਹੋਵੇਗੀ ਜਦਕਿ ਵੀ. ਆਈ. ਪੀ. ਟੈਂਟਾਂ ਵਿਚ ਅਟੈਚਜਡ ਪਖਾਨੇ, ਵਧੀਆ ਲੱਕੜੀ ਦੇ ਫਰਚਨੀਚਰ, ਵਧੀਆ ਲਾਈਟਾਂ ਦਾ ਵੀ ਪ੍ਰਬੰਧ ਹੋਵੇਗਾ। ਟੈਂਟ ਸਿਟੀ ਦਾ ਦੌਰਾ ਕਰਨ 'ਤੇ ਵੇਖਿਆ ਗਿਆ ਕਿ ਟੈਂਟ ਸਿਟੀ ਦਾ ਕੰਮ ਲਗਭਗ ਆਖਰੀ ਪੜਾਅ 'ਚ ਹੈ ਅਤੇ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ-ਪਹਿਲਾਂ ਇਹ ਤਿਆਰ-ਬਰ-ਤਿਆਰ ਹੋਵੇਗੀ ਅਤੇ ਇਹ ਟੈਂਟ ਸਿਟੀ 5 ਨਵੰਬਰ ਤੋਂ 20 ਨਵੰਬਰ ਤੱਕ ਲਈ ਬਣੀ ਹੈ ਪਰ ਜੇਕਰ ਸੰਗਤ ਦਾ ਇਸ ਕਸਬੇ 'ਚ ਵੱਡੀ ਗਿਣਤੀ 'ਚ ਆਉਣਾ-ਜਾਣਾ ਰਹੇਗਾ ਤਾਂ ਇਸ ਟੈਂਟ ਸਿਟੀ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ। ਸਰਕਾਰ ਵਲੋਂ ਸੰਗਤਾਂ ਨੂੰ ਇਸ ਦੀ ਬੁਕਿੰਗ ਲਈ ਆਨਲਾਈਨ ਤੇ ਆਫਲਾਈਨ ਦੀ ਸਹੂਲਤ ਦਿੱਤੀ ਗਈ ਸੀ ਅਤੇ ਇਸ ਟੈਂਟ ਸਿਟੀ ਵਿਚ ਸੰਗਤ ਬਿਲਕੁੱਲ ਮੁਫਤ ਰਹਿ ਸਕਦੀ ਹੈ।

ਇਸ ਟੈਂਟ ਸਿਟੀ ਦੇ ਸਾਹਮਣੇ ਸੜਕ ਦੇ ਉਸ ਪਾਰ ਪੰਜਾਬ ਸਰਕਾਰ ਵਲੋਂ ਮਨਾਏ ਜਾਣ ਵਾਲੇ 8 ਤੋਂ 12 ਨਵੰਬਰ ਤੱਕ ਡੇਰਾ ਬਾਬਾ ਨਾਨਕ ਉਤਸਵ ਲਈ ਪੰਡਾਲ ਵੀ ਤਿਆਰ ਹੋ ਚੁੱਕਾ ਹੈ ਅਤੇ ਇਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪਹਿਲਾਂ ਖਬਰ ਇਹੀ ਆਈ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਟੇਜ 'ਤੇ ਆ ਕੇ ਸ਼ਤਾਬਦੀ ਸਮਾਗਮਾਂ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਉਦਘਾਟਨ ਤੋਂ ਬਾਅਦ ਹਿੱਸਾ ਲੈਣਗੇ ਪਰ ਕੇਂਦਰ 'ਚ ਭਾਜਪਾ ਦੀ ਭਾਈਵਾਲ ਅਕਾਲੀ ਦਲ ਬਾਦਲ ਤੇ ਕਾਂਗਰਸ ਦੀ ਚੱਲ ਰਹੀ ਕ੍ਰੈਡਿਟ ਵਾਰ ਕਾਰਨ ਪ੍ਰਧਾਨ ਮੰਤਰੀ ਇਸ ਸਟੇਜ ਤੋਂ ਕਿਨਾਰਾ ਕਰਕੇ ਕਸਬੇ ਤੋਂ ਥੋੜ੍ਹੀ ਦੂਰ ਬੀ. ਐੱਸ. ਐੱਫ. ਦੇ ਹੈੱਡਕੁਆਰਟਰ ਵਿਖੇ ਵੱਖਰੇ ਸਮਾਗਮ 'ਚ ਹਿੱਸਾ ਲੈਣਗੇ ਭਾਵ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਸਿੱਧੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮਿੱਥੇ ਸਮਾਗਮ ਵਿਚ ਹੀ ਹਿੱਸਾ ਲੈਣਗੇ

ਕੀ ਹੈ ਇਨ੍ਹਾਂ ਸਮਾਗਮਾਂ ਦੀ ਖਾਸੀਅਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਥੇ 15 ਭਗਤਾਂ ਦੇ ਨਾਂ 'ਤੇ 15 ਪੰਡਾਲ ਬਣਾਏ ਗਏ ਹਨ ਅਤੇ ਸਬੰਧਤ ਪੰਡਾਲਾਂ ਵਿਚ ਇਨ੍ਹਾਂ ਭਗਤਾਂ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਪ੍ਰਦਰਸ਼ਿਤ ਕਰਦੀਆਂ ਰਚਨਾਵਾਂ ਹੋਣਗੀਆਂ। ਇਸ ਤੋਂ ਇਲਾਵਾ 21 ਬਾਣੀਕਾਰ (15 ਭਗਤਾਂ ਤੇ 6 ਗੁਰੂਆਂ) ਸਬੰਧੀ 21 ਸ਼ਿਲਾਲੇਖ ਸਥਾਪਿਤ ਹੋਣਗੇ ਅਤੇ ਚਿੱਤਰਕਾਰਾਂ ਵਲੋਂ ਇਨ੍ਹਾਂ ਦੇ ਕੋਈ ਇਕ ਸ਼ਬਦ ਅਤੇ ਜੀਵਨ ਦੇ ਯੋਗਦਾਨ ਦੀ ਜਾਣਕਾਰੀ ਸਕੈਚਾਂ ਰਾਹੀਂ ਬਣਾਈ ਜਾਵੇਗੀ। ਥਾਂ ਸੁਹਾਵਾਂ, ਗੁਰਬਾਨੀ ਗਾਇਨ, ਕੀਰਤਨ ਦਰਬਾਰ, ਗੁਰੂ ਨਾਨਕ ਲਿਟਰੇਚਰ ਮੇਲਾ, ਕਵੀ ਦਰਬਾਰ, ਗੁਰੂ ਨਾਨਕ ਕਲਾ ਮੇਲਾ, ਲਘੂ ਫਿਲਮ ਮੇਲਾ, ਰੰਗ ਮੰਚ ਮੇਲੇ, ਪੁਰਾਤਨ ਤੇ ਦੁਰਲੱਭ ਪਵਿੱਤਰ ਸਵਰੂਪਾਂ ਦੇ ਦਰਸ਼ਨ ਇਨ੍ਹਾਂ ਸਮਾਗਮਾਂ ਦੇ ਮੁੱਖ ਆਕਰਸ਼ਣ ਹੋਣਗੇ।


Baljeet Kaur

Content Editor

Related News