ਡੇਰਾ ਬਾਬਾ ਨਾਨਕ ਤੋਂ ਸਿਆਲਕੋਟ ਨੂੰ ਜਾਂਦੀ ਗੱਡੀ
Sunday, Nov 10, 2019 - 05:44 PM (IST)

ਡੇਰਾ ਬਾਬਾ ਨਾਨਕ - ਡੇਰਾ ਬਾਬਾ ਨਾਨਕ ਕਦੇ ਅੰਮ੍ਰਿਤਸਰ ਤੋਂ ਸਿਆਲਕੋਟ ਜਾਣ ਵਾਲੀ ਰੇਲਵੇ ਲਾਈਨ 'ਤੇ ਸਟੇਸ਼ਨ ਸੀ। ਹੁਣ ਅੰਮ੍ਰਿਤਸਰ ਤੋਂ ਆਉਣ ਵਾਲੀਆਂ ਗੱਡੀਆਂ ਇਥੋਂ ਵਾਪਸ ਚਲੀਆਂ ਜਾਂਦੀਆਂ ਹਨ। 1965 ਦੀ ਜੰਗ ਦੇ ਦੌਰਾਨ ਕਰਤਾਰਪੁਰ ਨੂੰ ਜਾਂਦੀ ਹੋਈ ਰੇਲਵੇ ਲਾਈਨ ਜੰਗ ਦੀ ਭੇਟ ਚੜ੍ਹ ਗਈ। ਕਰਤਾਰਪੁਰ ਸਾਹਿਬ ਵਿਖੇ ਬਕਾਇਦਾ ਰੇਲ ਜਾਂਦੀ ਸੀ। ਇਹ ਚੱਕ ਅਮਰੂ ਵਾਲੀ ਲਾਈਨ 'ਤੇ ਸਥਿਤ ਸੀ। ਇੱਥੇ ਬਾਕਾਇਦਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਂ ਦਾ ਰੇਲਵੇ ਸਟੇਸ਼ਨ ਵੀ ਸੀ। ਇੱਥੇ ਰੇਲ ਲਾਈਨਾਂ ਦਾ ਜਾਲ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਤੋਂ ਪਿੰਡ ਜੱਸੜ ਜੰਕਸ਼ਨ ਸੀ। ਇਸ ਜੰਕਸ਼ਨ 'ਤੇ ਇਕ ਲਾਈਨ ਲਾਹੌਰ ਤੋਂ ਚੱਕ ਅਮਰੂ ਨੂੰ ਆਉਂਦੀ ਸੀ। ਇੱਥੋਂ ਹੀ ਤੀਜੀ ਲਾਈਨ ਪਿੰਡ ਜੱਸੜ ਜੰਕਸ਼ਨ ਤੋਂ ਨਾਰੋਵਾਲ ਨੂੰ ਅਤੇ ਅੱਗੇ ਵਜ਼ੀਰਾਬਾਦ ਨੂੰ ਜਾਂਦੀ ਹੈ।
ਪਿੰਡ ਜੱਸੜ ਅਤੇ ਨਾਰੋਵਾਲ ਦੇ ਵਿਚਕਾਰ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਰੇਲਵੇ ਸਟੇਸ਼ਨ ਹੈ। ਡੇਰਾ ਬਾਬਾ ਨਾਨਕ ਤੋਂ ਪਿੰਡ ਜੱਸੜ ਜੰਕਸ਼ਨ ਦੇ ਵਿਚਕਾਰ ਰਾਵੀ 'ਤੇ ਪੈਂਦੇ ਪੁੱਲ ਦੇ ਬਰਬਾਦ ਹੋਣ ਮਗਰੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਨੂੰ ਜਾਂਦੀ ਰੇਲ ਗੱਡੀ ਦੀ ਸੰਭਾਵਨਾ ਖਤਮ ਹੋ ਗਈ। 9 ਨਵੰਬਰ ਤੋਂ ਖੁੱਲ੍ਹਣ ਜਾ ਰਹੇ ਕਰਤਾਰਪੁਰ ਲਾਂਘੇ ਦੇ ਨਾਲ ਇਸ ਰੇਲ ਲਾਈਨ ਦੇ ਮੁੜ ਬਹਾਲ ਹੋਣ ਦੀ ਪੂਰੀ ਉਮੀਦ ਹੈ। ਇਸ ਬਾਰੇ ਭਾਰਤੀ ਰੇਲ ਮਹਿਕਮੇ ਨੇ ਆਪਣੇ ਫਿਰੋਜ਼ਪੁਰ ਜ਼ੋਨ ਤੋਂ 2018 'ਚ ਇਕ ਸਰਵੇ ਵੀ ਕੀਤਾ ਹੈ।