ਡੇਰਾ ਬਾਬਾ ਨਾਨਕ ''ਚ ਪ੍ਰਕਾਸ਼ ਪੁਰਬ ''ਤੇ ਅੱਜ ਸੰਤ ਸਮਾਜ ਲਾਏਗਾ ਵੱਖਰੀ ਸਟੇਜ

11/12/2019 9:33:23 AM

ਚੰਡੀਗੜ੍ਹ,ਡੇਰਾ ਬਾਬਾ ਨਾਨਕ (ਭੁੱਲਰ)— ਗੁਰਮਤਿ ਪ੍ਰਚਾਰਕ ਸੰਤ ਸਭਾ ਵਲੋਂ ਡੇਰਾ ਬਾਬਾ ਨਾਨਕ ਵਿਖੇ 12 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸਰਕਾਰ ਵਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਤੋਂ ਵੱਖਰੀ ਸਟੇਜ ਲਾਈ ਜਾ ਰਹੀ ਹੈ। ਇਸ 'ਚ ਬਾਦਲ ਦਲ ਤੇ ਕਾਂਗਰਸ ਨੂੰ ਛੱਡ ਕੇ ਸਭ ਪੰਥਕ ਧਾਰਮਿਕ ਜਥੇਬੰਦੀਆਂ, ਸਿਆਸੀ ਪਾਰਟੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਗੁਰਮਤਿ ਸੰਤ ਸਭਾ ਦੇ ਮੁੱਖ ਪ੍ਰਬੰਧਕਾਂ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਨੇ ਸਾਂਝੇ ਬਿਆਨ 'ਚ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਦੁਨੀਆ 'ਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੀਆਂ ਹਨ। ਇਸੇ ਹੀ ਲੜੀ ਤਹਿਤ ਡੇਰਾ ਬਾਬਾ ਨਾਨਕ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਸਜਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਹੋਣ ਵਾਲੀ ਧਾਰਮਿਕ ਸਭਾ 'ਚ ਅਨੇਕਾਂਮਹਾਪੁਰਸ਼, ਰਾਜਸੀ ਲੀਡਰਸ਼ਿਪ, ਸਮਾਜ ਸੇਵਕ ਤੇ ਨਾਨਕ ਨਾਮ ਲੇਵਾ ਸੰਗਤਾਂ ਸ਼ਾਮਲ ਹੋਣਗੀਆਂ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਜਥੇ. ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਬਾਬਾ ਸਰਬਜੋਤ ਸਿੰਘ ਬੇਦੀ ਦੀ ਦੇਖ-ਰੇਖ ਹੇਠ ਹੋ ਰਹੇ ਧਾਰਮਿਕ ਸਮਾਗਮ 'ਚ ਉਹ ਵਧ ਚੜ੍ਹ ਕੇ ਸ਼ਾਮਲ ਹੋਣਗੇ। ਸੰਤ ਸਮਾਜ ਦੇ ਇਸ ਪ੍ਰੋਗਰਾਮ 'ਚ ਸਰਬੱਤ ਖਾਲਸਾ ਵਲੋਂ ਥਾਪੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਐੱਸ.ਜੀ.ਪੀ.ਸੀ. ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ, ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ, ਸ਼੍ਰੋਮਣੀ ਯੂਥ ਅਕਾਲੀ ਦਲ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਸਟੇਜ ਸੰਚਾਲਨ ਕਮੇਟੀ ਦੇ ਪ੍ਰਬੰਧਕਾਂ ਸੁਖਬੀਰ ਸਿੰਘ ਰਾਮਪੁਰ ਖੇੜਾ, ਅਨਭੋਲ ਸਿੰਘ ਦਿਵਾਨਾ, ਕਰਨੈਲ ਸਿੰਘ ਪੀਰ ਮੁਹੰਮਦ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਤੇਜਿੰਦਰ ਸਿੰਘ ਪੰਨੂੰ, ਮਨਜੀਤ ਸਿੰਘ ਭੋਮਾ, ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਇਸ ਲਈ ਸਾਰੇ ਪ੍ਰਬੰਧ ਮੁਕੰਮਲ ਹਨ।


Shyna

Content Editor

Related News