ਡਿਪਟੀ ਕਮਿਸ਼ਨਰ ਵਲੋਂ ਬਿਲਡਰਾਂ ਖ਼ਿਲਾਫ਼ ਚੁੱਕਿਆ ਵੱਡਾ ਕਦਮ, ਕੀਤਾ ਕਮੇਟੀ ਦਾ ਗਠਨ

Thursday, Oct 22, 2020 - 06:05 PM (IST)

ਐੱਸ. ਏ. ਐੱਸ. ਨਗਰ (ਬਿਊਰੋ) : ਮੁੱਢਲੀਆਂ ਸਹੂਲਤਾਂ ਦੀ ਵਿਵਸਥਾ ਨਾ ਕਰਨ ਲਈ ਪ੍ਰਮੋਟਰਾਂ/ਬਿਲਡਰਾਂ ਖ਼ਿਲਾਫ਼ ਸ਼ਿਕਾਇਤਾਂ ਦੇ ਨਿਪਟਾਰੇ ਲਈ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਵੱਲੋਂ ਜ਼ਿਲ੍ਹੇ 'ਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨਾਲ ਜ਼ਿਲ੍ਹੇ 'ਚ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਰਿਹਾਇਸ਼ੀ ਅਤੇ ਵਪਾਰਕ ਰੀਅਲ ਅਸਟੇਟ ਦੇ ਪ੍ਰੋਜੈਕਟ ਸਾਹਮਣੇ ਆਏ ਹਨ। ਦਿਆਲਨ ਨੇ ਕਿਹਾ,''ਜਿਥੇ ਉਨ੍ਹਾਂ ਨੇ ਜ਼ਿਲ੍ਹੇ ਚ ਯੋਜਨਾਬੱਧ ਵਿਕਾਸ ਅਤੇ ਰਿਹਾਇਸ਼ੀ ਸਮਰੱਥਾ ਨੂੰ ਵਧਾਇਆ ਹੈ, ਉਥੇ ਹੀ ਬਿਜਲੀ, ਪਾਣੀ ਦੀ ਸਪਲਾਈ ਆਦਿ ਬੁਨਿਆਦੀ ਸਹੂਲਤਾਂ ਦੀ ਵਿਵਸਥਾ ਨਾ ਕਰਨ ਸੰਬੰਧੀ ਪ੍ਰਮੋਟਰਾਂ/ਬਿਲਡਰਾਂ ਵਿਰੁੱਧ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ।'' ਉਨ੍ਹਾਂ ਕਿਹਾ ਕਿ ਕੁਝ ਮਾਮਲਿਆਂ 'ਚ ਇਨ੍ਹਾਂ ਸ਼ਿਕਾਇਤਾਂ ਨਾਲ ਸਬੰਧਤ ਪ੍ਰਦਰਸ਼ਨ ਸੰਭਾਵਤ ਤੌਰ 'ਤੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਵਿੱਚ ਬਦਲ ਸਕਦੇ ਸਨ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਭਾਵਸ਼ਾਲੀ ਦਖ਼ਲ ਨਾਲ ਟਾਲਿਆ ਗਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕਿਸਾਨ ਸੰਗਠਨ ਨੂੰ ਅਪੀਲ, ਯਾਤਰੀ ਗੱਡੀਆਂ ਨੂੰ ਵੀ ਗੁਜ਼ਰਨ ਦਿੱਤਾ ਜਾਵੇ

ਦਿਆਲਨ ਨੇ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦੇ ਸਮੇਂ ਸਿਰ ਅਤੇ ਪ੍ਰਭਾਵੀ ਨਿਪਟਾਰੇ ਲਈ ਉੱਚ ਪੱਧਰੀ ਅੰਤਰ-ਵਿਭਾਗੀ ਤਾਲਮੇਲ ਦੀ ਜ਼ਰੂਰਤ ਹੈ, ਜਿਸ 'ਚ ਬਿਜਲੀ, ਜਲ ਸਪਲਾਈ, ਸ਼ਹਿਰੀ ਵਿਕਾਸ ਅਤੇ ਕੁਝ ਮਾਮਲਿਆਂ 'ਚ ਪੁਲਸ ਮਹਿਕਮੇ ਸ਼ਾਮਲ ਹਨ। ਇਸ ਲਈ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕਰਨਾ ਜ਼ਰੂਰੀ ਸਮਝਿਆ ਗਿਆ।'' ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਮੇਟੀ ਦਾ ਗਠਨ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਐੱਸ. ਏ. ਐੱਸ. ਨਗਰ (ਮੋਹਾਲੀ) ਦੀ ਅਗਵਾਈ ਹੇਠ ਕੀਤਾ ਗਿਆ ਹੈ। ਇਸ ਕਮੇਟੀ ਵਿਚ ਐੱਸ. ਪੀ. (ਐੱਸ. ਐੱਸ. ਪੀ. ਦੁਆਰਾ ਨਿਯੁਕਤ ਕੀਤਾ), ਵਧੀਕ ਮੁੱਖ ਪ੍ਰਸ਼ਾਸਕ, ਗਮਾਡਾ, ਮਿਊਂਸਪਲ ਕਮਿਸ਼ਨਰ/ ਮਿਊਂਸਪਲ ਕਮੇਟੀ ਦੇ ਈ. ਓਜ਼. ਮੈਂਬਰਾਂ ਵਜੋਂ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਂਬਰ ਸੱਕਤਰ ਵਜੋਂ ਸ਼ਾਮਲ ਹਨ। ਕਮੇਟੀ ਹਰ ਬੁੱਧਵਾਰ ਨੂੰ ਦੁਪਹਿਰ 3:30 ਵਜੇ ਲੰਬਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਅਤੇ ਬਾਅਦ ਵਿਚ ਲੋੜ ਅਨੁਸਾਰ, ਚੇਅਰਪਰਸਨ ਵਲੋਂ ਦੱਸੇ ਅਨੁਸਾਰ ਮੀਟਿੰਗ ਕਰੇਗੀ।

ਇਹ ਵੀ ਪੜ੍ਹੋ : ਸਪੈਸ਼ਲ ਚਾਂਸ ਪ੍ਰੀਖਿਆ ਨੂੰ ਲੈ ਕੇ ਪੀ. ਐੱਸ. ਈ. ਬੀ. ਵੱਲੋਂ  ਦਿਸ਼ਾ-ਨਿਰਦੇਸ਼ ਜਾਰੀ  


Anuradha

Content Editor

Related News