ਡਿਪਟੀ ਕਮਿਸ਼ਨਰ ਵੱਲੋਂ ਦਾਣਾ ਮੰਡੀ ਫਤਿਆਬਾਦ ਦਾ ਦੌਰਾ
Wednesday, Oct 11, 2017 - 11:14 AM (IST)

ਤਰਨਤਾਰਨ/ ਫਤਿਆਬਾਦ, (ਰਾਜੂ, ਜ.ਬ., ਬਲਵਿੰਦਰ ਖਹਿਰਾ) - ਜ਼ਿਲਾ ਤਰਨਤਾਰਨ ਦੀਆਂ ਅਨਾਜ ਮੰਡੀਆਂ 'ਚ 9 ਅਕਤੂਬਰ ਤੱਕ 1 ਲੱਖ 40 ਹਜ਼ਾਰ 888 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਿਸ 'ਚੋਂ 1 ਲੱਖ 32 ਹਜ਼ਾਰ 649 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਮੰਗਲਵਾਰ ਦਾਣਾ ਮੰਡੀ ਫਤਿਆਬਾਦ ਦਾ ਦੌਰਾ ਕਰਨ ਮੌਕੇ ਦਿੱਤੀ। ਇਸ ਸਮੇਂ ਉਨ੍ਹਾਂ ਕਿਸਾਨਾਂ, ਆੜਤ੍ਹੀਆਂ ਤੇ ਮਜ਼ਦੂਰਾਂ ਦੀ ਮੁਸ਼ਕਿਲਾਂ ਨੂੰ ਸੁਣਦਿਆਂ ਉਨ੍ਹਾਂ ਦੇ ਨਿਪਟਾਰੇ ਲਈ ਮੌਕੇ 'ਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਤਰਨਤਾਰਨ ਦੀਆਂ ਮੰਡੀਆਂ 'ਚੋਂ 9 ਅਕਤੂਬਰ ਤੱਕ ਵੱਖ-ਵੱਖ ਖਰੀਦ ਏਜੰਸੀਆਂ ਪਨਗ੍ਰੇਨ ਵੱਲੋਂ 52,319 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 24,192 ਮੀਟ੍ਰਿਕ ਟਨ, ਪਨਸਪ ਵੱਲੋਂ 23,545 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵੱਲੋਂ 17, 874 ਮੀਟ੍ਰਿਕ ਟਨ, ਪੰਜਾਬ ਐਗਰੋ ਵੱਲੋਂ 13,056 ਮੀਟ੍ਰਿਕ ਟਨ ਤੇ ਐੱਫ. ਸੀ. ਆਈ. ਵੱਲੋਂ 1,663 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। 9 ਅਕਤੂਬਰ ਤੱਕ ਖਰੀਦ ਹੋਈ ਫ਼ਸਲ ਦੀ ਲਗਭਗ 70 ਫ਼ੀਸਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਦੀ ਬਕਾਇਆ ਅਦਾਇਗੀ ਵੀ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਕੀਤੀ ਜਾ ਰਹੀ ਹੈ। ਉਨ੍ਹਾਂ ਸਾਰੀਆਂ ਖਰੀਦ ਏਜੰਸੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ 48 ਘੰਟਿਆਂ ਦੇ ਅੰਦਰ-ਅੰਦਰ ਕਰਨੀ ਯਕੀਨੀ ਬਣਾਈ ਜਾਵੇ। ਹੁਣ ਤੱਕ 4,757 ਮੀਟ੍ਰਿਕ ਟਨ ਝੋਨੇ ਦੀ ਚੁਕਾਈ ਮੰਡੀਆਂ 'ਚੋਂ ਕੀਤੀ ਜਾ ਚੁੱਕੀ ਹੈ। ਇਸ ਮੌਕੇ ਐੱਸ. ਡੀ. ਐੱਮ. ਤਰਨਤਾਰਨ ਡਾ. ਅਮਨਦੀਪ ਕੌਰ, ਜ਼ਿਲਾ ਮੰਡੀ ਅਫ਼ਸਰ ਪਾਲ ਸਿੰਘ, ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨਿਰਮਲ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।