ਭਾਸ਼ਾ ਵਿਭਾਗ ਪੰਜਾਬ ਕੇਰ ਰਿਹੈ ਆਪਣੀ ਹੋਣੀ ਦੇ ਹੰਝੂ, 13 ਜ਼ਿਲ੍ਹਿਆਂ ’ਚ ਨਹੀਂ ਹਨ ਜ਼ਿਲ੍ਹਾ ਭਾਸ਼ਾ ਅਫ਼ਸਰ
Friday, Oct 22, 2021 - 04:04 PM (IST)
ਜਲੰਧਰ— ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਲੈ ਕੇ ਸੂਬੇ ’ਚ ਬਣਾਇਆ ਗਿਆ ਭਾਸ਼ਾ ਵਿਭਾਗ ਇਸ ਵੇਲੇ ਆਪਣੀ ਹੋਣੀ ਦੇ ਹੰਝੂ ਕੇਰ ਰਿਹਾ ਹੈ। ਹਾਲਾਤ ਇਹ ਹਨ ਕਿ ਸੂਬੇ ਦੇ 23 ਜ਼ਿਲ੍ਹਿਆਂ ’ਚੋਂ ਸਿਰਫ਼ 15 ਜ਼ਿਲ੍ਹਿਆਂ ’ਚ ਹੀ ਭਾਸ਼ਾ ਦੇ ਖੇਤਰ ਹਨ ਅਤੇ ਉਨ੍ਹਾਂ ’ਚੋਂ ਸਿਰਫ਼ ਇਕ ਹੀ ਜ਼ਿਲ੍ਹੇ ’ਚ ਜ਼ਿਲ੍ਹਾ ਭਾਸ਼ਾ ਅਫ਼ਸਰ ਤਾਇਨਾਤ ਹੈ ਜਦਕਿ ਬਾਕੀ ਜ਼ਿਲ੍ਹਿਆਂ ’ਚ ਪਿਛਲੇ ਕਾਫ਼ੀ ਸਮੇਂ ਤੋਂ ਆਸਾਮੀਆਂ ਖ਼ਾਲੀ ਪਈਆਂ ਹਨ। ਇਹੀ ਹਾਲ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਦਾ ਹੈ। ਉਥੇ ਵੀ ਮੁਲਾਜ਼ਮਾਂ ਦੀ ਘਾਟ ਹੈ।
ਭਾਸ਼ਾ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਤੋਂ ਇਲਾਵਾ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸਿਵਲ ਸਕੱਤਰੇਤ ਵਿਚ ਭਾਸ਼ਾ ਮਹਿਕਮੇ ਦੇ ਹਿੰਦੀ/ਪੰਜਾਬੀ ਸੈੱਲ ਦੇ ਸਹਾਇਕ ਡਾਇਰੈਕਟਰ ਦਾ ਦਫ਼ਤਰ ਅਤੇ ਨਵੀਂ ਦਿੱਲੀ ਵਿਖੇ ਪੰਜਾਬ ਭਵਨ ਸਥਿਤ ਸਾਹਿਤ ਕੇਂਦਰ ’ਚ ਆਫ਼ੀਸਰ ਆਨ ਸਪੈਸ਼ਲ ਡਿਊਟੀ ਦਾ ਵੀ ਦਫ਼ਤਰ ਹੈ। ਇਨ੍ਹਾਂ ਤੋਂ ਇਵਾਵਾ ਸੂਬੇ ਦੇ 15 ਜ਼ਿਲ੍ਹਿਆਂ ’ਚ ਹੀ ਜ਼ਿਲ੍ਹਾ ਭਾਸ਼ਾ ਦਫ਼ਤਰ ਹਨ, ਜਿਨ੍ਹਾਂ ’ਚੋਂ ਇਸ ਵੇਲੇ ਸਿਰਫ਼ 10 ’ਚ ਹੀ ਨਾਮਾਤਰ ਸਟਾਫ਼ ਹੈ ਜਦਕਿ 8 ਜ਼ਿਲ੍ਹੇ ਭਾਸ਼ਾ ਦਫ਼ਤਰ ਤੋਂ ਵਾਂਝੇ ਹਨ। ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਰਜਿੰਦਰ ਪਾਲ ਸਿੰਘ ਵੱਲੋਂ ਭਾਸ਼ਾ ਵਿਭਾਗ ਪੰਜਾਬੀ ’ਚ ਪਾਈ ਗਈ ਆਰ.ਟੀ.ਆਈ. ਦੇ ਜਵਾਬ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਸੂਬੇ ’ਚ ਸਿਰਫ਼ ਪਟਿਆਲਾ ਜ਼ਿਲ੍ਹੇ ’ਚ ਹੀ ਭਾਸ਼ਾ ਅਫ਼ਸਰ ਤਾਇਨਾਤ ਹੈ ਜਦਕਿ ਬਾਕੀ ਜ਼ਿਲ੍ਹੇ ਭਾਸ਼ਾ ਅਫ਼ਸਰ ਤੋਂ ਵਾਂਝੇ ਹਨ।
ਇਹ ਵੀ ਪੜ੍ਹੋ: ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ, ਆਰੂਸਾ ਆਲਮ ਦੇ ਕਥਿਤ ISI ਕੁਨੈਕਸ਼ਨ ਦੀ ਹੋਵੇਗੀ ਜਾਂਚ
ਜਾਣਕਾਰੀ ਮੁਤਾਬਕ ਸਿਰਫ਼ 10 ਜ਼ਿਲ੍ਹੇ ਅਜਿਹੇ ਹਨ, ਜਿੱਥੇ ਵੱਖ-ਵੱਖ ਅਹੁਦਿਆਂ ’ਚੇ ਤਾਇਨਾਤ ਮੁਲਾਜ਼ਮ ਹਨ। ਕੁੱਲ ਮਿਲਾ ਕੇ ਜ਼ਿਲ੍ਹਿਆਂ ਅੰਦਰ ਕੁੱਲ 40 ਦੇ ਕਰੀਬ ਸਟਾਫ਼ ਮੈਂਬਰ ਕੰਮ ਕਰ ਰਹੇ ਹਨ, ਜਿਨ੍ਹਾਂ ’ਚ ਸਿਰਫ਼ ਇਕ ਜ਼ਿਲ੍ਹਾ ਭਾਸ਼ਾ ਅਫ਼ਸਰ ਹੈ ਜਦਕਿ ਬਾਕੀ ਦਫ਼ਤਰੀ ਸਟਾਫ਼ ਹੈ। ਇਸ ਦੇ ਇਲਾਵਾ 20 ਦੇ ਕਰੀਬ ਠੇਕੇ ’ਤੇ ਹੀ ਮੁਲਾਜ਼ਮ ਕੰਮ ਕਰਦੇ ਹਨ ਅਤੇ ਜਿਹੜੇ ਜ਼ਿਲ੍ਹਿਆਂ ’ਚ ਜ਼ਿਲ੍ਹਾ ਭਾਸ਼ਾ ਅਫ਼ਸਰ ਸੇਵਾ ਮੁਕਤ ਹੋ ਚੁੱਕੇ ਹਨ, ਉਥੇ ਮੁੜ ਨਵੇਂ ਅਫ਼ਸਰਾਂ ਦੀ ਤਾਇਨਾਤੀ ਨਹੀਂ ਕੀਤੀ ਜਾ ਸਕੀ ਹੈ। ਕਿਉਂਕਿ ਸਰਕਾਰ ਵੱਲੋਂ ਭਾਸ਼ਾ ਮਹਿਕਮੇ ’ਚ ਕਿਸੇ ਵੀ ਤਰ੍ਹਾਂ ਦੀ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਨਾ ਹੋਣ ਕਰਕੇ ਪੰਜਾਬ ਦੇ ਉਕਤ ਜ਼ਿਲ੍ਹਿਆਂ ਵਿਚ ਸਰਕਾਰੀ ਦਫ਼ਤਰਾਂ ’ਤੇ ਪੰਜਾਬੀ ’ਚ ਲੱਗਣ ਵਾਲੇ ਸਾਈਨ ਬੋਰਡ ’ਤੇ ਲਿਖੀ ਗਈ ਪੰਜਾਬੀ ਦੇ ਸ਼ਬਦ-ਜੋੜਾਂ ’ਚ ਕਈ ਗਲਤੀਆਂ ਪਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਜਲੰਧਰ-ਪਠਾਨਕੋਟ ਹਾਈਵੇਅ ’ਤੇ ਬਣਨਗੇ 4 ਨਵੇਂ ਬਾਈਪਾਸ
ਸਟੈਨੋਗ੍ਰਾਫ਼ੀ ਦਾ ਕੋਰਸ ਵੀ ਬੰਦ ਹੋਣ ਦੀ ਕਗਾਰ ’ਤੇ
ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਜ਼ਿਲ੍ਹਾ ਦਫ਼ਤਰਾਂ ’ਚ ਹਰ ਸਾਲ ਪੰਜਾਬੀ ਸ਼ਾਰਟਹੈਂਡ ਅਤੇ ਸਟੈਨੋਗ੍ਰਾਫ਼ੀ ਦਾ ਕੋਰਸ ਕਰਵਾਇਆ ਜਾਂਦਾ ਰਿਹਾ ਹੈ ਪਰ ਹੌਲੀ-ਹੌਲੀ ਇਥੇ ਇੰਸਟ੍ਰਕਟਰਾਂ ਦੀ ਘਾਟ ਕਰਕੇ ਇਹ ਕੋਰਸ ਵੀ ਬੰਦ ਹੋਣ ਦੀ ਕਾਗਰ ’ਤੇ ਪਹੁੰਚ ਚੁੱਕੇ ਹਨ। ਮਹਿਕਮੇ ਦੇ ਸੂਤਰਾਂ ਮੁਤਾਬਕ ਇਸ ਸਾਲ ਸਿਰਫ਼ 5 ਜ਼ਿਲ੍ਹਿਆਂ ’ਚ ਸ਼ਾਰਟਹੈਂਡ ਅਤੇ ਸਟੈਨੋਗ੍ਰਾਫ਼ੀ ਦੇ ਕੋਰਸ ਲਈ ਦਾਖ਼ਲਾ ਕੀਤਾ ਗਿਆ ਹੈ, ਜਿਨ੍ਹਾਂ ’ਚ ਰੋਪੜ, ਜਲੰਧਰ, ਮਾਨਸਾ ਅਤੇ ਪਟਿਆਲਾ ਸ਼ਾਮਲ ਹਨ। ਹਾਲਾਂਕ ਇਨ੍ਹਾਂ ਜ਼ਿਲ੍ਹਿਆਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਸਿਖਿਆਰਥੀ ਵੀ ਜੋੜ ਦਿੱਤੇ ਗਏ ਹਨ। ਬਾਕੀ ਸਾਰੇ ਜ਼ਿਲ੍ਹਿਆਂ ’ਚ ਇੰਸਟ੍ਰਕਟਰ ਨਾ ਹੋਣ ਕਰਕੇ ਕੋਰਸ ਬੰਦ ਕਰ ਦਿੱਤੇ ਗਏ ਹਨ। ਉਥੇ ਹੀ ਇਸ ਸਬੰਧੀ ਭਾਸ਼ਾ ਮਹਿਕਮੇ ਦੇ ਡਾਇਰੈਕਟਰ ਡਾਕਟਰ ਕਮਲਜੀਤ ਕੌਰ ਦਾ ਕਹਿਣਾ ਹੈ ਕਿ ਮਹਿਕਮੇ ’ਚ ਖ਼ਾਲੀ ਆਸਾਮੀਆਂ ’ਤੇ ਭਰਤੀ ਕਰਨ ਲਈ ਪ੍ਰਸਤਾਵ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਇਸ ਨੂੰ ਕੈਬਨਿਟ ’ਚ ਮਨਜ਼ੂਰੀ ਮਿਲਣੀ ਬਾਕੀ ਹੈ।
ਇਹ ਵੀ ਪੜ੍ਹੋ: ਅਨੂਪ ਪਾਠਕ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਮੌਤ ਤੋਂ ਪਹਿਲਾਂ ਦੀ ਸਾਹਮਣੇ ਆਈ ਵੀਡੀਓ ਨਾਲ ਉੱਡੇ ਪਰਿਵਾਰ ਦੇ ਹੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ