ਬੇਰੁਜ਼ਗਾਰ ਹੈਲਥ ਵਰਕਰਾਂ ਨੂੰ ਪ੍ਰਮੁੱਖ ਸਕੱਤਰ ਨੇ ਦਿੱਤਾ ਭਰੋਸਾ

Monday, Oct 18, 2021 - 05:34 PM (IST)

ਬੇਰੁਜ਼ਗਾਰ ਹੈਲਥ ਵਰਕਰਾਂ ਨੂੰ ਪ੍ਰਮੁੱਖ ਸਕੱਤਰ ਨੇ ਦਿੱਤਾ ਭਰੋਸਾ

ਚੰਡੀਗੜ੍ਹ : ਸਿਹਤ ਵਿਭਾਗ ਵਿਚ ਸਿਹਤ ਵਰਕਰ ਪੁਰਸ਼ ਅਤੇ ਮਹਿਲਾ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਅਤੇ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਅੱਜ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨਾਲ ਸਥਾਨਕ ਸਿਵਲ ਸਕੱਤਰੇਤ ਵਿਖੇ ਮੀਟਿੰਗ ਕੀਤੀ। ਯੂਨੀਅਨ ਦੇ ਆਗੂ ਜਸਪਾਲ ਸਿੰਘ ਘੁੰਮਣ ਨੇ ਦੱਸਿਆ ਕਿ ਕਰੀਬ ਡੇਢ ਸਾਲ ਤੋਂ ਅੱਧ ਵਾਟੇ ਲਟਕ ਰਹੀ ਭਰਤੀ ਨੂੰ ਨੇਪਰੇ ਨਹੀਂ ਚਾੜ੍ਹਿਆ ਜਾ ਰਿਹਾ ਅਤੇ ਭਰਤੀ ਨਾ ਕੀਤੇ ਜਾਣ ਕਾਰਨ ਸੈਂਕੜੇ ਪੁਰਸ਼ ਅਤੇ ਮਹਿਲਾ ਉਮੀਦਵਾਰ ਉਮਰ ਹੱਦ ਪੁਗਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਸਿਹਤ ਵਿਭਾਗ ਨਵੀਂ ਭਰਤੀ ਸਬੰਧੀ ਭਰੋਸਾ ਦੇ ਰਿਹਾ ਹੈ, ਪ੍ਰੰਤੂ ਸਿਹਤ ਅਤੇ ਹੋਰਨਾਂ ਵਿਭਾਗਾਂ ਦੇ ਬੇਰੁਜ਼ਗਾਰ ਉਮੀਦਵਾਰਾਂ ਦੀ ਮੰਗ ਉਮਰ ਹੱਦ ਵਿਚ ਛੋਟ ਦੀ ਵੀ ਹੈ। ਮੰਗਾਂ ਸਬੰਧੀ ਪ੍ਰਮੁੱਖ ਸਕੱਤਰ ਵੱਲੋ ਦੋ ਹਫ਼ਤੇ ਦਾ ਸਮਾਂ ਲੈਂਦਿਆਂ ਕਿਹਾ ਕਿ ਮਿੱਥੇ ਸਮੇਂ ਅੰਦਰ ਉਮਰ ਹੱਦ ਛੋਟ ਸਮੇਤ ਅਸਾਮੀਆਂ ਭਰਨ ਅਤੇ ਅਧਵਾਟੇ ਲਟਕਦੀ ਭਰਤੀ ਨੂੰ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਦਵਿੰਦਰ ਕੁਮਾਰ ਬਠਿੰਡਾ, ਜਸਵਿੰਦਰ ਕੌਰ ਅਤੇ ਚਰਨਜੀਤ ਕੌਰ ਆਦਿ ਹਾਜ਼ਰ ਸਨ।


author

Gurminder Singh

Content Editor

Related News