ਐਕਸ਼ਨ ’ਚ ਸਿੱਖਿਆ ਵਿਭਾਗ, ਛੁੱਟੀਆਂ ਦੌਰਾਨ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਸਖ਼ਤ ਫ਼ਰਮਾਨ
Sunday, Jun 04, 2023 - 06:34 PM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਦੇ ਸਕੂਲਾਂ ਵਿਚ ਚੋਰੀ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਸਕੂਲਾਂ ਦੇ ਸਟਾਫ਼ ਨੂੰ ਪੁਖਤਾ ਪ੍ਰਬੰਧ ਕਰਨ ਨੂੰ ਕਿਹਾ ਗਿਆ ਹੈ। ਖਾਸ ਕਰ ਕੇ ਮਿਡ-ਡੇ ਮੀਲ ਨਾਲ ਜੁੜੇ ਸਾਮਾਨ ਦੀ ਸੇਫ਼ਟੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਗਰਮੀ ਦੀਆਂ ਛੁੱਟੀਆਂ ਵਿਚ ਚੋਰੀ ਹੋਣ ਦੀਆਂ ਸੰਭਾਵਨਾਵਾਂ ਵਧਣ ਕਾਰਣ ਇਨ੍ਹਾਂ ਦਿਨਾਂ ਦੌਰਾਨ ਖਾਸ ਨਿਗਰਾਨੀ ਦੀ ਵਿਵਸਥਾ ਕਰਨ ਦੀ ਤਾਕੀਦ ਕੀਤੀ ਗਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਕਸਰ ਚੋਰੀ ਦੀਆਂ ਘਟਨਾਵਾਂ ਹੁੰਦੀ ਰਹਿੰਦੀਆਂ ਹਨ। ਅਕਸਰ ਸਰਕਾਰੀ ਸਕੂਲਾਂ ਵਿਚ ਵੜਣ ਵਾਲੇ ਚੋਰ ਸਕੂਲ ਵਿਚ ਪਏ ਮਿਡ ਡੇ ਮੀਲ ਦੀ ਵਰਤੋਂ ਵਾਲੇ ਗੈਸ ਸਿਲੰਡਰ, ਬੱਚਿਆਂ ਲਈ ਰੱਖਿਆ ਹੋਇਆ ਅਨਾਜ, ਸਕੂਲ ਵਿਚ ਵਿਦਿਅਕ ਕੰਮਾਂ ਲਈ ਸਥਾਪਿਤ ਕੀਤੇ ਗਏ ਪ੍ਰਾਜੈਕਟਰ ਅਤੇ ਐੱਲ. ਈ. ਡੀ. ਟੀ. ਵੀ. ਆਦਿ ਨੂੰ ਨਿਸ਼ਾਨਾ ਬਣਾਉਂਦੇ ਹਨ। ਸਕੂਲਾਂ ਵਿਚ ਕੰਪਿਊਟਰ ਸਿੱਖਿਆ ਅਤੇ ਦਫ਼ਤਰ ਦੇ ਕੰਮਕਾਰ ਲਈ ਸਥਾਪਤ ਕੀਤੇ ਗਏ ਕੰਪਿਊਟਰ ਵੀ ਚੋਰਾਂ ਲਈ ਆਸਾਨ ਸ਼ਿਕਾਰ ਸਾਬਿਤ ਹੁੰਦੇ ਰਹੇ ਹਨ।
ਇਹ ਵੀ ਪੜ੍ਹੋ : ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਹਾਲ
ਹਫ਼ਤੇ ਦੇ ਅੰਤ ਅਤੇ ਛੁੱਟੀਆਂ ਦੌਰਾਨ ਵਧਦੇ ਹਨ ਮਾਮਲੇ
ਜ਼ਿਆਦਾਤਰ ਸਰਕਾਰੀ ਸਕੂਲਾਂ ਵਿਚ ਨਿਗਰਾਨੀ ਸਟਾਫ਼ ਭਾਵ ਚੌਂਕੀਦਾਰਾਂ ਦੀ ਨਿਯੁਕਤੀ ਨਾ ਹੋਣ ਕਾਰਨ ਸ਼ਨੀਵਾਰ-ਐਤਵਾਰ ਦੀ ਛੁੱਟੀ ਵਾਲੇ ਦਿਨਾਂ ਵਿਚ ਅਤੇ ਗਰਮੀ ਅਤੇ ਸਰਦੀ ਦੀਆਂ ਛੁੱਟੀਆਂ ਦੇ ਸਮੇਂ ਚੋਰ ਅਕਸਰ ਸਰਕਾਰੀ ਸਕੂਲਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਪੁਲਸ ਦਾ ਮੰਨਣਾ ਹੈ ਕਿ ਇਨ੍ਹਾਂ ਦਿਨਾਂ ਨੂੰ ਚੋਰ ਇਸ ਲਈ ਚੁਣਦੇ ਹਨ ਤਾਂ ਕਿ ਚੋਰੀ ਕੀਤਾ ਗਿਆ ਸਾਮਾਨ ਆਸਾਨੀ ਨਾਲ ਟਿਕਾਣੇ ਲਗਾਇਆ ਜਾ ਸਕੇ ਕਿਉਂਕਿ ਛੁੱਟੀ ਹੋਣ ਕਾਰਨ ਚੋਰੀ ਦੀ ਵਾਰਦਾਤ ਤੋਂ ਬਾਅਦ ਸਕੂਲ ਸਟਾਫ਼ ਅਤੇ ਪੁਲਸ ਨੂੰ ਚੋਰੀ ਬਾਰੇ ਪਤਾ ਚੱਲਣ ਵਿਚ ਲੰਮਾ ਸਮਾਂ ਲੱਗ ਜਾਂਦਾ ਹੈ, ਜਿਸ ਦਾ ਫਾਇਦਾ ਚੋਰ ਚੁੱਕਦੇ ਹਨ।
ਬੱਚਿਆਂ ਦੀ ਸਿੱਖਿਆ ’ਤੇ ਪੈਂਦਾ ਹੈ ਅਸਰ
ਸਕੂਲਾਂ ਵਿਚੋਂ ਐੱਲ. ਈ. ਡੀ., ਕੰਪਿਊਟਰ ਅਤੇ ਪ੍ਰਾਜੈਕਟਰ ਆਦਿ ਦੀ ਚੋਰੀ ਹੋਣ ਨਾਲ ਬੱਚਿਆਂ ਦੀ ਪੜ੍ਹਾਈ ’ਤੇ ਕਾਫ਼ੀ ਅਸਰ ਪੈਂਦਾ ਹੈ ਕਿਉਂਕਿ ਚੋਰੀ ਹੋਏ ਅਜਿਹੇ ਸਾਮਾਨ ਨੂੰ ਵਿਭਾਗ ਵਲੋਂ ਦੁਬਾਰਾ ਜਾਰੀ ਕਰਵਾਉਣ ਵਿਚ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਹੈ ਅਤੇ ਅਕਸਰ ਇਹ ਕੇਸ ਪੈਂਡਿੰਗ ਪਏ ਰਹਿੰਦੇ ਹਨ। ਅਜਿਹੀ ਸਥਿਤੀ ਵਿਚ ਬੱਚਿਆਂ ਦੇ ਭਵਿੱਖ ਅਤੇ ਸਿੱਖਿਆ ਨੂੰ ਧਿਆਨ ਵਿਚ ਰੱਖਦਿਆਂ ਅਕਸਰ ਅਧਿਆਪਕ ਆਪਣੀ ਜੇਬ ਤੋਂ ਪੈਸੇ ਖਰਚ ਕਰ ਕੇ ਸਾਮਾਨ ਦਾ ਇੰਤਜ਼ਾਮ ਕਰਦੇ ਹਨ।
ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ
ਹਾਲ ਹੀ ਵਿਚ ਫਿਰੋਜ਼ਪੁਰ ਦੇ ਪਿੰਡ ਰੁਕਣਾ ਮੁੰਗਲਾ ਦੇ ਸਰਕਾਰੀ ਸਕੂਲ ਦਾ ਮਾਮਲਾ ਵੀ ਕਾਫ਼ੀ ਚਰਚਿਤ ਹੋਇਆ ਸੀ, ਜਿੱਥੇ ਚੋਰਾਂ ਵਲੋਂ ਸਕੂਲ ਤੋਂ ਕਰੀਬ ਸਾਰਾ ਸਾਮਾਨ ਚੋਰੀ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਅਧਿਆਪਕਾਂ ਵਲੋਂ ਸਕੂਲ ਦੇ ਦਰਵਾਜ਼ਿਆਂ ਅਤੇ ਕੰਧਾਂ ’ਤੇ ਚੋਰਾਂ ਨੂੰ ਬੇਨਤੀ ਕਰਦਿਆਂ ਲਿਖਿਆ ਗਿਆ ਸੀ ਕਿ ਸਾਰਾ ਸਾਮਾਨ ਤਾਂ ਚੋਰੀ ਕਰ ਲਿਆ ਹੈ, ਹੁਣ ਰਹਿਮ ਕਰਕੇ ਤਾਲੇ ਨਾ ਤੋੜਿਓ।
ਸਕੂਲਾਂ ਵਿਚ ਸਿਕਿਓਰਿਟੀ ਗਾਰਡ ਰੱਖਣ ਦੀ ਹੈ ਯੋਜਨਾ
ਸੂਬੇ ਵਿਚ ਸੱਤਾ ਤਬਦੀਲੀ ਤੋਂ ਬਾਅਦ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੋਕਸ ਖੇਤਰ ਹੈ ਸਿੱਖਿਆ ਸੁਧਾਰ। ਇਸ ਲੜੀ ਵਿਚ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਐਲਾਨ ਕੀਤਾ ਗਿਆ ਸੀ ਕਿ ਸਕੂਲਾਂ ਦੇ ਇਨਫ੍ਰਾਸਟਰਕਚਰ ਦੀ ਸੰਭਾਲ ਲਈ ਨਾ ਸਿਰਫ਼ ਅਸਟੇਟ ਮੈਨੇਜਰ ਤਾਇਨਾਤ ਕੀਤੇ ਜਾਣਗੇ, ਸਗੋਂ ਸਕੂਲਾਂ ਵਿਚ ਨਿਗਰਾਨੀ ਲਈ ਸਿਕਿਓਰਿਟੀ ਗਾਰਡ ਵੀ ਤਾਇਨਾਤ ਹੋਣਗੇ। ਹਾਲਾਂਕਿ ਇਸ ਲਈ ਫੰਡ ਸਬੰਧਤ ਪੰਚਾਇਤ ਜਾਂ ਫਿਰ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਦਿੱਤੇ ਜਾਣੇ ਹਨ ਪਰ ਉਮੀਦ ਹੈ ਕਿ ਅਜਿਹੇ ਸਟਾਫ਼ ਦੀ ਨਿਯੁਕਤੀ ਹੋਣ ਤੋਂ ਬਾਅਦ ਸਕੂਲਾਂ ਤੋਂ ਚੋਰੀ ਹੋਣ ਵਾਲੇ ਸਿੱਖਿਆ ਸਬੰਧੀ ਸਾਮਾਨ ਦੀਆਂ ਚੋਰੀਆਂ ਰੁਕ ਜਾਣਗੇ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ’ਚ ਦਿਨ ਦਿਹਾੜੇ ਹੋਈ 40 ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਸਨਸਨੀਖੇਜ਼ ਖ਼ੁਲਾਸਾ
ਹੁਕਮ ਦੇ ਕੇ ਕਿਹਾ ਨਿਗਰਾਨੀ ਪੁਖਤਾ ਕਰੋ
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਇਕ ਜੂਨ ਤੋਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਹਨ। ਇਹ ਕਰੀਬ ਇਕ ਮਹੀਨੇ ਚੱਲਣਗੀਆਂ ਅਤੇ ਸਕੂਲ ਵੀ ਬੰਦ ਰਹਿਣਗੇ। ਇਸ ਲੰਬੀ ਮਿਆਦ ਨੂੰ ਧਿਆਨ ਵਿਚ ਰੱਖਦਿਆਂ ਸਕੂਲਾਂ ਦੇ ਸਟਾਫ਼ ਨੂੰ ਮਿਡ ਡੇ ਮੀਲ ਨਾਲ ਸਬੰਧਤ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਨੂੰ ਸਕੂਲ ਮੈਨੇਜਮੈਂਟ ਕਮੇਟੀ (ਐੱਸ.ਐੱਮ.ਸੀ.) ਦੇ ਨਾਲ ਮਸ਼ਵਰਾ ਕਰਕੇ ਪਿੰਡ ਦੇ ਕਿਸੇ ਪਤਵੰਤੇ ਵਿਅਕਤੀ ਦੇ ਘਰ ਰਖਵਾਉਣ ਲਈ ਕਿਹਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ ਇਸ ਸਾਰੇ ਸਾਮਾਨ ਦਾ ਬਿਓਰਾ ਬਣਾ ਕੇ ਐੱਸ. ਐੱਮ. ਸੀ. ਚੇਅਰਮੈਨ ਦੇ ਨਾਲ ਸਾਂਝਾ ਕੀਤਾ ਜਾਵੇ। ਇਸ ਤੋਂ ਇਲਾਵਾ ਸਕੂਲ ਦੇ ਕਿਚਨ-ਕਮ-ਸਟੋਰ ਵਿਚ ਰੱਖੇ ਸਿਲੰਡਰ ਦੀ ਮਜ਼ਬੂਤ ਤਾਲਾਬੰਦੀ ਕਰਨ ਦਾ ਵੀ ਇੰਤਜ਼ਾਮ ਕੀਤਾ ਜਾਵੇ, ਜਿਸ ਲਈ ਚੇਨ ਲਾਕ ਆਦਿ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਨਿਰਦੇਸ਼ ਦਿੱਤਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਸਥਾਪਿਤ ਕੀਤੇ ਗਏ ਹਨ, ਉਥੇ ਇਹ ਯਕੀਨੀ ਕੀਤਾ ਜਾਵੇ ਕਿ ਕੈਮਰੇ ਵਰਕਿੰਗ ਹੋਣ ਅਤੇ ਉਨ੍ਹਾਂ ਦੇ ਨਾਲ ਅਲਰਟ ਸਿਸਟਮ ਵੀ ਸ਼ੁਰੂ ਕੀਤਾ ਜਾਵੇ ਤਾਂ ਕਿ ਸ਼ੱਕੀ ਗਤੀਵਿਧੀ ਹੋਣ ’ਤੇ ਸਕੂਲ ਸਟਾਫ਼ ਪਿੰਡ ਵਾਲਿਆਂ ਦੀ ਸਹਾਇਤਾ ਲੈ ਸਕੇ।
ਇਹ ਵੀ ਪੜ੍ਹੋ : ਲਾਪਤਾ ਹੋਏ ਪੁੱਤ ਦੀ ਭਾਲ ’ਚ ਲੱਗਾ ਸੀ ਪਰਿਵਾਰ, ਹੁਣ ਇਸ ਹਾਲਤ ’ਚ ਮਿਲੀ ਲਾਸ਼ ਦੇਖ ਨਿਕਲਿਆ ਤ੍ਰਾਹ
ਨਸ਼ੇੜੀਆਂ ਤੋਂ ਜ਼ਿਆਦਾ ਹੈ ਖ਼ਤਰਾ
ਸੂਬੇ ਦੇ ਪੇਂਡੂ ਇਲਾਕਿਆਂ ਤੱਕ ਘਰ ਕਰ ਗਿਆ ਨਸ਼ਾ ਵੀ ਅਜਿਹੀ ਛੋਟੀ-ਮੋਟੀ ਚੋਰੀ ਦੀਆਂ ਵਾਰਦਾਤਾਂ ਦੀ ਵਜ੍ਹਾ ਬਣਦਾ ਹੈ। ਨਸ਼ਾ ਖਰੀਦਣ ਲਈ ਆਪਣੇ ਘਰਾਂ ਤੱਕ ਦਾ ਸਾਮਾਨ ਲੁਕਾ ਕੇ ਵੇਚ ਦੇਣ ਵਾਲੇ ਇੰਝ ਹੀ ਨਸ਼ੇੜੀ ਅਕਸਰ ਮੌਕਾ ਪਾ ਕੇ ਸਕੂਲਾਂ ਵਿਚ ਹੱਥ ਸਾਫ਼ ਕਰ ਦਿੰਦੇ ਹਨ। ਕਿਹਾ ਗਿਆ ਹੈ ਕਿ ਚੋਰੀ ਦੇ ਅਨੇਕਾਂ ਅਜਿਹੇ ਮਾਮਲੇ ਪੁਲਸ ਵਲੋਂ ਟ੍ਰੇਸ ਕਰਨ ਤੋਂ ਬਾਅਦ ਇਹੀ ਤੱਥ ਸਾਹਮਣੇ ਆਇਆ ਹੈ। ਅਧਿਆਪਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਕੂਲਾਂ ਦੇ ਨਜ਼ਦੀਕ ਰਹਿਣ ਵਾਲੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਅਜਿਹੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਅਤੇ ਸਕੂਲ ਦੇ ਆਲੇ-ਦੁਆਲੇ ਘੁੰਮਦੇ ਦਿਸਣ ’ਤੇ ਸੂਚਨਾ ਦੇਣ ਨੂੰ ਕਹੋ। ਨਾਲ ਹੀ ਅਜਿਹੇ ਮਾਮਲਿਆਂ ਵਿਚ ਪੰਚਾਇਤ ਨੂੰ ਵੀ ਪਹਿਲਾਂ ਤੋਂ ਵਿਸ਼ਵਾਸ ਵਿਚ ਲੈਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਫਰੀਦਕੋਟ ਦੇ ਤਿੰਨ ਵੱਡੇ ਪੁਲਸ ਅਧਿਕਾਰੀਆਂ ’ਤੇ ਮਾਮਲਾ ਦਰਜ ਹੋਣ ਤੋਂ ਬਾਅਦ ਕੀਤਾ ਗਿਆ ਤਬਾਦਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani