ਸੀਤ ਲਹਿਰ ਤੇ ਸੰਘਣੀ ਧੁੰਦ ਕਾਰਨ ਲੋਕ ਘਰਾਂ ''ਚ ਰਹਿਣ ਲਈ ਮਜਬੂਰ

Thursday, Jan 04, 2018 - 12:03 PM (IST)


ਫ਼ਿਰੋਜ਼ਪੁਰ/ ਜਲਾਲਾਬਾਦ (ਕੁਮਾਰ, ਪਰਮਜੀਤ, ਗੋਇਲ, ਨਿਖੰਜ, ਬਜਾਜ) - ਜ਼ਿਲਾ ਫਿਰੋਜ਼ਪੁਰ ਇਕ ਵਾਰ ਫਿਰ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਦੀ ਚਾਦਰ ਵਿਚ ਲੁਕ ਗਿਆ ਹੈ, ਜਿਸ ਨਾਲ ਜ਼ਿਲੇ ਵਿਚ ਜਨ-ਜੀਵਨ ਦੀ ਰਫਤਾਰ ਹੌਲੀ ਹੋ ਗਈ ਹੈ ਤੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਆਪਣੇ ਘਰਾਂ ਤੋਂ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਨਿਕਲ ਰਹੇ ਹਨ। ਸੰਘਣੀ ਧੁੰਦ ਕਾਰਨ ਰੇਲ-ਗੱਡੀਆਂ ਦਾ ਸਫਰ ਵੀ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਰੇਲਵੇ ਵਿਭਾਗ ਨੇ ਕਈ ਟਰੇਨਾਂ ਰੱਦ ਕਰ ਦਿੱਤੀਆਂ ਹਨ ਅਤੇ ਕਈ ਟਰੇਨਾਂ ਲੇਟ ਚੱਲ ਰਹੀਆਂ ਹਨ। ਲੋਕਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਧੁੰਦ ਦੌਰਾਨ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਖਾਸ ਪ੍ਰਬੰਧ ਕਰਨੇ ਚਾਹੀਦੇ ਹਨ।
ਜ਼ਿਲੇ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਦਾ ਸਮਾਂ ਤਬਦੀਲ : ਡੀ. ਸੀ. 
ਜ਼ਿਲਾ ਮੈਜਿਸਟ੍ਰੇਟ ਰਾਮਵੀਰ ਵੱਲੋਂ ਸਾਰੇ ਸਰਕਾਰੀ, ਅਰਧ-ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਲੱਗਣ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਘਣੀ ਧੁੰਦ ਅਤੇ ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਾਰੇ ਸਕੂਲ ਸਵੇਰੇ 10 ਵਜੇ ਲੱਗਣਗੇ ਤੇ ਛੁੱਟੀ ਦਾ ਸਮਾਂ ਉਸੇ ਤਰ੍ਹਾਂ ਰਹੇਗਾ। ਉਨ੍ਹਾਂ ਦੱਸਿਆ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਤੇ ਧੁੰਦ ਪੈ ਰਹੀ ਹੈ, ਜਿਸ ਕਾਰਨ ਛੋਟੇ ਬੱਚਿਆਂ ਦੀ ਸਿਹਤ ਖਰਾਬ ਹੋਣ ਦਾ ਜ਼ਿਆਦਾ ਡਰ ਹੈ ਅਤੇ ਧੁੰਦ ਕਾਰਨ ਕਈ ਸਥਾਨਾਂ 'ਤੇ ਸੜਕ ਹਾਦਸੇ ਹੋ ਚੁੱਕੇ ਹਨ। 
ਧੁੰਦ ਕਾਰਨ ਰੇਲਵੇ ਨੇ ਇਨ੍ਹਾਂ ਟਰੇਨਾਂ ਨੂੰ ਕੀਤਾ ਰੱਦ 
ਰੇਲਵੇ ਵਿਭਾਗ ਨੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਟਰੇਨ ਨੰ. 15209 ਐੱਸ. ਐੱਚ. ਸੀ. ਤੋਂ ਏ. ਐੱਸ. ਆਰ., ਟਰੇਨ ਨੰ. 15210 ਏ. ਐੱਸ. ਆਰ. ਤੋਂ ਐੱਸ. ਐੱਚ. ਸੀ., ਟਰੇਨ ਨੰ. 14673 ਜੇ. ਵਾਈ. ਜੀ. ਤੋਂ ਏ. ਐੱਸ. ਆਰ., ਟਰੇਨ ਨੰ. 14647 ਏ. ਐੱਸ. ਆਰ. ਤੋਂ ਜੇ. ਵਾਈ. ਜੀ., ਟਰੇਨ ਨੰ. 14626 ਐੱਫ. ਜ਼ੈੱਡ. ਆਰ. ਤੋਂ ਡੀ. ਈ. ਈ., ਟਰੇਨ ਨੰ. 13005 ਐੱਚ. ਡਬਲਿਊ. ਐੱਚ. ਤੋਂ ਏ. ਐੱਸ. ਆਈ., ਟਰੇਨ ਨੰ. 13006 ਏ. ਐੱਸ. ਆਈ. ਤੋਂ ਐੱਚ. ਡਬਲਿਊ. ਐੱਚ., ਟਰੇਨ ਨੰ. 12497 ਐੱਨ. ਡੀ. ਐੱਲ. ਐੱਸ. ਤੋਂ ਐੱਸ. ਐੱਸ. ਆਰ., ਟਰੇਨ ਨੰ. 14731 ਡੀ. ਐੱਲ. ਆਈ. ਤੋਂ ਐੱਫ. ਜ਼ੈੱਡ. ਏ., ਟਰੇਨ ਨੰ. 14732 ਐੱਫ. ਜ਼ੈੱਡ. ਕੇ. ਤੋਂ ਡੀ. ਐੱਲ. ਈ. ਟਰੇਨ ਨੂੰ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਟਰੇਨਾਂ ਕਈ ਘੰਟੇ ਲੇਟ ਚੱਲ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News