''ਡੇਂਗੂ'' ਦੇ ਮਰੀਜ਼ਾਂ ਦਾ ਆਉਣਾ ਜਾਰੀ, 70 ਨਵੇਂ ਮਰੀਜ਼ ਆਏ ਸਾਹਮਣੇ
Wednesday, Nov 09, 2022 - 11:43 AM (IST)
ਲੁਧਿਆਣਾ (ਸਹਿਗਲ) : ਜ਼ਿਲ੍ਹੇ ’ਚ ਡੇਂਗੂ ਦੇ ਮਰੀਜ਼ਾਂ ਦਾ ਸਾਹਮਣੇ ਆਉਣਾ ਜਾਰੀ ਹੈ। ਵੱਖ-ਵੱਖ ਹਸਪਤਾਲਾਂ ’ਚ ਡੇਂਗੂ ਦੇ 70 ਨਵੇਂ ਮਰੀਜ਼ ਸਾਹਮਣੇ ਆਏ ਹਨ। ਛੁੱਟੀ ਦਾ ਦਿਨ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਹੁਣ ਤੱਕ ਸਥਾਨਕ ਹਸਪਤਾਲਾਂ ’ਚ ਸਾਹਮਣੇ ਆਏ ਮਰੀਜ਼ਾਂ ’ਚੋਂ ਸਿਹਤ ਵਿਭਾਗ ਵੱਲੋਂ 984 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ’ਚੋਂ 531 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 2500 ਦੇ ਕਰੀਬ ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ।
ਦਮ ਤੋੜਨ ਲੱਗੀ ਕੋਰੋਨਾ ਖ਼ਿਲਾਫ਼ ਮੁਹਿੰਮ
ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਹੁਣ ਦਮ ਤੋੜਦੀ ਦਿਖਾਈ ਦੇ ਰਹੀ ਹੈ। ਸਿਹਤ ਵਿਭਾਗ ਵੱਲੋਂ ਕੱਲ ਕਿਸੇ ਵੀ ਮਰੀਜ਼ ਦਾ ਸੈਂਪਲ ਜਾਂਚ ਲਈ ਨਹੀਂ ਭੇਜਿਆ ਗਿਆ, ਜਦੋਂ ਕਿ ਅੱਜ 104 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਪਰ ਕਿਸੇ ਦੀ ਰਿਪੋਰਟ ਵੀ ਪਾਜ਼ੇਟਿਵ ਨਹੀਂ ਆਈ। ਮੈਡੀਕਲ ਮਾਹਰਾਂ ਦਾ ਕਹਿਣਾ ਹੈ ਕਿ ਚਾਹੇ ਕੋਰੋਨਾ ਵਾਇਰਸ ਦੇ ਮਾਮਲੇ ਕਾਫੀ ਘੱਟ ਸਾਹਮਣੇ ਆ ਰਹੇ ਹਨ ਪਰ ਜਾਂਚ ’ਚ ਭਾਰੀ ਕਮੀ ਕਾਰਨ ਕੋਰੋਨਾ ਦੇ ਮਾਮਲਿਆਂ ਦੀ ਸਹੀ ਸਮੀਖਿਆ ਨਹੀਂ ਕੀਤੀ ਜਾ ਸਕੇਗੀ। ਜੇਕਰ ਕੁੱਝ ਲੋਕ ਪੀੜਤ ਹੁੰਦੇ ਹੋਏ ਵੀ ਜਾਂਚ ਦੇ ਘੇਰੇ ਵਿਚ ਨਹੀਂ ਆਉਣਗੇ ਤਾਂ ਉਹ ਬੀਮਾਰੀ ਫੈਲਾਉਣ ’ਚ ਸਹਾਈ ਸਿੱਧੂ ਹੋਣਗੇ, ਜਿਸ ਨਾਲ ਕੋਰੋਨਾ ਦੇ ਮਾਮਲਿਆਂ ’ਚ ਫਿਰ ਵਾਧਾ ਹੋ ਸਕਦਾ ਹੈ।