ਪਾਤੜਾਂ ’ਚ ਡੇਂਗੂ ਦਾ ਕਹਿਰ, ਇਕ 14 ਸਾਲਾ ਲੜਕੇ ਦੀ ਮੌਤ

Sunday, Nov 24, 2024 - 05:30 AM (IST)

ਪਾਤੜਾਂ ’ਚ ਡੇਂਗੂ ਦਾ ਕਹਿਰ, ਇਕ 14 ਸਾਲਾ ਲੜਕੇ ਦੀ ਮੌਤ

ਪਾਤੜਾਂ (ਸਨੇਹੀ) - ਪਾਤੜਾਂ ਵਿਚ ਡੇਂਗੂ ਦੀ ਲਪੇਟ ’ਚ ਆਏ ਬਹੁਤ ਸਾਰੇ ਲੋਕ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ, ਜਿਨ੍ਹਾਂ ’ਚੋਂ ਇਕ 14 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਪਾਤੜਾਂ ਦੀ ਅਮਰੀਕ ਕਾਲੋਨੀ ਦੇ ਰਹਿਣ ਵਾਲੇ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਅੰਸ ਸਿੰਗਲਾ ਕੁਝ ਦਿਨ ਪਹਿਲਾਂ ਬੀਮਾਰ ਹੋਇਆ ਸੀ, ਜਿਸ ਦਾ ਉਨ੍ਹਾਂ ਨੇ ਪਹਿਲਾਂ ਪਾਤੜਾਂ ਵਿਖੇ ਇਲਾਜ ਕਰਵਾਇਆ ਗਿਆ ਸੀ ਅਤੇ ਹਾਲਾਤ ਬਿਗੜਨ ਕਾਰਨ ਉਸ ਨੂੰ ਪਟਿਆਲਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਸਿਹਤ ਹੋਰ ਜ਼ਿਆਦਾ ਬਿਗੜਨ ਕਾਰਨ ਉਸ ਨੂੰ ਹਰਿਆਣਾ ਦੇ ਟੋਹਾਣਾ ਸ਼ਹਿਰ ਵਿਚ ਇਕ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਠੀਕ ਨਾ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਲਿਜਾਇਆ ਗਿਆ, ਜਿਥੇ ਡੇਂਗੂ ਕਾਰਨ ਉਸ ਦੀ ਮੌਤ ਹੋ ਗਈ।

ਸ਼ਹਿਰ ਵਾਸੀਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਡੇਂਗੂ ਪੀੜਤ ਮਰੀਜ਼ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ। ਪ੍ਰੰਤੂ ਪਾਤੜਾਂ ਇਲਾਕੇ ਵਿਚ ਕੋਈ ਵਧੀਆ ਸਰਕਾਰੀ ਹਸਪਤਾਲ ਨਾ ਹੋਣ ਕਾਰਨ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ ਯਾਦਵ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਸਮੇਤ ਘਰਾਂ ਵਿਚ ਜਾ ਕੇ ਡੇਂਗੂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੀ ਰੋਕਥਾਮ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਸਿਹਤ ਸੁਪਰਵਾਈਜਰ ਪਾਤੜਾਂ ਕਪਿਲ ਕੁਮਾਰ ਨੇ ਦੱਸਿਆ ਕਿ ਡਰਾਈ ਡੇਅ ’ਤੇ ਸ਼ਹਿਰ ਵਿਚ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਇਕੋ ਦਿਨ ਵਿਚ 600 ਘਰਾਂ ’ਚ ਜਾ ਕੇ ਡੇਂਗੂ ਦੇ ਲਾਰਵੇ ਦੀ ਕੀਤੀ ਗਈ। ਜਾਂਚ ਦੌਰਾਨ 2 ਦਰਜਨ ਦੇ ਕਰੀਬ ਘਰਾਂ ’ਚ ਡੇਂਗੂ ਦਾ ਲਾਰਵਾ ਪਾਇਆ ਗਿਆ, ਜਿਸ ਨੂੰ ਤੁਰੰਤ ਨਸ਼ਟ ਕੀਤਾ ਗਿਆ ਹੈ।


author

Inder Prajapati

Content Editor

Related News