ਲੁਧਿਆਣਾ ''ਚ ਡੇਂਗੂ ਦੇ 150 ਤੋਂ ਵੱਧ ਮਰੀਜ਼, 38 ਮਰੀਜ਼ਾਂ ਦੀ ਪੁਸ਼ਟੀ
Wednesday, Nov 03, 2021 - 10:44 AM (IST)
ਲੁਧਿਆਣਾ (ਸਹਿਗਲ) : ਮਹਾਨਗਰ ਦੇ ਕੁੱਝ ਵੱਡੇ ਹਸਪਤਾਲਾਂ ’ਚ 150 ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ ਬਾਕੀ ਸਿਹਤ ਵਿਭਾਗ ’ਚ ਸਿਰਫ਼ 38 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਆਪਣੀ ਰਿਪੋਰਟ ’ਚ 38 ਵਿਚੋਂ 33 ਮਰੀਜ਼ ਦਯਾਨੰਦ ਹਸਪਤਾਲ ਦੇ, 3 ਮਰੀਜ਼ ਦੀਪ ਹਸਪਤਾਲ ਦੇ, ਇਕ ਸਿਵਲ ਹਸਪਤਾਲ ਅਤੇ ਇਕ ਸਮਰਾਲਾ ਸਿਵਲ ਹਸਪਤਾਲ ਦੇ ਮਰੀਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਕਿਸੇ ਹੋਰ ਹਸਪਤਾਲ ਦੇ ਮਰੀਜ਼ ਨੂੰ ਰਿਪੋਰਟ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਰਿਪੋਰਟ ਦੀ ਸ਼ਹਿਰ ’ਚ ਕਾਫੀ ਚਰਚਾ ਹੋਈ ਦੱਸੀ ਜਾਂਦੀ ਹੈ, ਜਿਸ ਨੂੰ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਣਾਇਆ ਜਾ ਰਿਹਾ ਹੈ ਤਾਂ ਜੋ ਡੇਂਗੂ ਦੀ ਮਹਾਮਾਰੀ ਕਾਬੂ ’ਚ ਦਿਖਾਇਆ ਜਾ ਸਕੇ। ਇਸ ਤੋਂ ਇਲਾਵਾ 44 ਬਾਹਰਲੇ ਜ਼ਿਲ੍ਹਿਆਂ ਆਦਿ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਇਲਾਕਿਆਂ ’ਚ ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ’ਚ ਦੁੱਗਰੀ, ਰਾਹੋਂ ਰੋਡ, ਪ੍ਰਤਾਪ ਨਗਰ, ਬਰੇਵਾਲ, ਪ੍ਰੇਮ ਨਗਰ, ਸਰਾਭਾ ਨਗਰ ਅਤੇ ਹੈਬੋਵਾਲ ਕਲਾਂ ਪ੍ਰਮੁੱਖ ਹਨ।
ਕੋਰੋਨਾ ਦੇ 2 ਨਵੇਂ ਮਰੀਜ਼ ਆਏ ਸਾਹਮਣੇ
ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿਚ 2 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਇਕ ਮਰੀਜ਼ ਜ਼ਿਲ੍ਹੇ ਦਾ ਵਸਨੀਕ ਹੈ, ਜਦੋਂ ਕਿ ਦੂਜਾ ਬਾਹਰਲੇ ਜ਼ਿਲ੍ਹੇ ਨਾਲ ਸਬੰਧਿਤ ਹੈ। ਮਹਾਨਗਰ ’ਚ ਹੁਣ ਤੱਕ 87,611 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 85,436 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ 2106 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 19 ਹੈ। ਜ਼ਿਲ੍ਹੇ ’ਚ 6781 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।