ਜੀ. ਐੱਸ. ਟੀ. ਤੇ ਮਹਿੰਗਾਈ ਨਾਲ ਜੂਝ ਰਹੇ ਆਮ ਆਦਮੀ ਨੂੰ ਡੇਂਗੂ ਨੇ ਕੀਤਾ ਕੰਗਾਲ

11/13/2017 12:13:08 PM

ਕਪੂਰਥਲਾ (ਭੂਸ਼ਣ)— ਜੀ. ਐੱਸ. ਟੀ. ਅਤੇ ਮਹਿੰਗਾਈ ਨਾਲ ਜੂਝ ਰਹੀ ਆਮ ਜਨਤਾ ਨੂੰ ਬੀਤੇ 4 ਮਹੀਨਿਆਂ ਤੋਂ ਕਪੂਰਥਲਾ ਜ਼ਿਲੇ ਸਮੇਤ ਪੂਰੇ ਸੂਬੇ 'ਚ ਫੈਲੀ ਡੇਂਗੂ ਮਹਾਮਾਰੀ ਨੇ ਕੰਗਾਲ ਕਰ ਦਿੱਤਾ ਹੈ। ਵਰਤਮਾਨ ਦੌਰ 'ਚ ਖਤਰਨਾਕ ਹੱਦ ਤੱਕ ਪਹੁੰਚ ਚੁੱਕੇ ਡੇਂਗੂ ਬੁਖਾਰ ਨੇ ਸੂਬੇ ਦੀਆਂ ਸਰਕਾਰੀ ਸੇਵਾਵਾਂ ਦਾ ਇਸ ਕਦਰ ਜਨਾਜ਼ਾ ਕੱਢ ਦਿੱਤਾ ਹੈ ਕਿ ਜਿੱਥੇ ਕਪੂਰਥਲਾ ਜ਼ਿਲਾ ਸਮੇਤ ਪੂਰੇ ਸੂਬੇ 'ਚ ਡੇਂਗੂ ਬੁਖਾਰ ਨਾਲ ਪੀੜਤ ਲੋਕਾਂ ਦੀ ਠੀਕ ਗਿਣਤੀ ਦੇ ਸਬੰਧ 'ਚ ਸਿਹਤ ਵਿਭਾਗ ਕੋਲ ਠੀਕ ਅੰਕੜਾ ਨਹੀਂ ਹੈ, ਉਥੇ ਹੀ ਲਗਾਤਾਰ ਚੱਲ ਰਹੇ ਡੇਂਗੂ ਬੁਖਾਰ ਨੇ ਜਲੰਧਰ ਅਤੇ ਲੁਧਿਆਣਾ ਦੇ ਕਈ ਨਿੱਜੀ ਹਸਪਤਾਲਾਂ ਨੂੰ ਮਾਲਾਮਾਲ ਕਰ ਦਿੱਤਾ ਹੈ। 
ਕੀ ਕਹਿੰਦੇ ਹਨ ਡੀ. ਸੀ.
ਇਸ ਸਬੰਧੀ ਜਦੋਂ ਡੀ. ਸੀ. ਮੁਹੰਮਦ ਤਇਅਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡੇਂਗੂ ਨਾਲ ਹੋਈ ਮੌਤ ਦੁੱਖਦਾਈ ਹੈ। ਜ਼ਿਲਾ ਪ੍ਰਸ਼ਾਸਨ ਜਿੱਥੇ ਸਿਹਤ ਵਿਭਾਗ ਨੂੰ ਲਗਾਤਾਰ ਦਿਸ਼ਾ-ਨਿਰਦੇਸ਼ ਦੇ ਰਿਹਾ ਹੈ, ਉਥੇ ਹੀ ਡੇਂਗੂ ਤੋਂ ਬਚਣ ਲਈ ਲਗਾਤਾਰ ਫੌਗਿੰਗ ਅਤੇ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।   
ਕੀ ਕਹਿੰਦੇ ਹਨ ਕੈਬਨਿਟ ਮੰਤਰੀ 
ਇਸ ਸਬੰਧ 'ਚ ਜਦੋਂ ਸੂਬੇ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡੇਂਗੂ ਨੂੰ ਪੱਕੇ ਤੌਰ 'ਤੇ ਖਤਮ ਕਰਨ ਲਈ ਪੂਰੀ ਯੋਜਨਾ ਤਿਆਰ ਕਰ ਲਈ ਗਈ ਹੈ, ਜਿਸ ਦੇ ਤਹਿਤ ਨਵੀਂ ਦਿੱਲੀ ਦੀ ਇਕ ਕੰੰਪਨੀ ਦੀ ਮਦਦ ਨਾਲ ਸ਼ਹਿਰ 'ਚ ਡੇਂਗੂ ਮੱਛਰਾਂ ਨੂੰ ਖਤਮ ਕੀਤਾ ਜਾਵੇਗਾ। ਸਿਹਤ ਵਿਭਾਗ ਨੂੰ ਵੀ ਹੁਕਮ ਜਾਰੀ ਕੀਤੇ ਜਾ ਰਹੇ ਹਨ। ।  
ਕਈ ਪਰਿਵਾਰਾਂ ਦੇ 5 ਤੋਂ ਲੈ ਕੇ 10 ਮੈਂਬਰਾਂ ਨੂੰ ਹੋਇਆ ਡੇਂਗੂ ਬੁਖਾਰ
ਡੇਂਗੂ ਬੁਖਾਰ ਨੇ ਪਹਿਲਾਂ ਹੀ ਜੀ. ਐੱਸ. ਟੀ. ਅਤੇ ਮਹਿੰਗਾਈ ਨਾਲ ਜੂਝ ਰਹੇ ਆਮ ਆਦਮੀ ਨੂੰ ਇਸ ਕਦਰ ਕੰਗਾਲ ਕਰ ਦਿੱਤਾ ਹੈ ਕਿ ਕਈ ਪਰਿਵਾਰਾਂ ਦੇ ਤਾਂ 5 ਤੋਂ ਲੈ ਕੇ 10 ਮੈਂਬਰਾਂ ਨੂੰ ਡੇਂਗੂ ਬੁਖਾਰ ਹੋਣ 'ਤੇ ਉਨ੍ਹਾਂ ਨੂੰ ਪ੍ਰਤੀ ਵਿਅਕਤੀ ਨੂੰ ਡੇਂਗੂ ਬੁਖਾਰ ਤੋਂ ਛੁਟਕਾਰਾ ਪਾਉਣ ਲਈ 50 ਤੋਂ 60 ਹਜ਼ਾਰ ਰੁਪਏ ਦੀ ਰਕਮ ਖਰਚ ਕਰਨੀ ਪਈ ਹੈ, ਜਿਸ ਕਾਰਨ ਕਈ ਖਾਂਦੇ-ਪੀਂਦੇ ਪਰਿਵਾਰ ਜਿਥੇ ਕੰਗਾਲ ਹੋ ਗਏ ਹਨ, ਉਥੇ ਹੀ ਠੀਕ ਇਲਾਜ ਨਾ ਮਿਲਣ ਕਾਰਨ ਕਈ ਗਰੀਬ ਅਤੇ ਮੱਧ ਵਰਗ ਨਾਲ ਜੁੜੇ ਲੋਕ ਮੌਤ ਦਾ ਸ਼ਿਕਾਰ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਕਪੂਰਥਲਾ ਸ਼ਹਿਰ 'ਚ ਹੀ ਅਜਿਹੇ ਕਈ ਪਰਿਵਾਰ ਹਨ ਜਿਥੇ ਪਤੀ-ਪਤਨੀ ਨੂੰ ਡੇਂਗੂ ਹੋਣ ਦੇ ਨਾਲ ਬਾਅਦ 'ਚ ਉਨ੍ਹਾਂ ਦੇ ਬੱਚਿਆਂ ਨੂੰ ਵੀ ਡੇਂਗੂ ਦਾ ਸ਼ਿਕਾਰ ਹੋਣਾ ਪਿਆ।   
ਲਗਾਤਾਰ ਹੋ ਰਹੀਆਂ ਮੌਤਾਂ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ
ਅਗਸਤ ਮਹੀਨੇ ਤੋਂ ਸ਼ੁਰੂ ਹੋਏ ਡੇਂਗੂ ਬੁਖਾਰ ਨੇ ਪੂਰੇ ਸੂਬੇ ਨੂੰ ਇਸ ਕਦਰ ਆਪਣੀ ਲਪੇਟ 'ਚ ਲੈ ਲਿਆ ਹੈ ਕਿ ਜਿੱਥੇ ਡੇਂਗੂ ਮਾਮਲੇ 'ਚ ਕਪੂਰਥਲਾ ਜ਼ਿਲਾ ਸੂਬੇ ਦੇ ਸਭ ਤੋਂ ਜ਼ਿਆਦਾ ਡੇਂਗੂ ਪ੍ਰਭਾਵਿਤ ਜ਼ਿਲਿਆਂ 'ਚ ਸ਼ਾਮਲ ਹੋ ਗਿਆ ਹੈ, ਉਥੇ ਹੀ ਕਪੂਰਥਲਾ ਸ਼ਹਿਰ 'ਚ ਸ਼ਨੀਵਾਰ ਨੂੰ ਇਕ ਔਰਤ ਦੀ ਡੇਂਗੂ ਬੁਖਾਰ ਨਾਲ ਹੋਈ ਮੌਤ ਨੇ ਲੋਕਾਂ 'ਚ ਡਰ ਇਸ ਕਦਰ ਵਧਾ ਦਿੱਤਾ ਹੈ ਕਿ ਹੁਣ ਤੱਕ ਕਪੂਰਥਲਾ ਅਤੇ ਆਸ-ਪਾਸ ਦੇ ਖੇਤਰਾਂ 'ਚ 15 ਲੋਕਾਂ ਦੀ ਡੇਂਗੂ ਨਾਲ ਹੋਈ ਮੌਤ ਨੇ ਲੋਕਾਂ ਨੂੰ ਆਪਣੇ ਭਵਿੱਖ ਪ੍ਰਤੀ ਪਰੇਸ਼ਾਨ ਕਰ ਦਿੱਤਾ ਹੈ। ਹੁਣ ਜ਼ਿਆਦਾਤਰ ਲੋਕ ਡੇਂਗੂ ਦਾ ਨਾਂ ਸੁਣਦੇ ਹੀ ਕੰਬਣ ਲੱਗੇ ਹਨ। 
ਡੇਂਗੂ ਬੁਖਾਰ ਦੀ ਲਪੇਟ 'ਚ ਆਏ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਨਾਲ ਸਬੰਧਿਤ 1500 ਮਰੀਜ਼ਾਂ 'ਚੋਂ ਜ਼ਿਆਦਾਤਰ ਨੇ ਜਿਥੇ ਜਲੰਧਰ ਅਤੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲਾਂ 'ਚ ਲੱਖਾਂ ਰੁਪਏ ਦੀ ਰਕਮ ਖਰਚ ਕਰ ਕੇ ਆਪਣਾ ਇਲਾਜ ਕਰਵਾਇਆ ਹੈ, ਉਥੇ ਹੀ ਸਰਕਾਰੀ ਹਸਪਤਾਲਾਂ 'ਚ ਡੇਂਗੂ ਬੁਖਾਰ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਕੁੱਲ ਮਰੀਜ਼ਾਂ ਦਾ 15 ਫੀਸਦੀ ਤੱਕ ਹੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।  
ਡੇਂਗੂ ਤੋਂ ਡਰੇ ਕਈ ਪਰਿਵਾਰਾਂ ਨੇ ਕਰਨਾ ਸ਼ੁਰੂ ਕੀਤਾ ਵਿਦੇਸ਼ਾਂ ਦਾ ਰੁਖ
ਇਸ ਵਾਰ ਡੇਂਗੂ ਬੁਖਾਰ ਨਾਲ ਹੋਈਆਂ ਵੱਡੀ ਗਿਣਤੀ 'ਚ ਮੌਤਾਂ ਤੇ ਸੈਂਕੜੇ ਲੋਕਾਂ ਦੇ ਬੀਮਾਰ ਹੋਣ ਨਾਲ ਕਈ ਪਰਿਵਾਰ ਤਾਂ ਇਸ ਕਦਰ ਦਹਿਸ਼ਤ 'ਚ ਆ ਗਏ ਹਨ ਕਿ ਉਨ੍ਹਾਂ ਨੇ ਭਵਿੱਖ 'ਚ ਡੇਂਗੂ ਬੁਖਾਰ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੁੱਝ ਪਰਿਵਾਰਾਂ ਨੇ ਤਾਂ ਆਪਣੇ ਸਾਧਨਾਂ ਦਾ ਇਸਤੇਮਾਲ ਕਰ ਕੇ ਆਪਣੇ ਕਾਰੋਬਾਰ ਨੂੰ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਵਰਗੇ ਦੇਸ਼ਾਂ 'ਚ ਸ਼ਿਫਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।


Related News