ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ ''ਚ ਡੇਂਗੂ ਨੇ ਦਿੱਤੀ ਦਸਤਕ

09/01/2017 6:12:55 AM

ਕਪੂਰਥਲਾ, (ਭੂਸ਼ਣ)- ਬੀਤੇ ਸਾਲ ਜ਼ਿਲੇ 'ਚ 15 ਮਾਸੂਮ ਲੋਕਾਂ ਦੀ ਜਾਨ ਲੈਣ ਵਾਲੇ ਖਤਰਨਾਕ ਰੋਗ ਡੇਂਗੂ ਨੇ ਇਕ ਵਾਰ ਫਿਰ ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ ਵਿਚ ਆਪਣੀ ਜ਼ੋਰਦਾਰ ਦਸਤਕ ਦੇ ਦਿੱਤੀ ਹੈ। ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿਚ ਡੇਂਗੂ ਦਾ ਕਹਿਰ ਇਸ ਕਦਰ ਵਧ ਗਿਆ ਹੈ ਕਿ ਜ਼ਿਆਦਾਤਰ ਮਰੀਜ਼ਾਂ ਨੇ ਸਰਕਾਰੀ ਹਸਪਤਾਲਾਂ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਵੇਖਦੇ ਹੋਏ ਜਲੰਧਰ ਦੇ ਨਿੱਜੀ ਹਸਪਤਾਲਾਂ ਦੇ ਵਲ ਰੁਖ ਕਰ ਲਿਆ ਹੈ। ਉਥੇ ਹੀ ਡੇਂਗੂ ਦੇ ਕਾਰਨ ਜ਼ਿਲੇ ਨਾਲ ਸਬੰਧਤ ਇਕ ਵਿਅਕਤੀ ਦੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਮ ਤੋੜਨ ਦੀ ਖਬਰ ਹੈ, ਜਿਸ ਦੀ ਹਾਲੇ ਸਿਹਤ ਵਿਭਾਗ ਨੇ ਪੁਸ਼ਟੀ ਨਹੀਂ ਕੀਤੀ ਹੈ।  
ਹਾਲੇ ਤਕ ਸ਼ੁਰੂ ਨਹੀਂ ਹੋ ਪਾਈ ਕਪੂਰਥਲਾ ਸ਼ਹਿਰ ਸਮੇਤ ਆਸ-ਪਾਸ ਦੇ ਖੇਤਰਾਂ 'ਚ ਫੋਗਿੰਗ
ਡੇਂਗੂ ਦੇ ਸੀਜ਼ਨ 'ਚ ਬਰਸਾਤਾਂ ਦਾ ਮੌਸਮ ਹੋਣ ਕਾਰਨ ਕਪੂਰਥਲਾ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਵਿਚ ਖੜ੍ਹੇ ਬਰਸਾਤੀ ਪਾਣੀ ਵਿਚ ਵਿਕਸਿਤ ਹੋ ਰਹੇ ਡੇਂਗੂ ਮੱਛਰਾਂ ਦਾ ਸਫਾਇਆ ਕਰਨ ਲਈ ਨਾ ਤਾਂ ਹਾਲੇ ਤਕ ਸਿਹਤ ਵਿਭਾਗ ਘਰ-ਘਰ ਜਾ ਕੇ ਕੋਈ ਜਾਗਰੂਕਤਾ ਮੁਹਿੰਮ ਚਲਾ ਪਾਇਆ ਹੈ ਅਤੇ ਨਾ ਹੀ ਡੇਂਗੂ ਮੱਛਰਾਂ ਨੂੰ ਮਾਰਨ ਲਈ ਨਗਰ ਕੌਂਸਲ ਵਲੋਂ ਕਪੂਰਥਲਾ ਸ਼ਹਿਰ ਵਿਚ ਵੱਡੇ ਪੱਧਰ 'ਤੇ ਫੋਗਿੰਗ ਮੁਹਿੰਮ ਚਲਾਉਣ ਦੀ ਲੋੜ ਮਹਿਸੂਸ ਕੀਤੀ ਗਈ ਹੈ। ਸ਼ਹਿਰ ਦੀ ਜ਼ਿਆਦਾਤਰ ਮੱਧ ਵਰਗ ਅਤੇ ਪੱਛੜੀਆਂ ਕਾਲੋਨੀਆਂ ਵਿਚ ਬਰਸਾਤ ਦੇ ਪਾਣੀ ਦਾ ਕਈ ਦਿਨਾਂ ਤਕ ਖੜੇ ਹੋਣ ਨਾਲ ਡੇਂਗੂ ਨੂੰ ਇਸ ਕਦਰ ਫੈਲਾ ਦਿੱਤਾ ਹੈ ਕਿ ਇਸਦੇ ਖੌਫ ਨੂੰ ਰੋਕਣ ਲਈ ਤਤਕਾਲ ਲਗਾਤਾਰ ਕਈ ਦਿਨਾਂ ਤੱਕ ਫੋਗਿੰਗ ਮੁਹਿੰਮ ਚਲਾਉਣ ਦੀ ਲੋੜ ਹੈ ।  
ਬੀਤੇ ਸਾਲ ਡੇਂਗੂ ਦੇ ਸ਼ਿਕਾਰ 1500 ਵਿਅਕਤੀਆਂ 'ਚੋਂ 15 ਦੀ ਹੋ ਗਈ ਸੀ ਮੌਤ- ਬੀਤੇ ਸਾਲ ਅਗਸਤ ਤੋਂ ਲੈ ਕੇ ਅਕਤੂਬਰ ਦੇ ਸ਼ੁਰੂਆਤੀ ਦਿਨਾਂ ਤਕ ਜ਼ਿਲੇ ਭਰ ਵਿਚ ਸਰਗਰਮ ਰਹੇ ਡੇਂਗੂ ਨੇ ਇਸ ਕਦਰ ਦਹਿਸ਼ਤ ਫੈਲਾਈ ਸੀ ਕਿ ਇਸ ਦੇ ਦੌਰਾਨ ਲਗਭਗ 1500 ਵਿਅਕਤੀ ਡੇਂਗੂ ਦਾ ਸ਼ਿਕਾਰ ਹੋ ਗਏ ਸਨ, ਜਿਨ੍ਹਾਂ 'ਚੋਂ 15 ਲੋਕਾਂ ਦੀ ਮੌਤ ਵੀ ਹੋ ਗਈ ਸੀ। ਜ਼ਿਲੇ ਦੇ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਨੂੰ ਠੀਕ ਇਲਾਜ ਨਾ ਮਿਲਣ ਦੇ ਕਾਰਨ ਜ਼ਿਆਦਾਤਰ ਲੋਕਾਂ ਨੇ ਇਲਾਜ ਲਈ ਜਲੰਧਰ ਅਤੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਦੇ ਵਲ ਰੁਖ਼ ਕੀਤਾ ਸੀ। ਹੁਣ ਫਿਰ ਤੋਂ ਜ਼ਿਲੇ ਵਿਚ ਡੇਂਗੂ ਦਾ ਕਹਿਰ ਸ਼ੁਰੂ ਹੋਣ ਨਾਲ ਲੋਕਾਂ 'ਚ ਭਾਰੀ ਦਹਿਸ਼ਤ ਫੈਲ ਗਈ ਹੈ।  
ਕੀ ਕਹਿੰਦੇ ਹਨ ਸਿਵਲ ਸਰਜਨ- ਇਸ ਸੰਬੰਧ 'ਚ ਜਦੋਂ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡੇਂਗੂ ਦੇ ਕਹਿਰ ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਵੱਡੀ ਮੁਹਿੰਮ ਚਲਾਉਣ ਦੀਆਂ ਤਿਆਰੀਆਂ ਵਿਚ ਜੁੱਟ ਗਿਆ ਹੈ। ਉਥੇ ਹੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਤੇਜ਼ ਕੀਤਾ ਜਾ ਰਿਹਾ ਹੈ ।  


Related News