ਮੋਗਾ ਜ਼ਿਲੇ ''ਚ ਡੇਂਗੂ ਦਾ ਪ੍ਰਕੋਪ ਜਾਰੀ

Monday, Nov 13, 2017 - 10:22 AM (IST)

ਮੋਗਾ ਜ਼ਿਲੇ ''ਚ ਡੇਂਗੂ ਦਾ ਪ੍ਰਕੋਪ ਜਾਰੀ


ਮੋਗਾ (ਸੰਦੀਪ) - ਜ਼ਿਲੇ 'ਚ ਡੇਂਗੂ ਦਾ ਪ੍ਰਕੋਪ ਅਜੇ ਵੀ ਜਾਰੀ ਹੈ। ਬੀਤੇ ਦਿਨਾਂ ਤੋਂ ਹਰ ਰੋਜ਼ ਦਰਜਨ ਡੇਂਗੂ ਪੀੜਤ ਸਾਹਮਣੇ ਆ ਰਹੇ ਸਨ ਪਰ ਤਿੰਨ-ਚਾਰ ਦਿਨਾਂ 'ਚ ਡੇਂਗੂ ਦੇ ਮਰੀਜ਼ਾਂ ਵਿਚ ਕਾਫੀ ਕਮੀ ਆਈ ਹੈ, ਜਦਕਿ ਇਹ ਸਿਲਸਿਲਾ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮਾਹਿਰਾਂ ਅਨੁਸਾਰ ਜੇਕਰ ਆਉਣ ਵਾਲੇ ਸਮੇਂ 'ਚ ਮੀਂਹ ਪੈਂਦਾ ਹੈ ਤਾਂ ਡੇਂਗੂ ਦਾ ਸਿਲਸਿਲਾ ਕਾਫੀ ਘੱਟ ਹੋ ਸਕਦਾ ਹੈ। ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਡੇਂਗੂ ਦਾ ਅੰਕੜਾ ਵੱਧ ਕੇ ਸ਼ਨੀਵਾਰ ਤੱਕ ਕੀਤੇ ਗਏ ਟੈਸਟਾਂ ਦੇ ਆਧਾਰ 'ਤੇ 436 ਹੋ ਗਿਆ ਹੈ। ਉਕਤ ਅੰਕੜਾ ਸਿਵਲ ਹਸਪਤਾਲ ਦਾ ਹੈ ਪਰ ਪ੍ਰਾਈਵੇਟ ਹਸਪਤਾਲਾਂ ਦਾ ਅੰਕੜਾ ਇਸ ਤੋਂ ਵੱਖਰਾ ਹੈ, ਜਿਸ ਦਾ ਅਨੁਮਾਨ ਲਾਉਣਾ ਸਿਹਤ ਵਿਭਾਗ ਦੇ ਵੱਸ 'ਚ ਨਹੀਂ ਦਿਖਾਈ ਦੇ ਰਿਹਾ ਹੈ।  ਗਿਣਤੀ ਉਕਤ ਅੰਕੜੇ ਤੋਂ ਦੋ ਗੁਣਾ ਹੋ ਸਕਦੀ ਹੈ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਵਿਭਾਗ ਵੱਲੋਂ ਡੇਂਗੂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਇਕ ਵੱਖਰਾ ਕਮਰਾ ਬਣਾ ਕੇ ਮੱਛਰਦਾਨੀਆਂ ਸਮੇਤ ਉਨ੍ਹਾਂ ਦਾ ਇਲਾਜ ਕਰਨ ਦਾ ਕੰਮ ਕਰ ਰਿਹਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸੈਨੀਟੇਸ਼ਨ ਵਿਭਾਗ ਦੀ ਟੀਮ ਨਗਰ ਨਿਗਮ ਦੀ ਟੀਮ ਨਾਲ ਮਿਲ ਕੇ ਡੇਂਗੂ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਸਪਰੇਅ ਕਰ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਕਰਨ ਬਾਰੇ ਜਾਣਕਾਰੀ ਦੇ ਰਹੀ ਹੈ। ਉੱਥੇ ਹੀ ਨਗਰ ਨਿਗਮ ਦੀ ਫੌਗਿੰਗ ਮਸ਼ੀਨ ਰਾਹੀਂ ਵਾਰਡ ਪੱਧਰ 'ਤੇ ਫੌਗਿੰਗ ਕਰਨ ਦਾ ਸਿਲਸਿਲਾ ਜਾਰੀ ਹੈ। ਸਿਵਲ ਸਰਜਨ ਨੇ ਜ਼ਿਲੇ ਦੇ ਸਮੂਹ ਪ੍ਰਾਈਵੇਟ ਹਸਪਤਾਲ ਸੰਚਾਲਕਾਂ ਨੂੰ ਡੇਂਗੂ ਨਾਲ ਸਬੰਧਤ ਉਨ੍ਹਾਂ ਕੋਲ ਆਉਣ ਵਾਲੇ ਮਰੀਜ਼ਾਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦੇਣ ਦੀ ਅਪੀਲ ਕੀਤੀ ਹੈ।


Related News