ਪੰਜਾਬ ''ਚ 8374 ਤੇ ਬਠਿੰਡਾ ਵਿਚ ਡੇਂਗੂ ਦੇ 174 ਸ਼ੱਕੀ ਮਰੀਜ਼ ਆਏ ਸਾਹਮਣੇ

Wednesday, Nov 01, 2017 - 03:09 AM (IST)

ਪੰਜਾਬ ''ਚ 8374 ਤੇ ਬਠਿੰਡਾ ਵਿਚ ਡੇਂਗੂ ਦੇ 174 ਸ਼ੱਕੀ ਮਰੀਜ਼ ਆਏ ਸਾਹਮਣੇ

ਬਠਿੰਡਾ(ਪਾਇਲ)-ਹਰੇਕ ਸਾਲ ਕਹਿਰ ਵਰਸਾਉਣ ਵਾਲੇ ਡੇਂਗੂ ਰੋਗ ਨੇ ਇਸ ਵਾਰ ਵੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਪੰਜਾਬ 'ਚ ਡੇਂਗੂ ਦੇ ਕੁੱਲ 8374 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਬਠਿੰਡਾ 'ਚ ਸ਼ੱਕੀ ਡੇਂਗੂ ਮਰੀਜ਼ਾਂ ਦੀ ਗਿਣਤੀ 174 ਤੱਕ ਪਹੁੰਚ ਗਈ ਹੈ। ਮੌਜੂਦਾ ਸਮੇਂ 'ਚ ਸ਼ਹਿਰੀ ਇਲਾਕੇ ਵਿਚ 20 ਪੀੜਤ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਮਰੀਜ਼ਾਂ ਨਾਲ ਭਰ ਗਿਆ ਡੇਂਗੂ ਵਾਰਡ
ਬੇਸ਼ੱਕ ਸਿਹਤ ਵਿਭਾਗ ਵੱਲੋਂ ਡੇਂਗੂ ਰੋਗ ਨਾਲ ਨਿਪਟਣ ਦੀ ਵੀ ਗੱਲ ਕਹੀ ਗਈ ਹੈ ਪਰ ਮੌਜੂਦਾ ਹਾਲਾਤ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਹਨ। ਇਸ ਸਮੇਂ ਡੇਂਗੂ ਵਾਰਡ ਭਰਿਆ ਹੋਇਆ ਹੈ। ਜਦੋਂਕਿ ਲਗਾਤਾਰ ਮਰੀਜ਼ਾਂ ਦਾ ਹਸਪਤਾਲ 'ਚ ਪਹੁੰਚਣਾ ਜਾਰੀ ਹੈ। ਅਜਿਹੇ 'ਚ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣ ਦੀ ਸੂਰਤ 'ਚ ਹਸਪਤਾਲ ਦੇ ਪ੍ਰਬੰਧ ਨਾਕਾਫੀ ਸਾਬਿਤ ਹੋ ਸਕਦੇ ਹਨ। ਇਸ ਦੇ ਇਲਾਵਾ ਡੇਂਗੂ ਵਾਰਡ ਦੀ ਖਸਤਾਹਾਲ ਛੱਤ ਵੀ ਮਰੀਜ਼ਾਂ ਦੀ ਪ੍ਰੇਸ਼ਾਨੀ ਵਧਾ ਸਕਦੀ ਹੈ। ਛੱਤ ਦਾ ਪਲੱਸਤਰ ਲਗਾਤਾਰ ਉਖੜ ਕੇ ਡਿੱਗ ਰਿਹਾ ਹੈ, ਜੋ ਕਿਸੇ ਅਣਹੋਣੀ ਘਟਨਾ ਦਾ ਕਾਰਨ ਬਣ ਸਕਦਾ ਹੈ।
ਡੇਂਗੂ ਲਾਰਵਾ ਮਿਲਣ 'ਤੇ ਵਿਭਾਗ ਵਸੂਲੇਗਾ ਜੁਰਮਾਨਾ
ਡੇਂਗੂ ਦੇ ਕਹਿਰ ਨੂੰ ਰੋਕਣ ਲਈ ਜ਼ਿਲਾ ਸਿਹਤ ਵਿਭਾਗ ਤੇ ਨਗਰ ਨਿਗਮ ਵੱਲੋਂ ਸਾਂਝੇ ਯਤਨ ਤਹਿਤ ਐਕਸ਼ਨ ਪਲਾਨ ਤਿਆਰ ਕਰ ਲਿਆ ਗਿਆ ਹੈ, ਜਿਸ ਤਹਿਤ ਜੇਕਰ ਕਿਤੇ ਵੀ ਡੇਂਗੂ ਲਾਰਵਾ ਬਰਾਮਦ ਹੋਇਆ ਤਾਂ ਸੰਬੰਧਤ ਵਿਅਕਤੀ ਦਾ ਚਲਾਨ ਕੱਟ ਕੇ ਜੁਰਮਾਨਾ ਵਸੂਲਿਆ ਜਾਵੇਗਾ। 
ਵਿਭਾਗ ਦੇ ਐਕਸ਼ਨ ਪਲਾਨ ਤਹਿਤ ਨਗਰ ਨਿਗਮ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮਾਂ ਘਰ-ਘਰ ਦੀ ਜਾਂਚ ਕਰੇਗੀ ਤੇ ਜਾਂਚ ਉਪਰੰਤ ਘਰ ਦੇ ਦਰਵਾਜ਼ੇ 'ਤੇ ਡੇਂਗੂ ਸਰਵੇ ਸੰਬੰਧੀ ਸਟਿੱਕਰ ਵੀ ਲਾਇਆ ਜਾਵੇਗਾ। ਟੀਮਾਂ ਇਕ ਵਿਸ਼ੇਸ਼ ਰਜਿਸਟਰ 'ਚ ਜਾਂਚੇ ਘਰਾਂ ਅਤੇ ਸੰਸਥਾਨਾਂ ਤੇ ਲਾਰਵਾ ਮਿਲਣ ਜਾਂ ਨਾ ਮਿਲਣ ਨਾ ਵੇਰਵੇ ਦਰਜ ਕਰੇਗੀ, ਜੇਕਰ ਕਿਸੇ ਵੀ ਜਗ੍ਹਾ ਤੋਂ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਟੀਮ ਸੰਬੰਧਤ ਵਿਅਕਤੀ ਦਾ ਚਲਾਨ ਕੱਟ ਕੇ ਜੁਰਮਾਨਾ ਵੀ ਵਸੂਲੇਗੀ। 


Related News