ਡੇਂਗੂ ਦੇ 11 ਮਾਮਲੇ, 150 ਖੇਤਰਾਂ ''ਚੋਂ ਮਿਲਿਆ ਲਾਰਵਾ
Saturday, Jul 27, 2019 - 12:00 PM (IST)

ਲੁਧਿਆਣਾ (ਸਹਿਗਲ) : ਮਹਾਂਨਗਰ 'ਚ ਡੇਂਗੂ ਦੇ 11 ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ ਇਕ 11 ਸਾਲਾ ਲੜਕੀ 'ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਉਕਤ ਲੜਕੀ ਪੀ. ਜੀ. ਆਈ. ਚੰਡੀਗੜ੍ਹ 'ਚ ਭਰਤੀ ਸੀ ਅਤੇ ਜਵੱਦੀ ਦੀ ਰਹਿਣ ਵਾਲੀ ਸੀ। ਇਸ ਦੀ ਪੁਸ਼ਟੀ ਕਰਦਿਆਂ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ ਦੂਜੇ ਜ਼ਿਲਿਆਂ ਅਤੇ ਸੂਬਿਆਂ ਤੋਂ ਇੱਥੇ ਆਏ ਹਨ। ਉਨ੍ਹਾਂ ਨੂੰ ਸ਼ੱਕੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ 'ਚ 150 ਖੇਤਰਾਂ 'ਚੋਂ ਡੇਂਗੂ ਦਾ ਲਾਰਵਾ ਮਿਲ ਚੁੱਕਾ ਹੈ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਵੱਡੀ ਗਿਣਤੀ 'ਚ ਲਾਰਵਾ ਮਿਲਣ ਨਾਲ ਆਉਣ ਵਾਲੇ ਖਤਰੇ ਦੀ ਸੰਭਾਵਨਾ ਦਾ ਪਤਾ ਲੱਗਦਾ ਹੈ। ਜੇਕਰ ਲੋਕ ਸਮਾਂ ਰਹਿੰਦੇ ਬਚਾਅ ਕਾਰਜ ਪ੍ਰਤੀ ਜਾਗਰੂਕ ਨਾ ਹੋਏ ਤਾਂ ਸੈਂਕੜੇ ਲੋਕ ਇਸ ਦੀ ਲਪੇਟ 'ਚ ਆ ਸਕਦੇ ਹਨ।
ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼
ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਦੇ ਤਹਿਤ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਦੀ ਅਗਵਾਈ 'ਚ ਲੜਕੀਆਂ ਦੇ ਸਰਕਾਰੀ ਕਾਲਜ 'ਚ ਇਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ 'ਚ ਜ਼ਿਲਾ ਐਪੀਡੀਮਾਲੋਜਿਸਟ ਡਾ. ਰਮੇਸ਼ ਭਗਤ ਨੇ ਵਿਦਿਆਰਥਣਾਂ ਨੂੰ ਉਪਰੋਕ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਸਿਵਲ ਸਰਜਨ ਦਫਤਰ ਦੇ ਮਾਸ ਮੀਡੀਆ ਵਿੰਗ ਵਲੋਂ ਇਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਡਾ. ਰਮੇਸ਼ ਨੇ ਕਿਹਾ ਕਿ ਡੇਂਗੂ 'ਚ ਸਿਰਦਰਦ, ਬੁਖਾਰ, ਮਾਸਪੇਸ਼ੀਆਂ 'ਚ ਦਰਦ, ਮਸੂੜੇ ਅਤੇ ਨੱਕ 'ਚੋਂ ਖੂਨ ਵਹਿਣਾ, ਜੋੜਾਂ 'ਚ ਦਰਦ ਆਦਿ ਮੁੱਖ ਲੱਛਣ ਹਨ।