ਗੰਦਗੀ ਦੇ ਡੰਪ ਤੋਂ ਦੁਖੀ ਕਾਲੋਨੀ ਵਾਸੀਆਂ ਕੀਤਾ ਨਗਰ ਕੌਂਸਲ ਖਿਲਾਫ ਪ੍ਰਦਰਸ਼ਨ
Tuesday, Aug 21, 2018 - 05:03 AM (IST)
ਨਾਭਾ, (ਜਗਨਾਰ, ਜੈਨ)- ਮਾਲੇਰਕੋਟਲਾ ਰੋਡ ਚੁੰਗੀ ਨੇਡ਼ੇ ਬਣੇ ਰਾਜੀਵ ਗਾਂਧੀ ਪਾਰਕ ਦੇ ਨਾਲ ਲੱਗੇ ਗੰਦਗੀ ਦੇ ਢੇਰਾਂ ਤੋਂ ਦੁਖੀ ਕਾਲੋਨੀ ਵਾਸੀਆਂ ਨੇ ਅੱਜ ਅਕਾਲੀ ਦਲ ਦੇ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ ਹੇਠ ਇਕੱਤਰ ਹੋ ਕੇ ਰਾਜੀਵ ਗਾਂਧੀ ਪਾਰਕ ਵਿਖੇ ਨਗਰ ਕੌਂਸਲ ਨਾਭਾ ਖਿਲਾਫ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਬਾਬੂ ਕਬੀਰ ਦਾਸ ਨੇ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਦੇਸ਼ ਦੇ ਸਾ. ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ ਯਾਦ ਵਿਚ ਲੱਖਾਂ ਰੁਪਏ ਲਾ ਕੇ ਪਾਰਕ ਬਣਾਇਆ ਗਿਆ ਸੀ। ਪਾਰਕ ਦੇ ਬਿਲਕੁੱਲ ਨਾਲ ਹੀ ਨਗਰ ਕੌਂਸਲ ਵੱਲੋਂ ਸਾਰੇ ਸ਼ਹਿਰ ਦਾ ਕੂਡ਼ਾ-ਕਰਕਟ ਸੁੱਟਿਆ ਜਾਂਦਾ ਹੈ। ਇਸ ਤੋਂ ਨੇਡ਼ਲੇ ਕਾਲੋਨੀ ਵਾਸੀ, ਨੇਡ਼ੇ ਦੇ ਸਕੂਲ ਅਤੇ ਰਾਹਗੀਰ ਬਹੁਤ ਦੁਖੀ ਹਨ। ਨਗਰ ਕੌਂਸਲ ਇਸ ਗੰਦਗੀ ਦੇ ਡੰਪ ਨੂੰ ਇਸ ਥਾਂ ਤੋਂ ਬਦਲਣ ਲਈ ਕੋਈ ਠੋਸ ਉਪਰਾਲਾ ਨਹੀਂ ਕਰ ਰਹੀ, ਜਿਸ ਕਰ ਕੇ ਅੱਜ ਮਜਬੂਰਨ ਇਹ ਪ੍ਰਦਰਸ਼ਨ ਕਰਨਾ ਪਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਡੰਪ ਨੂੰ ਜਲਦੀ ਨਾ ਬਦਲਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਉਲੀਕਣਗੇ। ਸਾਬਕਾ ਪ੍ਰਧਾਨ ਨਗਰ ਕੌਂਸਲ ਗੁਰਸੇਵਕ ਸਿੰਘ ਗੋਲੂ ਨੇ ਕਿਹਾ ਕਿ ਨੇਡ਼ਲੇ ਕਾਲੋਨੀ ਵਾਸੀ ਕੌਂਸਲਰ ਰਵੀ ਦੀ ਅਗਵਾਈ ਹੇਠ ਉਨ੍ਹਾਂ ਨੂੰ ਇਸ ਗੰਦਗੀ ਦੇ ਢੇਰਾਂ ਤੋਂ ਆ ਰਹੀ ਬਦਬੂ ਸਬੰਧੀ ਦੱਸਿਆ ਤਾਂ ਉਨ੍ਹਾਂ ਨੇ ਤੁਰੰਤ ਇਹ ਮਸਲਾ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੇ ਧਿਆਨ ਵਿਚ ਲਿਆਂਦਾ ਜਿਸ ’ਤੇ ਅੱਜ ਉਨ੍ਹਾਂ ਨੇ ਇਹ ਮੁਜ਼ਾਹਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਇਸ ਗੰਦਗੀ ਦੇ ਡੰਪ ਨੂੰ ਇੱਥੋਂ ਤਬਦੀਲ ਕਰਵਾਏ ਤਾਂ ਜੋ ਨੇਡ਼ਲੇ ਕਾਲੋਨੀ ਵਾਸੀ ਅਤੇ ਸਕੂਲਾਂ ਵਿਚ ਪਡ਼੍ਹਦੇ ਬੱਚੇ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕਣ।
ਇਸ ਮੌਕੇ ਸ਼ਹਿਰੀ ਪ੍ਰਧਾਨ ਰਾਜੇਸ਼ ਬਾਂਸਲ ਬੱਬੂ, ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਕੋਟ, ਸਾ. ਚੇਅਰਮੈਨ ਧਰਮ ਸਿੰਘ ਧਾਰੋਂਕੀ, ਕੌਂਸਲਰ ਰਵੀ ਕੁਮਾਰ, ਕੌਂਸਲਰ ਭੋਲਾ ਰਾਮ, ਅਨਿਲ ਕੁਮਾਰ ਬੱਬੂ, ਕੁਲਵਿੰਦਰ ਸਿੰਘ ਰਾਜੂ, ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਸਾ. ਸਰਪੰਚ ਹੰਸ ਰਾਜ ਦੁਲੱਦੀ, ਰਣਜੀਤ ਸਿੰਘ ਰਾਮਗਡ਼੍ਹ ਤੇ ਜਥੇ. ਲਾਲ ਸਿੰਘ ਰਣਜੀਤਗਡ਼੍ਹ ਆਦਿ ਕਾਲੋਨੀ ਵਾਸੀ ਤੇ ਅਕਾਲੀ ਵਰਕਰ ਮੌਜੂਦ ਸਨ।
