ਨੌਕਰੀ ਤੋਂ ਬਰਖ਼ਾਸਤ ਮਾਝੀ ਟੋਲ ਦੇ ਵਰਕਰਾਂ ਵੱਲੋਂ ਪ੍ਰਬੰਧਕਾਂ ਖਿਲਾਫ਼ ਪ੍ਰਦਰਸ਼ਨ
Wednesday, Sep 16, 2020 - 02:58 PM (IST)
ਭਵਾਨੀਗੜ੍ਹ (ਵਿਕਾਸ, ਸੰਜੀਵ, ਕਾਂਸਲ) : ਮਾਝੀ ਟੋਲ ਪਲਾਜ਼ਾ 'ਤੇ ਨੌਕਰੀ ਕਰਦੇ ਵਰਕਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ 'ਤੇ ਭੜਕੇ ਟੋਲ ਪਲਾਜ਼ਾ ਵਰਕਰਾਂ ਵੱਲੋਂ ਅੱਜ ਇੱਥੇ ਪ੍ਰਦਰਸ਼ਨ ਕੀਤਾ ਗਿਆ ਅਤੇ ਕੰਪਨੀ ਦੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਮਾਲਵਾ ਜ਼ੋਨ ਦੇ ਟੋਲ ਪਲਾਜ਼ਾ ਵਰਕਰਾਂ ਨੇ ਦੋਸ਼ ਲਾਉਂੰਦਿਆ ਆਖਿਆ ਕਿ ਟੋਲ ਕੰਪਨੀ ਸ਼ਰੇਆਮ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਵਰਕਰਾਂ ਦਾ ਸੋਸ਼ਣ ਕਰਨ 'ਤੇ ਤੁਲੀ ਹੋਈ ਹੈ ਅਤੇ ਲੰਮੇ ਸਮੇਂ ਤੋਂ ਵਰਕਰਾਂ ਦੇ ਲੱਖਾਂ ਰੁਪਏ ਬਕਾਏ ਦੀ ਅਦਾਇਗੀ ਨਹੀਂ ਕੀਤੀ ਗਈ। ਕੰਪਨੀ ਵੱਲੋਂ ਵਰਕਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀ ਗਈ ਅਤੇ ਹੁਣ ਜੇਕਰ ਵਰਕਰਾਂ ਨੇ ਕਿਰਤ ਕਾਨੂੰਨ ਮਹਿਕਮੇ ਕੋਲ ਇਸ ਸਬੰਧੀ ਅਪੀਲ ਦਾਇਰ ਕੀਤੀ ਤਾਂ ਬੌਖਲ਼ਾਹਟ 'ਚ ਆ ਕੇ ਕੰਪਨੀ ਪ੍ਰਬੰਧਕ ਧੱਕੇਸ਼ਾਹੀ 'ਤੇ ਉਤਰ ਆਏ ਅਤੇ 24 ਵਰਕਰਾਂ ਨੂੰ ਜ਼ਬਰੀ ਨੌਕਰੀ ਤੋਂ ਹਟਾਉਣ ਦੇ ਫ਼ਰਮਾਨ ਜਾਰੀ ਕਰ ਦਿੱਤੇ।
ਇਹ ਵੀ ਪੜ੍ਹੋ : ਸੁਖਬੀਰ ਦੇ ਆਰਡੀਨੈਂਸ ਬਿੱਲ ਵੋਟਿੰਗ ਵਾਲੇ ਬਿਆਨ 'ਤੇ 'ਤੱਤੇ' ਹੋਏ ਭਗਵੰਤ ਮਾਨ
ਆਗੂਆਂ ਨੇ ਕਿਹਾ ਕਿ 10-10 ਸਾਲਾਂ ਤੋਂ ਨੌਕਰੀ ਕਰ ਰਹੇ ਵਰਕਰਾਂ ਨੂੰ ਕੰਪਨੀ ਵੱਲੋਂ ਕੋਰੋਨਾਂ ਦੀ ਆੜ 'ਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਜੇਕਰ ਟੋਲ ਪਲਾਜ਼ਾ ਕੰਪਨੀ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੁਣਵਾਈ ਨਹੀਂ ਕਰਦੀ ਤਾਂ ਵਰਕਰ ਯੂਨੀਅਨ ਨੂੰ ਵੱਡੇ ਪੱਧਰ 'ਤੇ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਟੋਲ ਕੰਪਨੀ ਦੀ ਹੋਵੇਗੀ। ਇਸ ਮੌਕੇ ਮਾਝੀ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਦਵਿੰਦਰਪਾਲ ਸਿੰਘ ਭੱਟੀ ਪ੍ਰਧਾਨ ਕਾਲਾਝਾੜ ਟੋਲ ਪਲਾਜ਼ਾ ਵਰਕਰ ਯੂਨੀਅਨ, ਅਮਨ ਸ਼ਰਮਾ, ਮਨਪ੍ਰੀਤ ਸਿੰਘ, ਸਤਗੁਰ ਸਿੰਘ, ਮਨਪ੍ਰੀਤ ਸਿੰਘ ਚਹਿਲ, ਛਿੰਦਾ ਸਿੰਘ, ਪ੍ਰਦੀਪ ਸਿੰਘ, ਗੁਰਦੀਪ ਸਿੰਘ, ਹਰਮਨਜੀਤ ਸਿੰਘ ਚਹਿਲ ਆਦਿ ਹਾਜ਼ਰ ਸਨ। ਦੂਜੇ ਪਾਸੇ ਟੋਲ ਕੰਪਨੀ ਦੇ ਪ੍ਰਬੰਧਕਾਂ ਨਾਲ ਨਾਭਾ ਵਿਖੇ ਸਥਿਤ ਦਫ਼ਤਰ ਦੇ ਇੰਚਾਰਜ ਨਾਲ ਗੱਲਬਾਤ ਕਰਨ ਲਈ ਵਾਰ-ਵਾਰ ਸੰਪਰਕ ਕੀਤਾ ਗਿਆ ਪਰ ਫੋਨ 'ਤੇ ਗੱਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਨੈਸ਼ਨਲ ਹਾਈਵੇਅ ਤੋਂ ਪਿਸਤੌਲ ਦੀ ਨੋਕ 'ਤੇ ਵਰਨਾ ਕਾਰ ਖੋਹਣ ਵਾਲੇ ਤਿੰਨ ਗ੍ਰਿਫ਼ਤਾਰ