ਦਿੱਲੀ ’ਚ ਲੋਕਤੰਤਰ ਦੀ ਜਿੱਤ ਹੋਈ, ਕੇਜਰੀਵਾਲ ਨੇ ਲੋਕਾਂ ਦੇ ਹੱਕਾਂ ਲਈ ਲੜੀ ਲੜਾਈ : ਭਗਵੰਤ ਮਾਨ
Thursday, Feb 23, 2023 - 02:00 PM (IST)
ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ’ਚ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਮੇਅਰ ਦੀ ਚੋਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਆਖਿਰਕਾਰ ਲੋਕਤੰਤਰ ਦੀ ਜਿੱਤ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਬਦਲਾਅ ਦਾ ਅਸਰ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਦੇ ਹੱਕਾਂ ਲਈ ਲੜਾਈ ਲੜੀ ਹੈ ਅਤੇ ਉਹ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ’ਚ ਭਾਜਪਾ ਵੱਲੋਂ ਜਿਸ ਤਰ੍ਹਾਂ ਵਾਰ-ਵਾਰ ਮੇਅਰ ਦੀ ਚੋਣ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਨੂੰ ਦਿੱਲੀ ਦੇ ਲੋਕਾਂ ਨੇ ਪਸੰਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਖੀਰ ’ਚ ਲੋਕਾਂ ਦੇ ਦਬਾਅ ਕਾਰਨ ਚੋਣ ਮੁਲਤਵੀ ਕਰਨ ਅਤੇ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਅੰਤ ’ਚ ਜਨਤਾ ਅਤੇ ਲੋਕਤੰਤਰ ਦੀ ਜਿੱਤ ਹੋਈ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੂੰ ਜਰਮਨ ਕੰਪਨੀ ਨੇ ਪੰਜਾਬ ’ਚ ਨਿਵੇਸ਼ ਦਾ ਕਰਨ ਦਾ ਦਿੱਤਾ ਭਰੋਸਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਥੋੜ੍ਹੇ ਸਮੇਂ ’ਚ ਹੀ ਆਮ ਆਦਮੀ ਪਾਰਟੀ ਨੇ ਦੇਸ਼ ’ਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਦਿੱਲੀ ’ਚ ਸਰਕਾਰ ਬਣੀ। ਫਿਰ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਉਸ ਤੋਂ ਬਾਅਦ ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ, ਜਿਸ ਕਾਰਨ ‘ਆਪ’ ਰਾਸ਼ਟਰੀ ਪਾਰਟੀ ਬਣ ਗਈ। ਹੁਣ ਦਿੱਲੀ ਨਗਰ ਨਿਗਮ ’ਚ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਪੰਜਾਬ ’ਚ ਵੀ ਆਮ ਆਦਮੀ ਪਾਰਟੀ ਨੂੰ ਜਨਤਾ ਨੇ ਵੱਡਾ ਫਤਵਾ ਦਿੱਤਾ, ਜਿਸ ਕਾਰਨ ਪਾਰਟੀ 92 ਸੀਟਾਂ ’ਚ ਕਾਮਯਾਬ ਹੋਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਾਡੀ ਸਰਕਾਰ ਨੇ ਪਿਛਲੇ 11 ਮਹੀਨਿਆਂ ਦੇ ਅੰਦਰ ਇਤਿਹਾਸਕ ਫੈਸਲੇ ਲਏ, ਜੋ ਪਿਛਲੀ ਕੋਈ ਵੀ ਸਰਕਾਰ ਨਹੀਂ ਲੈ ਸਕੀ।
ਇਹ ਵੀ ਪੜ੍ਹੋ : PPCC ਪ੍ਰਧਾਨ ਰਾਜਾ ਵੜਿੰਗ ਦਾ ਦਾਅਵਾ, ਜਲੰਧਰ ਲੋਕ ਸਭਾ ਸੀਟ ਕਾਇਮ ਰੱਖੇਗੀ ਕਾਂਗਰਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ