ਬਿਜਲੀ ਕਾਮਿਆਂ ਨੇ ਮੈਨੇਜਮੈਂਟ ਦੀ ਫੂਕੀ ਅਰਥੀ
Saturday, Aug 18, 2018 - 01:27 AM (IST)

ਫ਼ਰੀਦਕੋਟ,(ਹਾਲੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਡਵੀਜ਼ਨ ਫ਼ਰੀਦਕੋਟ ਵੱਲੋਂ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ 22 ਅਗਸਤ ਤੱਕ ਮੈਨੇਜਮੈਂਟ ਦੀ ਅਰਥੀ ਫ਼ੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਲਡ਼ੀ ਤਹਿਤ ਡਵੀਜ਼ਨ ਫ਼ਰੀਦਕੋਟ ਵਿਖੇ ਪਾਵਰਕਾਮ ਦੀ ਮੈਨੇਜਮੈਂਟ ਦੀ ਅਰਥੀ ਫ਼ੂਕੀ ਗਈ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਵੱਖ-ਵੱਖ ਮੀਟਿੰਗਾਂ ਵਿਚ ਮੰਗਾਂ ਨੂੰ ਮੰਨ ਕੇ ਹਰੇਕ ਮੀਟਿੰਗ ’ਚ ਮੁਕਰਨ ਦਾ ਨਵਾਂ ਬਹਾਨਾ ਘਡ਼ਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਜਿਵੇਂ 23 ਸਾਲਾ ਸਕੇਲ ਬਿਨਾਂ ਸ਼ਰਤ ਹਰੇਕ ਮੁਲਾਜ਼ਮ ਨੂੰ ਦਿੱਤਾ ਜਾਵੇ, ਪੇ ਬੈਂਡ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਾਂਗ 1.12.11 ਤੋਂ ਦਿੱਤਾ ਜਾਵੇ, ਵਰਕਸ਼ਾਪਾਂ, ਥਰਮਲ ਪਲਾਂਟਾਂ ਨੂੰ ਚਾਲੂ ਕੀਤਾ ਜਾਵੇ, ਮੋਬਾਇਲ ਇੰਟਰਨੈੱਟ ਦੀ ਸਹੂਲਤ ਕਰਮਚਾਰੀਆਂ ਨੂੰ ਦਿੱਤੀ ਜਾਵੇ, ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦਾ ਫ਼ਾਰਮੂਲਾ ਲਾਗੂ ਕੀਤਾ ਜਾਵੇ। ਇਸ ਮੌਕੇ ਸਰਕਲ ਪ੍ਰਧਾਨ ਅਮਰਜੀਤ ਸਿੰਘ ਬਰਾਡ਼, ਸਕੱਤਰ ਗੁਰਪ੍ਰੀਤ ਸਿੰਘ, ਪ੍ਰੈੱਸ ਸਕੱਤਰ ਸ਼ਿਵਤਾਰ ਸਿੰਘ, ਡਵੀਜ਼ਨ ਪ੍ਰਧਾਨ ਗੁਰਚਰਨ ਸਿੰਘ ਗਿੱਲ, ਸਹਾਇਕ ਸਕੱਤਰ ਨਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।