ਲੁਟੇਰਿਆਂ ਦਾ ਸਾਫਟ ਟਾਰਗੈੱਟ ਬਣੇ ਗੈਸ ਏਜੰਸੀਆਂ ਦੇ ਡਲਿਵਰੀ ਮੈਨ, ਡੀਲਰਾਂ ਤੇ ਕਰਿੰਦਿਆਂ ’ਚ ਖੌਫ ਦਾ ਮਾਹੌਲ
Sunday, Mar 09, 2025 - 11:34 PM (IST)

ਲੁਧਿਆਣਾ (ਖੁਰਾਣਾ) - ਮਹਾਨਗਰੀ ’ਚ ਗੈਸ ਏਜੰਸੀਆਂ ਦੇ ਡਲਿਵਰੀਮੈਨ ਇਕ ਵਾਰ ਫਿਰ ਤੋਂ ਲੁਟੇਰਿਆਂ ਦਾ ਸਾਫਟ ਟਾਰਗੈੱਟ ਬਣਦੇ ਦਿਸ ਰਹੇ ਹਨ। ਅੱਜ ਦਿਨ-ਦਿਹਾੜੇ ਕੈਲਾਸ਼ ਇੰਟਰਪ੍ਰਾਈਜ਼ਿਜ਼ ਗੈਸ ਏਜੰਸੀ ਦੇ ਡਲਿਵਰੀਮੈਨ ਨਾਲ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵਲੋਂ ਲੁਧਿਆਣਾ ਜਲੰਧਰ ਹਾਈਵੇ ’ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਕੀਤੀ ਗਈ 31 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਤੋਂ ਬਾਅਦ ਗੈਸ ਏਜੰਸੀਆਂ ਦੇ ਡੀਲਰਾਂ ਅਤੇ ਕਰਿੰਦਿਆਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਬੇਖੌਫ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਦੁਪਹਿਰ ਦੇ ਸਮੇਂ ਕੈਲਾਸ਼ ਗੈਸ ਏਜੰਸੀ ਦੇ ਡਿਲੀਵਰੀ ਮੈਨ ਦੇ ਨਾਲ ਕੀਤੀ ਗਈ ਲੁੱਟ ਦੀ ਵਾਰਦਾਤ ਦੇ ਮਾਮਲੇ ’ਚ ਲੁਧਿਆਣਾ ਐਲ.ਪੀ.ਜੀ ਇੰਡੇਨ ਗੈਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਵੱਲੋਂ ਡੂੰਘੀ ਚਿੰਤਾ ਵਿਅਕਤ ਕਰਦੇ ਹੋਏ ਜ਼ਿਲਾ ਪੁਲਸ ਪ੍ਰਸ਼ਾਸਨ ਨਾਲ ਸਹਿਯੋਗ ਦੀ ਅਪੀਲ ਕੀਤੀ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਨੇ ਦੱਸਿਆ ਕਿ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜ਼ਿਆਦਾਤਰ ਨੌਜਵਾਨ ਨਸ਼ੇੜੀ ਹਨ ਜੋ ਕਿ ਨਸ਼ੇ ਲਈ ਗੈਸ ਏਜੰਸੀਆਂ ਦੇ ਫਿਲੀਵਰੀ ਮੈਨਾਂ ਨੂੰ ਘੇਰ ਕੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਅਤੇ ਵਿਰੋਧ ਕਰਨ ਤੇ ਡਿਲੀਵਰੀ ਮੈਨਾਂ ’ਤੇ ਜਾਨਲੇਵਾ ਹਮਲੇ ਕਰ ਦਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਡੀਲਰ ਭਾਈਚਾਰੇ ਵੱਲੋਂ ਆਪਣੇ ਸਾਰੇ ਡਿਲੀਵਰੀ ਮੈਨਾਂ ਨੂੰ ਲੁਟੇਰੇ ਅਤੇ ਨਸ਼ੇੜੀਆਂ ਵੱਲੋਂ ਘੇਰੇ ਜਾਣ ਦੀ ਸਥਿਤੀ ’ਚ ਆਪਣੀ ਜਾਣ ਬਚਾਉਣ ਲਈ ਲੁਟੇਰਿਆਂ ਦੀ ਗੱਲ ਮੰਨਣ ਸਬੰਧੀ ਨਸੀਹਤ ਦਿੱਤੀ ਜਾ ਰਹੀ ਹੈ ਤਾਕਿ ਕੈਸ਼ ਕਾਊੁਂਟਰ ਕਰ ਕੇ ਘੱਟ ਤੋਂ ਘੱਟ ਡਿਲੀਵਰੀ ਮੈਨ ਦੀ ਜਾਨ ਬਚਾਈ ਜਾ ਸਕੇ।
ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਲੁਧਿਆਣਾ ’ਚ ਲੁਟੇਰਿਆਂ ਅਤੇ ਨਸ਼ੇੜੀਆਂ ਵੱਲੋਂ ਜਿਆਦਾਤਰ ਗੈਸ ਏਜੰਸੀਆਂ ਦੇ ਡਿਲੀਵਰੀ ਮੈਨ ਦੇ ਨਾਲ ਲੁੱਟਖੋਹ ਤੋਂ ਇਕ ਤੋਂ ਬਾਅਦ ਇਕ ਕੀਤੀ ਗਈ ਦਰਜਨਾਂ ਵਾਰਦਾਤਾਂ ਦੇ ਮਾਮਲੇ ’ਚ ਜ਼ਿਲਾ ਪੁਲਸ ਪ੍ਰਸ਼ਾਸਨ ਵੱਲੋਂ ਡੀਲਰ ਐਸੋਸੀਏਸ਼ਨ ਦੀ ਸ਼ਿਕਾਇਤ ’ਤੇ ਵੱਡੀ ਕਾਰਵਾਈ ਕਰਦੇ ਹੋਏ ਕਈ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਡੀਲਰ ਭਾਈਚਾਰੇ ਵੱਲੋਂ ਇਕ ਵਾਰ ਫਿਰ ਤੋਂ ਪੁਲਸ ਪ੍ਰਸ਼ਾਸਨ ਨੂੰ ਗੈਸ ਏਜੰਸੀਆਂ ਦੇ ਕਰਿੰਦਿਆਂ ਦੀ ਰੱਖਿਆ ਅਤੇ ਸੁਰੱਖਿਆ ਲਈ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਡੀਲਰ ਭਾਈਚਾਰਾ ਅਤੇ ਸਾਰੀ ਗੈਸ ਏਜੰਸੀਆਂ ਦੇ ਡਿਲੀਵਰੀ ਮੈਨ ਬਿਨ੍ਹਾਂ ਕਿਸੇ ਡਰ ਦੇ ਸ਼ਹਿਰ ਭਰ ‘ਚ ਗੈਸ ਸਿਲੰਡਰਾਂ ਦੀ ਸਪਲਾਈ ਦਾ ਕੰਮ ਕਰ ਸਕਣ। ਉਥੇ ਹੀ ਦੂਜੇ ਪਾਸੇ ਬਿਤੇ ਦਿਨੀਂ ਜਗਰਾਓ ਦੇ ਪੇਂਡੂ ਇਲਾਕੇ ’ਚ ਲੁਟੇਰਿਆਂ ਵੱਲੋਂ ਗੈਸ ਏਜੰਸੀ ਦੇ ਡਿਲੀਵਰੀ ਮੈਨ ਨਾਲ ਕੀਤੀ ਗਈ ਲੁੱਟਖੋਹ ਦੀ ਵਾਰਦਾਤ ਦੇ ਵਿਰੋਧ ’ਚ ਡੀਲਰ ਭਾਈਚਾਰੇ ਨੇ ਲੁਟੇਰਿਆਂ ਵੱਲੋਂ ਲਗਾਤਾਰ ਕੀਤ ਜਾ ਰਹੀ ਵਾਰਦਾਤਾਂ ਦੇ ਖਿਲਾਫ ਇਲਾਕੇ ’ਚ ਗੈਸ ਸਿਲੰਡਰਾਂ ਦੀ ਡਿਲੀਵਰੀ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ।